ਧਾਮੀ ਸਾਹਿਬ ਅਤੇ ਮੈਬਰਾਂ ਨੂੰ ਮੁੜ ਅਪੀਲ, ਸਿੰਘ ਸਾਹਿਬਾਨ ਦੀ ਬਹਾਲੀ ਲਈ ਵੱਖਰਾ ਮਤਾ ਲੈਕੇ ਆਓ - ਚਰਨਜੀਤ ਬਰਾੜ
- ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਕੇ ਕਰਵਾਈ ਜਾਵੇ, ਮਹਿਲਾ ਕਮਿਸ਼ਨ ਲਵੇ ਸ਼ੂ ਮੋਟੋ ਨੋਟਿਸ, ਕਿਰਦਾਰਕੁਸ਼ੀ ਕਰਨ ਵਾਲਿਆਂ ਖਿਲਾਫ FIR ਦਰਜ ਕਰਨ ਦੀ ਮੰਗ
- ਅਰਸ਼ਦੀਪ ਕਲੇਰ ਨੂੰ ਮਿਲੀ ਧਮਕੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ
ਚੰਡੀਗੜ੍ਹ, 27 ਮਾਰਚ 2025 - ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਲੀਡਰ ਸਰਦਾਰ ਚਰਨਜੀਤ ਸਿੰਘ ਬਰਾੜ ਵੱਲੋਂ ਅੱਜ ਮੀਡੀਆ ਦੇ ਮੁਖ਼ਾਤਿਬ ਹੁੰਦੇ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਮੇਤ ਸਮੁੱਚੇ ਸ਼੍ਰੋਮਣੀ ਕਮੇਟੀ ਮੈਬਰਾਂ ਨੂੰ ਅਪੀਲ ਕੀਤੀ ਕਿ, ਕੱਲ ਜਰਨਲ ਇਜਲਾਸ ਮੌਕੇ ਬਜਟ ਪੇਸ਼ ਕਰਨ ਤੋਂ ਪਹਿਲਾਂ ਹਟਾਏ ਗਏ ਸਿੰਘ ਸਾਹਿਬਾਨਾਂ ਦੀ ਮੁੜ ਬਹਾਲੀ ਕਰਨ ਲਈ ਵਿਸ਼ੇਸ਼ ਮਤਾ ਲਿਆਂਦਾ ਜਾਵੇ।
ਸਰਦਾਰ ਬਰਾੜ ਨੇ ਕਿਹਾ ਕਿ ਕੌਮ ਅਤੇ ਖਾਲਸਾ ਪੰਥ ਕੋਲ ਇਤਿਹਾਸਿਕ ਅਤੇ ਸੁਨਹਿਰੀ ਮੌਕਾ ਹੈ ਆਪਣੀਆਂ ਸੰਸਥਾਵਾਂ ਦੇ ਪ੍ਰਤੀ ਇੱਕਠੇ ਹੋਕੇ ਸਮਰਪਣ ਭਾਵਨਾ ਨਾਲ ਓਹਨਾ ਦੀ ਰਾਖੀ ਅਤੇ ਸਤਿਕਾਰ ਨੂੰ ਬਹਾਲ ਕਰਨ ਲਈ।
ਇਸ ਦੇ ਨਾਲ ਹੀ ਸਰਦਾਰ ਬਰਾੜ ਨੇ ਧਾਮੀ ਸਾਹਿਬ ਵਲੋ ਕੀਤੇ ਜਾ ਰਹੇ ਦਾਅਵਿਆਂ ਤੇ ਬੋਲਦਿਆਂ ਕਿਹਾ ਕਿ ਬੇਸ਼ਕ ਧਾਮੀ ਸਾਹਿਬ ਦਾਅਵਾ ਕਰ ਰਹੇ ਹਨ, ਹਟਾਏ ਗਏ ਸਿੰਘ ਸਾਹਿਬਾਨ ਦੀ ਸਨਮਾਨ ਨਾਲ ਸੇਵਾ ਮੁਕਤੀ ਹੋਏਗੀ, ਪਰ ਇਸ ਤੋਂ ਪਹਿਲਾਂ ਓਹਨਾ ਦੇ ਸਨਮਾਨ ਬਹਾਲੀ ਲਈ ਮੁੜ ਸੇਵਾ ਬਹਾਲ ਕੀਤੀ ਜਾਵੇ।
ਸਰਦਾਰ ਬਰਾੜ ਨੇ ਕਿਹਾ ਕਿ ਅੱਜ ਦਮਦਮੀ ਟਕਸਾਲ, ਜਿਹੜੀ ਗ੍ਰੰਥੀ ਸਿੰਘਾਂ ਤੇ ਕਥਾਵਾਚਕਾਂ ਦੀ ਨਰਸਰੀ ਹੈ, ਉਸ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਅਤੇ ਨਾਮਧਾਰੀ ਸੰਪਰਦਾ ਵੀ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਵਿੱਚ ਪਾਸ ਕੀਤੇ ਮਤਿਆਂ ਨਾਲ ਸਹਿਮਤ ਨਹੀਂ ਹਨ, ਅਜਿਹੇ ਵਿੱਚ ਇਹਨਾਂ ਫੈਸਲਿਆਂ ਅਤੇ ਮਤਿਆਂ ਤੇ ਮੁੜ ਵਿਚਾਰ ਕਰਦੇ ਹੋਏ, ਪਾਸ ਮਤਿਆਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
