ਯੁੱਧ ਨਸ਼ਿਆਂ ਵਿਰੁੱਧ: ਦੋ ਥਾਵਾਂ ਤੇ ਚਲਾਏ ਕਾਸੋ ਅਪਰੇਸ਼ਨ ਦੌਰਾਨ ਬਠਿੰਡਾ ਪੁਲਿਸ ਨੂੰ ਅੰਸ਼ਿਕ ਸਫਲਤਾ
ਅਸ਼ੋਕ ਵਰਮਾ
ਬਠਿੰਡਾ, 1 ਮਾਰਚ 2025: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ੁੱਕਰਵਾਰ ਨੂੰ ਕੀਤੀ ਗਈ ਉੱਚ ਪੱਧਰੀ ਮੀਟਿੰਗ ਦੌਰਾਨ ਚੋਟੀ ਦੇ ਪੁਲਿਸ ਅਧਿਕਾਰੀਆਂ ਨੂੰ ਨਸ਼ਿਆਂ ਖਿਲਾਫ ਦਿੱਤੀਆਂ ਹਦਾਇਤਾਂ ਤੋਂ ਬਾਅਦ ਹੌਸਲੇ ਵਿੱਚ ਆਈ ਬਠਿੰਡਾ ਪੁਲਿਸ ਨੇ ਡੀਜੀਪੀ ਜਤਿੰਦਰ ਜੈਨ ਦੀ ਅਗਵਾਈ ਨਸ਼ਿਆਂ ਲਈ ਬਦਨਾਮ ਬਠਿੰਡਾ ਜ਼ਿਲ੍ਹੇ ਦੇ ਬੀੜ ਤਲਾਬ ਅਤੇ ਧੋਬੀਆਣਾ ਬਸਤੀ ਵਿੱਚ ਵੱਡੀ ਗਿਣਤੀ ਪੁਲਿਸ ਫੋਰਸ ਨਾਲ ਤਲਾਸ਼ੀ ਮੁਹਿੰਮ ਚਲਾਈ ਪਰ ਇਸ ਦੌਰਾਨ ਪੁਲਿਸ ਦੇ ਹੱਥ ਓਨਾ ਕੁੱਝ ਨਹੀਂ ਲੱਗ ਸਕਿਆ ਜਿੰਨੀ ਅਧਿਕਾਰੀਆਂ ਵੱਲੋਂ ਤਵੱਕੋ ਕੀਤੀ ਜਾ ਰਹੀ ਸੀ। ਦਰਅਸਲ ਬਠਿੰਡਾ ਪੁਲਿਸ ਵੱਲੋਂ ਅੱਜ ਸਵੇਰੇ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਸੀ ਕਿ ਪੁਲਿਸ ਟੀਮਾਂ ਇਹਨਾਂ ਦੋ ਥਾਵਾਂ ਤੇ ਕਾਸੋ ਆਪਰੇਸ਼ਨ ਚਲਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜਾਣਕਾਰੀ ਲੀਕ ਹੋਣ ਦਾ ਨਤੀਜਾ ਹੈ ਕਿ ਨਸ਼ੇ ਦੀ ਵਿੱਕਰੀ ਲਈ ਹਾਟ ਸਪੌਟ ਮੰਨੇ ਜਾਂਦੂ ਇਹਨਾਂ ਦੋ ਇਲਾਕਿਆਂ ਤੋਂ ਪੁਲਿਸ ਨੂੰ ਇੱਕ ਤਰ੍ਹਾਂ ਨਾਲ ਖਾਲੀ ਹੱਥ ਪਰਤਣਾ ਪਿਆ ਹੈ। ਇਹ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਬੁਲਡੋਜ਼ਰ ਕਾਰਵਾਈ ਤੋਂ ਬਾਅਦ ਨਸ਼ਾ ਤਸਕਰ ਚੌਕਸ ਸਨ ਅਤੇ ਉਹ ਇਹ ਪਹਿਲਾਂ ਹੀ ਇਧਰ ਉਧਰ ਖਿਸਕ ਗਏ ਜਿਸ ਦੇ ਚਲਦਿਆਂ ਪੁਲਿਸ ਨੂੰ ਕੋਈ ਸਫਲਤਾ ਹਾਸਲ ਨਾ ਹੋਈ।
ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਛੇ ਗ੍ਰਾਮ ਹੈਰੋਇਨ , 65 ਗ੍ਰਾਮ ਅਫੀਮ ਅਤੇ 40 ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਹਨ। ਇਸ ਬਰਾਮਦਗੀ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਹਨਾਂ ਦੱਸਿਆ 13 ਵਿਅਕਤੀਆਂ ਖਿਲਾਫ ਜਾਬਤੇ ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਛੇ ਗੱਡੀਆਂ ਵੀ ਇਸ ਕਾਰਵਾਈ ਦੌਰਾਨ ਕਬਜ਼ੇ ਵਿੱਚ ਲਈਆਂ ਹਨ। ਉਹਨਾਂ ਦੱਸਿਆ ਕਿ ਅੱਜ ਦੇ ਅਪਰੇਸ਼ਨ ਦੌਰਾਨ ਤਕਰੀਬਨ 150 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅੱਜ ਜਿਨ੍ਹਾਂ ਨਸ਼ਾ ਤਸਕਰਾਂ ਤੋਂ ਨਸ਼ੇ ਦੀ ਖੇਪ ਬਰਾਮਦ ਹੋਈ ਹੈ ਉਹਨਾਂ 'ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਸਾਲ 2025 ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 91 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਿੰਡਾਂ ਜਾਂ ਸ਼ਹਿਰਾਂ ਚ ਤੁਹਾਡੇ ਆਲੇ-ਦੁਆਲੇ ਕੋਈ ਵੀ ਤਸਕਰ ਨਸ਼ਾ ਵੇਚਦਾ ਹੈ ਤਾਂ ਉਹ ਪੁਲਿਸ ਦੇ ਟੋਲ ਫ਼ਰੀ ਜਾਂ ਵਟਸਐਪ ਨੰਬਰ 91155-02252 ਜਾਂ ਕੰਟਰੋਲ ਰੂਮ ਦੇ ਨੰਬਰ 75080-09080 'ਤੇ ਸੂਚਨਾ ਦੇ ਸਕਦੇ ਹਨ ਜਾਂ ਸਿੱਧਾ ਦਫ਼ਤਰ ਆ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਸੌਦਾਗਰ ਦਾ ਪਤਾ ਦੱਸਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਨਾਮ ਗੁਪਤ ਰੱਖਿਆ ਜਾਵੇਗਾ।
ਬੀੜ ਤਲਾਬ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਪੈਸ਼ਲ ਡੀਜੀਪੀ ਜਤਿੰਦਰ ਜੈਨ ਨੇ ਕਿਹਾ ਕਿ ਨਸ਼ੇ ਦੀ ਚੇਨ ਨੂੰ ਤੋੜਨ ਲਈ ਪੁਲਿਸ ਵਿਭਾਗ ਵੱਲੋਂ ਵਿਆਪਕ ਪਲਾਨ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਜਿੱਥੇ ਨਸ਼ੇ ਦੀ ਵੱਧ ਤਸਕਰੀ ਹੋ ਰਹੀ ਹੈ ਉਹਨਾਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਉਹਨਾਂ ਥਾਵਾਂ 'ਤੇ ਅਚਨਚੇਤ ਰੇਡ ਕੀਤੀ ਜਾਵੇਗੀ।ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਲੋਕਾਂ ਦੇ ਸਾਥ ਨਾਲ ਹੀ ਨਸ਼ੇ ਨੂੰ ਠੱਲ੍ਹ ਪਾਈ ਜਾਵੇਗੀ ਅਤੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਬਾਹਰੋਂ ਆ ਕੇ ਜੋ ਵਿਅਕਤੀ ਇੱਥੇ ਰਹਿੰਦੇ ਹਨ ਉਹਨਾਂ ਦੀ ਵੀ ਨਾਲ-ਨਾਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਡੀਆਈਜੀ ਬਠਿੰਡਾ ਰੇਂਜ ਸ ਹਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2025 ਦੇ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 67 ਦੇ ਕਰੀਬ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਉਹਨਾਂ ਕਿਹਾ ਕਿ ਡਰੱਗ ਡਿਸਪੋਜਲ ਦੀ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਸਾਲ 2025 ਜਨਵਰੀ ਤੋਂ ਲੈ ਕੇ ਹੁਣ ਤੱਕ 60 ਦੇ ਕਰੀਬ ਮੁਕੱਦਮਿਆਂ ਦਾ ਜੋ ਨਸ਼ੇ ਦੀ ਖੇਪ ਬਰਾਮਦ ਕੀਤੀ ਸੀ ਨੂੰ ਡਿਸਪੋਜ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦਾ ਨਸ਼ਾ ਸ਼ਾਮਿਲ ਸੀ।ਉਹਨਾਂ ਕਿਹਾ ਕਿ ਇਸ ਸਪੈਸ਼ਲ ਸਰਚ ਓਪਰੇਸ਼ਨ ਤਹਿਤ ਜਿੱਥੇ ਸਭ ਤੋਂ ਵੱਧ ਨਸ਼ੇ ਦੀ ਤਸਕਰੀ ਹੁੰਦੀ ਹੈ ਉਹ 20 ਹੋਟ ਸਪੋਟ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਤੇ ਅਚਨਚੇਤੀ ਛਾਪਾ ਮਾਰਿਆ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਬਖਸ਼ੇਗੀ ਨਹੀਂ।