ਮਰਨ ਦੇ ਡਰੋਂ ਘਰਵਾਲੀ ਦਾ ਆਸ਼ਕ ਨਾਲ ਕਰਵਾਇਆ ਵਿਆਹ, ਪੜ੍ਹੋ ਵੇਰਵਾ
ਬਾਬੂਸ਼ਾਹੀ ਨੈਟਵਰਕ
ਲਖਨਊ, 28 ਮਾਰਚ, 2025: ਯੂ.ਪੀ. ਵਿਚ ਇਕ ਵਿਅਕਤੀ ਨੇ ਮਰਨ ਦੇ ਡਰੋਂ ਆਪਣੀ ਘਰਵਾਲੀ ਦਾ ਉਸਦੇ ਆਸ਼ਕ ਨਾਲ ਵਿਆਹ ਕਰ ਦਿੱਤਾ ਹੈ।
ਇਹ ਘਟਨਾ ਉਸ ਵੇਲੇ ਵਾਪਰੀ ਹੈ ਜ਼ਦੋਂ ਮੇਰਠ ਵਿਚ ਪਤਨੀ ਵੱਲੋਂ ਆਸ਼ਕ ਨਾਲ ਮਿਲ ਕੇ ਪਤੀ ਦਾ ਕਤਲ ਕਰ ਕੇ ਉਸਦੇ ਟੁਕੜੇ ਕਰ ਕੇ ਲਾਸ਼ ਛੁਪਾ ਦੇਣ ਵਰਗਾ ਘਿਨੌਣਾ ਕਾਰਨਾਮਾ ਸਾਹਮਣੇ ਆਉਣ ਤੋਂ ਬਾਅਦ ਵਾਪਰੀ ਹੈ।
ਅਸਲ ਵਿਚ ਯੂ ਪੀ ਦੇ ਸੰਤ ਕਬੀਰ ਸਿੰਘ ਨਗਰ ਦੇ ਪਿੰਡ ਕਤਰ ਜੋਤ ਦੇ ਬਬਲੂ ਦਾ ਵਿਆਹ 2017 ਵਿਚ ਗੋਰਖਪੁਰ ਦੀ ਰਾਧਿਕਾ ਨਾਲ ਹੋਇਆ ਸੀ। ਜੋੜੇ ਦੇ ਦੋ ਬੱਚੇ ਵੀ ਹਨ।
ਬਬਲੂ ਬਾਹਰ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸਨੂੰ ਪਤਾ ਲੱਗਾ ਸੀ ਕਿ ਉਸਦੀ ਪਤਨੀ ਰਾਧਿਕਾ ਦੇ ਪਿੰਡ ਦੇ ਹੀ ਵਿਕਾਸ ਨਾਂ ਦੇ ਨੌਜਵਾਨ ਨਾਲ ਨਜਾਇਜ਼ ਸੰਬੰਧ ਬਣ ਗਏ ਹਨ। ਬਬਲੂ ਚੁਪਚੁਪੀਤੇ ਹੀ ਪਿੰਡ ਪਹੁੰਚ ਗਿਆ। ਉਸਨੇ ਪਤਨੀ ਦੇ ਸੰਬੰਧਾਂ ਬਾਰੇ ਪੜਤਾਲ ਕੀਤੀ ਤੇ ਫਿਰ ਪਿੰਡ ਦੇ ਹੀ ਬਜ਼ੁਰਗਾਂ ਨਾਲ ਰਾਇ ਕੀਤੀ ਕਿ ਅੱਜ ਕੱਲ੍ਹ ਪਤਨੀਆਂ ਆਸ਼ਕਾਂ ਨਾਲ ਮਿਲ ਕੇ ਪਤੀਆਂ ਦੇ ਕਤਲ ਕਰ ਰਹੀਆਂ ਹਨ। ਉਹ ਮਰਨਾ ਨਹੀਂ ਚਾਹੁੰਦਾ ਤੇ ਉਹ ਦੋਵੇਂ ਬੱਚੇ ਖੁਦ ਹੀ ਪਾਲ ਲਵੇਗਾ, ਇਸ ਲਈ ਉਹ ਪਤਨੀ ਦਾ ਉਸਦੇ ਆਸ਼ਕ ਵਿਕਾਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ।
ਇਸ ਮਗਰੋਂ ਪਿੰਡ ਦੇ ਹੀ ਸ਼ਿਵ ਮੰਦਿਰ ਵਿਚ ਬਜ਼ੁਰਗਾਂ ਦੀ ਹਾਜ਼ਰੀ ਵਿਚ ਰਾਧਿਕਾ ਦਾ ਵਿਕਾਸ ਨਾਲ ਵਿਆਹ ਕਰਵਾ ਦਿੱਤਾ ਗਿਆ। ਪਤੀ ਬਬਲੂ ਨੇ ਬਾਅਦ ਵਿਚ ਵਿਆਹ ਦੀ ਰਜਿਸਟਰੇਸ਼ਨ ਵਿਚ ਗਵਾਹੀ ਵੀ ਖੁਦ ਦਿੱਤੀ ਹੈ।