ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੀ 5 ਮੈਂਬਰੀ ਕਮੇਟੀ ਸਮਾਣਾ ’ਚ ਅਕਾਲੀ ਦਲ ਦੀ ਕਰੇਗੀ ਭਰਤੀ-ਸੁਰਜੀਤ ਸਿੰਘ ਰੱਖੜਾ
ਪਟਿਆਲਾ 27 ਮਾਰਚ 2025 :ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਥਾਪੀ 5 ਮੈਂਬਰੀ ਕਮੇਟੀ ਵਲੋਂ ਸਮਾਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਵੱਡੇ ਪੱਧਰ ’ਤੇ ਕਰਨ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸਮਾਣਾ ਵਿਖੇ 31 ਮਾਰਚ ਨੂੰ ਸਵੇਰੇ 10 ਵਜੇ ਸਮਰਾਟ ਪੈਲੇਸ ਵਿਖੇ ਮੈਂਬਰਸ਼ਿਪ ਭਰਤੀ ਕੀਤੀ ਜਾਵੇਗੀ। ਇਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਥਾਪੇ 5 ਕਮੇਟੀ ਮੈਂਬਰ ਜਿਨ੍ਹਾਂ ਵਿਚ ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ, ਇਕਬਾਲ ਸਿੰਘ ਝੂੰਦਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਭਰਤੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਭਰਤੀ ਵਿਚ ਸਮਾਣਾ ਹਲਕੇ ਦੇ ਨਾਲ ਨਾਲ ਪੰਜਾਬ ਤੇ ਹੋਰ ਆਗੂ ਅਤੇ ਵਰਕਰ ਬੜੇ ਉਤਸ਼ਾਹ ਨਾਲ ਇਥੇ ਵੱਡੇ ਇਕੱਠੇ ਦੇ ਰੂਪ ਵਿਚ ਪੁੱਜਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਇਹ ਭਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਹੋਇਆ ਹੈ ਅਤੇ ਪੰਥ ਅਤੇ ਸਿੱਖ ਸਿਆਸਤ ਨੂੰ ਪ੍ਰਫੁਲਿਤ ਕਰਨ ਲਈ ਸਭਨਾਂ ਨੂੰ ਅੱਗੇ ਹੋ ਕੇ ਭਰਤੀ ਵਿਚ ਭਾਗ ਲੈਣਾ ਚਾਹੀਦਾ ਹੈ।
ਰੱਖੜਾ ਨੇ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਇਕ ਸੰਘਰਸ਼ ਅਤੇ ਵਿਸ਼ੇਸ਼ ਵਿਰਾਸਤ ਦੀ ਦੇਣ ਹੈ ਪਰ ਕੁਝ ਆਗੂਆਂ ਦੇ ਆਪ ਹੁੰਦਰੇ ਫੈਸਲਿਆਂ ਕਰਕੇ ਇਸ ਪਾਰਟੀ ਦੀ ਹੋਂਦ ਨੂੰ ਵੱਡੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਅਤੇ ਖੇਤਰੀ ਪਾਰਟੀ ਦੀ ਹੋਂਦ ਇਕੱਲੇ ਸਿੱਖਾਂ ਲਈ ਨਹੀਂ ਬਲਕਿ ਪੂਰੇ ਪੰਜਾਬ ਲਈ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਪਾਰਟੀ ਪ੍ਰਤੀ ਹਲਾਤ ਪੈਦਾ ਹੋਏ ਹਨ ਉਸ ਤੋਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਬਲਕਿ ਇਸ ਨੂੰ ਅਕਾਲ ਪੁਰਖ ਦੀ ਕਿਰਪਾ ਸਮਝਦੇ ਹੋਏ ਇਸ ਨੂੰ ਮੁੜ ਉਭਰਨ ਦੀ ਕਾਰਵਾਈ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਅੱਗੇ ਵਧੀ ਹੈ। ਅੱਜ ਵੀ ਜੇਕਰ ਇਸ ਪਾਰਟੀ ਨੂੰ ਕੋਈ ਮੁਸ਼ਕਲ ਆਈ ਹੈ ਤਾਂ ਫਿਰ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਦਿਸ਼ਾ ਦਿੰਦੇ ਹੋਏ ਮੁੜ ਮਜ਼ਬੂਤ ਕਰਨ ਲਈ ਸਾਨੂੰ ਇਕ ਤਰ੍ਹਾਂ ਦੀ ਸੇਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਭਰਤੀ ਵਿਚ ਫਰਜ ਦੇ ਨਾਲ ਨਾਲ ਸੇਵਾ ਸਮਝਕੇ ਵਧ ਚੜ੍ਹਕੇ ਹਿੱਸਾ ਲੈਣ ਦੇ ਨਾਲ ਦੂਜਿਆਂ ਨੂੰ ਵੀ ਇਸ ਭਰਤੀ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਸਭ ਨੂੰ ਇਸ ਭਰਤੀ ’ਚ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਕਰਦਿਆਂ ਆਖਿਆ ਕਿ ਇਥੇ ਲੰਗਰ ਅਤੇ ਹੋਰ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ।