ਮੌਸਮ ਅਨੁਸਾਰ ਕਣਕ ਦੀ ਫ਼ਸਲ ਲਈ ਕਿਸਾਨ ਖੇਤੀਬਾੜੀ ਮਾਹਿਰਾਂ ਦੀ ਸਲਾਹ ਲੈਣ: ਏ.ਡੀ.ਸੀ.
ਪਟਿਆਲਾ, 1 ਮਾਰਚ:
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਆਤਮਾ ਗਵਰਨਿੰਗ ਬੋਰਡ ਦੀ ਮੀਟਿੰਗ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਕਣਕ ਦੀ ਫ਼ਸਲ ਦਾ ਵਧੀਆਂ ਝਾੜ ਲੈਣ ਲਈ ਕਿਸਾਨਾਂ ਦੀ ਫ਼ਸਲ ਨੂੰ ਗਰਮੀ ਤੋਂ ਬਚਾਉਣ ਲਈ ਤਕਨੀਕੀ ਨੁਕਤੇ ਸਾਂਝੇ ਕੀਤੇ ਜਾਣ ਅਤੇ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਆਤਮਾ ਸਕੀਮ ਦਾ ਸਾਲ 2025-26 ਦਾ ਐਕਸ਼ਨ ਪਲਾਨ ਕਮੇਟੀ ਦੀਆਂ ਸਿਫ਼ਾਰਿਸ਼ਾਂ ਤਹਿਤ ਪ੍ਰਵਾਨ ਕੀਤਾ ਅਤੇ ਵੱਖ-ਵੱਖ ਵਿਭਾਗਾਂ ਨੂੰ ਆਤਮਾ ਸਕੀਮ ਅਧੀਨ ਕਿਸਾਨ ਹਿਤ ਵਿਚ ਗਤੀਵਿਧੀਆਂ ਕਰਨ ਲਈ ਕਿਹਾ।
ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਬੀਜੀ ਕਣਕ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਬਲਾਕ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਬਲਾਕ ਦੇ ਖੇਤੀਬਾੜੀ ਬਲਾਕ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ ਤੇ ਖੇਤੀਬਾੜੀ ਉਪ ਨਿਰੀਖਣ ਖੇਤਾਂ ਵਿੱਚ ਜਾ ਕੇ ਬੀਜੀ ਕਣਕ ਦਾ ਸਰਵੇਖਣ ਕਰ ਰਹੇ ਹਨ ਤਾਂ ਜੋ ਕਣਕ ਦੀ ਤਾਜ਼ਾ ਸਥਿਤੀ ਅਨੁਸਾਰ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾ ਸਕੇ। ਇਸ ਤਹਿਤ ਉਹਨਾਂ ਦੱਸਿਆ ਕਿ ਮੌਜੂਦਾ ਦਿਨਾਂ ਵਿਚ ਦਿਨ ਦਾ ਤਾਪਮਾਨ 18-23 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 8-10 ਡਿਗਰੀ ਸੈਲਸੀਅਸ ਚੱਲ ਰਿਹਾ ਹੈ।
ਉਹਨਾਂ ਦੱਸਿਆ ਕਿ ਜੇਕਰ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ ਹੋ ਸਕਦਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਤਾਪਮਾਨ ਦੇ ਵਾਧੇ ਦੇ ਅਸਰ ਨੂੰ ਘੱਟ ਕਰਨ ਲਈ ਕਿਸਾਨ ਆਪਣੀ ਕਣਕ ਦੀ ਫ਼ਸਲ ਉੱਪਰ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ (13:0:45) ਨੂੰ 200 ਲੀਟਰ ਪਾਣੀ ਵਿਚ ਮਿਲਾਕੇ ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗ੍ਰਾਮ ਸੈਲੀਸਿਲਕ ਐਸਿਡ ਨੂੰ 450 ਮਿਲੀਲਿਟਰ ਈਥਾਈਲ ਆਲਕੋਹਲ ਵਿਚ ਘੋਲਣ ਉਪਰੰਤ 200 ਲੀਟਰ ਪਾਣੀ ਵਿਚ ਘੋਲ ਕੇ ਪਹਿਲਾਂ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਸਰਾ ਛਿੱਟੇ ਵਿਚ ਦੁੱਧ ਪੈਣ ਸਮੇਂ ਕਰੋ। ਉਹਨਾਂ ਨੇ ਕਿਸਾਨਾਂ ਨੂੰ ਪੀਲੀ ਕੂੰਗੀ ਦੀ ਰੋਕਥਾਮ ਲਈ ਵੀ ਆਪਣੀ ਫ਼ਸਲ ਦਾ ਨਿਰੀਖਣ ਕਰਨ ਲਈ ਕਿਹਾ ਅਤੇ ਦੱਸਿਆ ਕਿ ਬਿਮਾਰੀ ਨਜ਼ਰ ਆਉਣ ਤੇ 120 ਗ੍ਰਾਮ ਨਟੀਵੋ ਜਾਂ 200 ਮਿਲੀਲਿਟਰ ਜਾਂ ਸ਼ਾਈਨ ਜਾਂ ਬੰਪਰ ਜਾਂ ਕੈਵੀਅਟ ਨੂੰ 200 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਸਪਰੇਅ ਕਰੋ।