ਹੁਸ਼ਿਆਰਪੁਰ ’ਚ ਓਪਰੇਸ਼ਨ ਕਾਸੋ ਦੌਰਾਨ 12 ਮਾਮਲੇ ਦਰਜ, 13 ਮੁਲਜ਼ਮ ਗ੍ਰਿਫਤਾਰ
- ‘ਯੁੱਧ ਨਸ਼ਿਆਂ ਵਿਰੁੱਧ’ ਭਵਿੱਖ ‘ਚ ਵੀ ਸਰਚ ਜਾਰੀ ਰਹੇਗੀ, ਨਸ਼ਾ ਸਮਗਲਰਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ : ਸੰਦੀਪ ਕੁਮਾਰ ਮਲਿਕ
- ਏ.ਡੀ.ਜੀ.ਪੀ. ਨਰੇਸ਼ ਅਰੋੜਾ ਦੀ ਨਿਗਰਾਨੀ ‘ਚ ਚੱਲਿਆ ਕਾਸੋ ਓਪਰੇਸ਼ਨ
ਹੁਸ਼ਿਆਰਪੁਰ, 1 ਮਾਰਚ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾ ’ਤੇ ਸੂਬੇ ਭਰ ਵਿਚ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਚਲਾਏ ਗਏ ਓਪਰੇਸ਼ਨ ਕਾਸੋ ਅਧੀਨ ਹੁਸ਼ਿਆਰਪੁਰ ਪੁਲਿਸ ਵੱਲੋਂ ਐਨ.ਡੀ.ਪੀ. ਐਸ. ਐਕਟ ਤਹਿਤ 12 ਮਾਮਲੇ ਦਰਜ ਕਰਕੇ 12 ਮੁਲਜ਼ਮਾਂ ਅਤੇ ਇੱਕ ਭਗੌੜਾ ਗ੍ਰਿਫਤਾਰ ਕੀਤਾ ਗਿਆ।
ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਓਪਰੇਸ਼ਨ ਕਾਸੋ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਤੋਂ ਸ਼ੁਰਆਤ ਕਰਕੇ ਜਿਲੇ ਦੇ ਵੱਖ-ਵੱਖ ਖੇਤਰਾਂ ਵਿਚ ਪੁਲਿਸ ਟੀਮਾਂ ਵੱਲੋਂ ਸਰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਮੁੱਚਾ ਓਪਰੇਸ਼ਨ ਏ.ਡੀ.ਜੀ.ਪੀ. (ਮਨੁੱਖੀ ਅਧਿਕਾਰ) ਨਰੇਸ਼ ਅਰੋੜਾ ਦੀ ਨਿਗਰਾਨੀ ਹੇਠ ਹੋਇਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਸਮਗਲਰਾਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਲਈ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਵੇਚਣ ਵਾਲੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਨਸ਼ਿਆਂ ਦੇ ਹੋਟਸਪੋਟ ਖੇਤਰਾਂ ਵਿਚ ਵਿਸ਼ੇਸ਼ ਸਰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਸੀ. ਐਕਟ ਤਹਿਤ ਨਸ਼ਾ ਵੇਚਣ ਵਾਲੇ ਦੋਸ਼ੀਆਂ ਖਿਲਾਫ 12 ਮੁਕੱਦਮੇ ਦਰਜ ਕਰਕੇ 12 ਦੋਸ਼ੀਆਂ ਅਤੇ 01 ਪੀ.ਓ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ 20 ਗ੍ਰਾਮ ਹੀਰੋਇਨ, 255 ਗ੍ਰਾਮ ਨਸ਼ੀਲਾ ਪਾਊਡਰ, 1417 ਨਸ਼ੀਲੀਆਂ ਗੋਲੀਆਂ ਅਤੇ 5500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪੁਲਿਸ ਵਲੋਂ ਪਿਛਲੇ ਸਮਿਆਂ ਦੌਰਾਨ ਨਸ਼ਾ ਸਮਗਲਰਾਂ ਦੀ ਨਸ਼ੇ ਵੇਚ ਕੇ ਬਣਾਈ ਗਈ 20 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਜਾਇਦਾਦ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਨਸ਼ਿਆਂ ਦੇ ਸੋਦਾਗਰਾਂ ਖਿਲਾਫ਼ ਪੂਰੀ ਸਖਤੀ ਵਰਤਦਿਆਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।