ਸਪੈਸ਼ਲ ਡੀ ਜੀ ਪੀ ਅਰਪਤਿ ਸ਼ੁਕਲਾ ਨੇ ਮੋਹਾਲੀ ’ਚ ‘ਯੁਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਅਗਵਾਈ ਕੀਤੀ
ਹਰਜਿੰਦਰ ਸਿੰਘ ਭੱਟੀ
- ਕਿਹਾ, ਪੰਜਾਬ ਵਿੱਚ 25 ਜ਼ਿਲ੍ਹਿਆਂ ਅਤੇ 3 ਕਮਿਸ਼ਨਰੇਟ ਅਧੀਨ ਕਰੀਬ 228 ਹਾਟ-ਸਪਾਟ ਇਲਾਕਿਆਂ ’ਚ ਕੀਤੀ ਗਈ ਵਿਸ਼ੇਸ਼ ਚੈਕਿੰਗ ਮੁਹਿੰਮ
- ਪੰਜਾਬ ਦੀ ਨੌਜੁਆਨੀ ਦਾ ਪੁਨਰ ਵਸੇਬਾ ਅਤੇ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ
- ਸੂਬੇ ’ਚ 600 ਕਰੋੜ ਦੀ ਡਰੱਗ ਸਮੱਗਲਰਾਂ ਦੀ ਜਾਇਦਾਦ ਜ਼ਬਤ ਕੀਤੀ
- ਪੰਜਾਬ ਸਰਕਾਰ ਵੱਲੋਂ ਸਰਹੱਦੀ ਸੂਬਿਆਂ ’ਚ ਸੰਵੇਦਨਸ਼ੀਲ ਥਾਂਵਾਂ ’ਤੇ ਸੀ ਸੀ ਟੀ ਵੀ ਨਿਗਰਾਨੀ ਲਈ 40 ਕਰੋੜ ਦੀ ਰਾਸ਼ੀ ਮਨਜੂਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਮਾਰਚ, 2025: ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ‘ਯੁਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਬਣਾਈ ਰਣਨੀਤੀ ਤਹਿਤ ਅੱਜ ਮੋਹਾਲੀ ਵਿਖੇ ਸਪੈਸ਼ਲ ਡੀ ਜੀ ਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਦੀ ਅਗਵਾਈ ਵਿੱਚ ਬਲੌਂਗੀ ਇਲਾਕੇ ’ਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਅੱਜ 25 ਜ਼ਿਲ੍ਹਿਆਂ ਅਤੇ ਕਮਿਸ਼ਨਰੇਟ ਅਧੀਨ 228 ਹਾਟ-ਸਪਾਟ ਇਲਾਕਿਆਂ ਵਿੱਚ ‘ਘੇਰਾਬੰਦੀ ਅਤੇ ਤਲਾਸ਼ੀ ਅਪਰੇਸ਼ਨ’ (ਕਾਸੋ) ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਆਰੰਭੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਅੱਜ ਇਸ ਮੁਹਿੰਮ ਤਹਿਤ ਫ਼ੀਲਡ ਵਿੱਚ ਵੱਖ-ਵੱਖ ਥਾਂਵਾਂ ’ਤੇ ਅਗਵਾਈ ਅਤੇ ਨਿਗਰਾਨੀ ਕਰਨ ਲਈ ਭੇਜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ’ਚ ਅਪਰੇਸ਼ਨ ਕਾਸੋ ਦੌਰਾਨ 280 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਇੱਕ ਐਸ ਪੀ, 9 ਡੀ ਐਸ ਪੀ, ਤਿੰਨ ਟ੍ਰੈਫ਼ਿਕ ਇੰਚਾਰਜ ਅਤੇ 254 ਦੂਸਰੇ ਪੁਲਿਸ ਕਰਮਚਾਰੀ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 12 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਰਾਊਂਡ ਅੱਪ ਕੀਤਾ ਗਿਆ ਜਦਕਿ ਇੱਕ ਵਿਅਕਤੀ ਖ਼ਿਲਾਫ਼ ਨਸ਼ਾ ਬ੍ਰਾਮਦਗੀ ਦਾ ਪਰਚਾ ਦਰਜ ਕੀਤਾ ਗਿਆ।
ਉੁਨ੍ਹਾਂ ਖੁਦ ਵੀ ਡੀ ਆਈ ਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐਸ ਐਸ ਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਪਕ ਪਾਰੀਕ ਨਾਲ ਇਸ ਤਲਾਸ਼ੀ ਅਭਿਆਨ ’ਚ ਹਿੱਸਾ ਲਿਆ।
ਸ੍ਰੀ ਸ਼ੁਕਲਾ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਦੀ ਨਸ਼ਾ ਪੀੜਤ ਨੌਜੁਆਨੀ ਦੇ ਪੁਨਰ ਵਸੇਬੇ ਦੇ ਯਤਨ ਕਰਨ ਤੋਂ ਇਲਾਵਾ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਪਿਛਲੇ ਸਾਲ ਜਿਨ੍ਹਾਂ ਦਰੱਗ ਸਮੱਗਲਰਾਂ ਪਾਸੋਂ ਨਸ਼ੇ ਦੀ ਕਮਰਸ਼ੀਅਲ ਮਾਤਰਾ ਬਰਾਮਦ ਹੋਈ, ਉਨ੍ਹਾਂ ਦੀ ਕਰੀਬ 600 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ ਨੇ ਸਰਹੱਦ ਪਾਰੋਂ ਨਸ਼ੇ ਦੀ ਖੇਪ ’ਤੇ ਕਾਬੂ ਪਾਉਣ ਦੇ ਮੀਡੀਆ ਵੱਲੋਂ ਪੁੱਛੇ ਸੁਆਲ ਦੇ ਜੁਆਬ ’ਚ ਕਿਹਾ ਕਿ ਸੂਬੇ ਦੇ 7 ਜ਼ਿਲ੍ਹੇ ਅੰਤਰ ਰਾਸ਼ਟਰੀ ਸਰਹੱਦ ਨਾਲ ਲੱਗਦੇ ਹਨ, ਜਿਨ੍ਹਾਂ ਦੀ 554 ਕਿਲੋਮੀਟਰ ਲੰਬੀ ਸਰਹੱਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋ ਡਰੋਨ ਜਾਂ ਹੋਰ ਮਾਧਿਅਮਾਂ ਰਾਹੀਂ ਨਸ਼ੇ ਦੀ ਬਰਾਮਦ ਰੋਕਣ ਲਈ ਬਾਰਡਰ ਸਕਿਓਰਟੀ ਫ਼ੋਰਸ ਨਾਲ ਪੂਰਾ ਤਾਲਮੇਲ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਵਲ ਡਿਫੈਂਸ ਲਾਈਨ ਨੂੰ ਵੀ ਮਜਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਲੇਜ ਡਿਫ਼ੈਂਸ ਕਮੇਟੀਆਂ ਦੀ ਇਸ ਮਾਮਲੇ ਵਿੱਚ ਭੂਮਿਕਾ ਬੜੀ ਸ਼ਲਾਘਾ ਯੋਗ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਸੰਵੇਦਨਸ਼ੀਲ ਥਾਂਵਾਂ ’ਤੇ ਰੋਕਥਾਮ ਅਤੇ ਨਿਗਰਾਨੀ ਵਜੋਂ ਸੀ ਸੀ ਟੀ ਵੀ ਕੈਮਰੇ ਲਗਵਾਉਣ ਲਈ 40 ਕਰੋੜ ਰੁਪਏ ਦੀ ਰਾਸ਼ੀ ਵੀ ਮਨਜੂਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਹ ਮੁਹਿੰਮ ਨਿਰੰਤਰ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿ ਪੰਜਾਬ ’ਚੋਂ ਨਸ਼ਿਆਂ ਦਾ ਸਫ਼ਾਇਆ ਨਹੀਂ ਹੋ ਜਾਂਦਾ।
ਇਸ ਮੌਕੇ ਐਸ ਪੀ (ਸਿਟੀ) ਹਰਵੀਰ ਸਿੰਘ ਅਟਵਾਲ, ਡੀ ਐਸ ਪੀ ਖਰੜ ਕਰਨ ਸਿੰਘ ਸੰਧੂ ਅਤੇ ਡੀ ਐਸ ਪੀ ਮੋਹਿਤ ਅਗਰਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।