ਸਰਦਾਰ ਬਰਾੜ ਨੇ ਕਿਹਾ ਕਿ, ਅੱਜ ਸੁਖਬੀਰ ਬਾਦਲ ਧੜਾ, ਇਹ ਦਾਅਵਾ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਸਾਰੇ ਹੁਕਮਨਾਮੇ ਮੰਨੇ ਗਏ ਹਨ, ਸੱਚਾਈ ਤਾਂ ਇਹ ਹੈ ਕਿ, ਸੁਖਬੀਰ ਬਾਦਲ ਧੜੇ ਨੇ ਹੁਕਮਨਾਮਾ ਸਾਹਿਬ ਨੂੰ ਮੰਨਣ ਦੀ ਬਜਾਏ ਹੁਕਮਨਾਮਾ ਸਾਹਿਬ ਨੂੰ ਜਾਰੀ ਕਰਨ ਵਾਲੇ ਸਿੰਘ ਸਾਹਿਬਾਨ ਨੂੰ ਜਲੀਲ ਕਰਕੇ ਹਟਾਉਣ ਦਾ ਕੰਮ ਕਰਵਾਇਆ। ਅਸਤੀਫ਼ਾ ਦੇ ਚੁੱਕੇ ਆਗੂਆਂ ਦੇ ਹੁਕਮਨਾਮਾ ਦੀ ਭਾਵਨਾ ਤਹਿਤ ਸਵੀਕਾਰ ਨਾ ਕਰਕੇ ਸਿੱਖੀ ਸਿਧਾਂਤਾ ਤੇ ਹਮਲਾ ਕੀਤਾ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਵਾਰ-ਵਾਰ ਸੁਖਬੀਰ ਬਾਦਲ ਧੜਾ ਕਦੇ ਬੀਜੇਪੀ ਨਾਲ, ਕਦੇ ਆਰਐਸਐਸ ਨਾਲ ਸਾਂਝ ਦੇ ਬੇਬੁਨਿਆਦ ਦੋਸ਼ ਲਗਾਉਂਦਾ ਹੈ, ਪਰ ਸੱਚਾਈ ਤਾਂ ਇਹ ਹੈ ਕਿ 1997 ਤੋ ਲੈਕੇ 2021 ਤੱਕ ਸਭ ਤੋਂ ਵੱਡੀ ਸਾਂਝ ਇਹਨਾ ਲੋਕਾਂ ਦੀ ਰਹੀ ਅਤੇ ਜਿਹੜੀ ਮੌਜੂਦਾ ਸਮੇਂ ਵੀ ਜਾਰੀ ਹੈ, ਜਿਸ ਦੀ ਤਾਜਾ ਮਿਸਾਲ ਵਿਆਹ ਦੇ ਪ੍ਰੋਗਰਾਮ ਵਿੱਚ ਬੀਜੇਪੀ ਸਮੇਤ ਕਾਂਗਰਸ ਤੱਕ ਵੀ ਆਗੂ ਬੁਲਾਏ ਗਏ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਮੀਡੀਆ ਹਾਊਸ ਨੇ ਕੇਂਦਰੀ ਮੰਤਰੀ ਤੋ ਬੀਜੇਪੀ ਦੇ ਵੱਡੇ ਆਗੂ ਇਕਬਾਲ ਸਿੰਘ ਲਾਲਪੁਰਾ ਨੂੰ ਯੀਅਰ ਆਫ ਦਿ ਆਇਕੋਂਨ ਐਵਾਰਡ ਦਿੱਤਾ ਤੇ ਇਲਜਾਮ ਦੂਜਿਆਂ ਤੇ ਲਗਾਏ ਜਾਂਦੇ ਹਨ।
ਸਰਦਾਰ ਬਰਾੜ ਵਲੋ ਅਰਸ਼ਦੀਪ ਕਲੇਰ ਨੂੰ ਫੋਨ ਤੇ ਦਿੱਤੀ ਗਈ ਧਮਕੀ ਦੀ ਸਖ਼ਤ ਸ਼ਬਦਾਂ ਵਿੱਚ ਸਖ਼ਤ ਨਿੰਦਾ ਕੀਤੀ । ਸਰਦਾਰ ਬਰਾੜ ਨੇ ਕਿਹਾ ਕਿ ਓਹ ਹਮੇਸ਼ਾ ਅਹਿੰਸਾ ਦੇ ਸਮਰਥਕ ਰਹੇ ਹਨ। ਅਰਸ਼ਦੀਪ ਕਲੇਰ ਨੂੰ ਧਮਕੀ ਮਿਲਣਾ, ਲੋਕਤੰਤਰ ਕਦਰਾਂ ਕੀਮਤਾਂ ਦੇ ਖਿਲਾਫ ਹੈ। ਸਰਦਾਰ ਬਰਾੜ ਨੇ ਕਿਹਾ ਕਿ ਜਿਸ ਮੀਟਿੰਗ ਦਾ ਵਾਰ-ਵਾਰ ਦਾਅਵਾ ਕੀਤਾ ਜਾ ਰਿਹਾ ਹੈ, ਓਹ ਮੀਟਿੰਗ ਕਿਸ ਨੇ ਕਰਵਾਈ, ਕਿਸ ਨੇ ਸੁਨੇਹਾ ਦਿੱਤਾ, ਉਸ ਦੀ ਲੋੜ ਪੈਣ ਤੇ ਸਬੂਤਾਂ ਸਮੇਤ ਲੋੜ ਪੈਣ ਤੇ ਗੱਲ ਸਾਫ ਕੀਤੀ ਜਾਵੇਗੀ। ਡਾਕਟਰ ਦਲਜੀਤ ਚੀਮਾ ਵਲੋ ਆਪਣੇ ਪ੍ਰਤੀ ਵਰਤੀ ਭਾਸ਼ਾ ਤੇ ਸਰਦਾਰ ਬਰਾੜ ਨੇ ਕਿਹਾ ਕਿ, ਜਿਹੜੇ ਦੋਸ਼ ਲਗਾਕੇ ਗਏ ਹਨ, ਓਹ ਮੰਦਭਾਗੇ ਹਨ, ਅਜਿਹੇ ਵਿੱਚ ਆਉਣ ਵਾਲੇ ਸਮੇਂ ਅੰਦਰ ਕਾਨੂੰਨੀ ਰਾਏ ਲੈਕੇ ਅਗਲੀ ਕਾਰਵਾਈ ਆਰੰਭੀ ਜਾਵੇਗੀ ਅਤੇ ਡਾਕਟਰ ਚੀਮਾ ਨੂੰ ਸਖ਼ਤ ਤਾੜਨਾ ਵੀ ਕੀਤੀ ਕਿ, ਅਜਿਹੀ ਭਾਸ਼ਾ ਵਰਤਣ ਤੋ ਗੁਰੇਜ ਕਰਨ ਜਿਸ ਨਾਲ ਨਫ਼ਰਤ ਦੀ ਰਾਜਨੀਤੀ ਨੂੰ ਬੜਾਵਾ ਮਿਲੇ।
ਸਰਦਾਰ ਬਰਾੜ ਨੇ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਹੋਇਆ ਸੀ ਤਾਂ ਓਹਨਾ ਨੇ ਸਭ ਤੋਂ ਪਹਿਲਾਂ ਨਿੰਦਾ ਕੀਤੀ। ਸਾਡੇ ਲੋਕਤੰਤਰੀ ਦੇਸ਼ ਅਤੇ ਸਿਸਟਮ ਵਿੱਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ। ਸੁਖਬੀਰ ਸਿੰਘ ਬਾਦਲ ਵਾਲੀ ਘਟਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਹਾਨਤਾ ਵਾਲੇ ਸੰਦੇਸ਼ ਨੂੰ ਠੇਸ ਪਹੁੰਚਾਈ।
ਇਸ ਦੇ ਨਾਲ ਹੀ ਸਰਦਾਰ ਬਰਾੜ ਨੇ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਤੇ ਬੋਲਦਿਆਂ ਕਿਹਾ ਕਿ ਸਮੇਂ ਨਾਲ ਸੱਚ ਸਭ ਦੇ ਸਾਹਮਣੇ ਆਇਆ ਹੈ। ਓਹਨਾ ਜੋਰ ਦੇਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ, ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਕੇ ਕਰਵਾਈ ਜਾਵੇ। ਇਸ ਤੋਂ ਇਲਾਵਾ ਵੂਮੈਨ ਕਮਿਸ਼ਨ ਸਾਹਮਣੇ ਆਈ ਰਿਪੋਰਟ ਤੇ ਸ਼ੂ ਮੋਟੋ ਨੋਟਿਸ ਲੈਕੇ ਓਹਨਾ ਲੋਕਾਂ ਖ਼ਿਲਾਫ਼ FIR ਦਰਜ ਕਰਨ ਦੇ ਹੁਕਮ ਦੇਵੇ ਜਿਨ੍ਹਾਂ ਨੇ ਸਿੱਖਾਂ ਦੀ ਮਹਾਨ ਸੰਸਥਾ ਦੀ ਸੇਵਾ ਕਰ ਰਹੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਵਾਈ।