ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਮਿਲੇਗੀ ਨਿਰਵਿਘਨ ਬਿਜਲੀ- ਜਮੀਲ ਉਰ ਰਹਿਮਾਨ
ਸ਼ਹਿਰ ਵਾਸੀਆਂ ਨੂੰ ਨਹੀਂ ਕਰਨਾ ਪਵੇਗਾ ਬਿਜਲੀ ਕੱਟਾਂ ਦਾ ਸਾਹਮਣਾ - ਵਧੀਕ ਨਿਗਰਾਨ ਇੰਜ. ਹਰਵਿੰਦਰ ਸਿੰਘ ਧੀਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 1 ਮਾਰਚ :2025
ਰਮਜ਼ਾਨ ਸ਼ਰੀਫ ਦੇ ਪਵਿੱਤਰ ਮਹੀਨੇ ਨੂੰ ਮੁੱਖ ਰੱਖਦੇ ਮਾਲੇਰਕੋਟਲਾ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਲਗਾਤਾਰ ਨਿਰਵਿਘਨ ਬਿਜਲੀ ਦੀ ਸਪਲਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪਵਿੱਤਰ ਮਹੀਨੇ ਦੌਰਾਨ ਮਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਿਨ ਅਤੇ ਰਾਤ ਨੂੰ ਇਬਾਦਤ ਕਰਦੇ ਹੋਏ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ।
ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਦੱਸਿਆ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਐਕਸ਼ੀਅਨ ਪੀ.ਐਸ.ਪੀ.ਸੀ.ਐਲ ਨੂੰ ਹਦਾਇਤਾ ਜਾਰੀ ਕਰ ਦਿੱਤੀਆਂ ਗਈਆ ਹਨ ਤਾਂ ਜੋ ਬੰਦਗੀ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।
ਵਧੀਕ ਨਿਗਰਾਨ ਇੰਜ. ਹਰਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਇਸ ਪਵਿੱਤਰ ਮਹੀਨੇ ਦੌਰਾਨ ਘਰਾਂ ਵਾਲੀ ਸਪਲਾਈ ਉੱਪਰ ਕੋਈ ਵੀ ਬਿਜਲੀ ਕੱਟ ਨਾ ਲਗਾਏ ਜਾਣ ਲਈ 08 ਨੰਬਰ ਗਰਿਡਾਂ ਤੋਂ ਚੱਲਦੇ 42 ਨੰਬਰ 11 ਕੇ.ਵੀ ਫੀਡਰਾਂ ਨੂੰ ਕੱਟ ਫਰੀ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਵਿਭਾਗ ਵਲੋਂ ਸਮੁੱਚੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਗਏ ਹਨ ਅਤੇ ਬਿਜਲੀ ਦੀ ਸਪਲਾਈ ਸਬੰਧੀ ਕੋਈ ਦਿੱਕਤ ਨਹੀਂ ਆਉਂਣ ਦਿੱਤੀ ਜਾਵੇਗੀ। ਜੇਕਰ ਫਿਰ ਵੀ ਸ਼ਹਿਰ ਦੇ ਕਿਸੇ ਇਲਾਕੇ ਵਿੱਚ ਬਿਜਲੀ ਸਪਲਾਈ ਵਿੱਚ ਕਿਸੇ ਤਰੀਕੇ ਦੀ ਖਰਾਬੀ ਆਉਂਦੀ ਹੈ ਤਾਂ ਬਿਜਲੀ ਅਮਲਾ ਸਮੱਸਿਆ ਦੇ ਨਿਪਟਾਰੇ ਲਈ 24×7 ਘੰਟੇ ਹਾਜਰ ਰਹੇਗਾ।