ਗਿਆਨਦੀਪ ਮੰਚ ਨੇ ਮਾਂ ਬੋਲੀ ਦਿਵਸ ਮਨਾਇਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 21 ਫ਼ਰਵਰੀ 2025 - ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੱਦੇ ‘ਤੇ ਭਾਸ਼ਾ ਵਿਭਾਗ ਦੇ ਵਿਹੜੇ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਬੈਠਕ ਦੌਰਾਨ ਜਿੱਥੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਸਤਿਕਾਰ ਲਈ ਅਹਿਦ ਲਏ ਗਏ ਉਥੇ ਮਾਂ ਬੋਲੀ ਨੂੰ ਮਹੱਤਵ ਨਾ ਦੇਣ ਪ੍ਰਤੀ ਸਮੇਂ ਦੀਆਂ ਸਰਕਾਰਾਂ ਦੀ ਉਦਾਸੀਨਤਾ ‘ਤੇ ਸਵਾਲ ਉਠਾਉਂਦਿਆਂ ਹਾਜ਼ਰੀਨ ਵੱਲੋਂ ਫਿਕਰ ਵੀ ਜ਼ਾਹਰ ਕੀਤੇ ਗਏ। ਸਰਵਸੰਮਤੀ ਨਾਲ ਮਤੇ ਪਾਸ ਕੀਤੇ ਗਏ ਕਿ ਸਰਕਾਰੀ ਦਫਤਰਾਂ ਦਾ ਸਮੁੱਚਾ ਕੰਮ ਪੰਜਾਬੀ ਵਿੱਚ ਹੋਵੇ। ਸੜਕਾਂ ਦੁਕਾਨਾਂ ਅਤੇ ਅਦਾਰਿਆਂ ‘ਤੇ ਲੱਗੇ ਹੋਏ ਸਾਰੇ ਦਿਸ਼ਾ/ ਸੂਚਨਾ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ। ਅੰਗਰੇਜ਼ੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਪਹਿਲੀ ਜਮਾਤ ਤੋਂ ਲਾਜ਼ਮੀ ਕੀਤੀ ਜਾਵੇ।
ਪੰਜਾਬ ਦੇ ਵਿਕਾਸ ਲਈ ਸਮੂਹ ਪੰਜਾਬੀਆਂ ਦੀ, ਪੰਜਾਬੀ ਭਾਸ਼ਾ, ਬੋਲੀ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਾਹਿਤ ਸਭਾਵਾਂ, ਸਾਹਿਤਿਕ ਜੱਥੇਬੰਦੀਆਂ ਅਤੇ ਸੱਭਿਆਚਾਰਕ ਮੰਚਾਂ ਦੀ ਆਪਸੀ ਸਹਿਮਤੀ ਅਤੇ ਏਕਤਾ ‘ਤੇ ਜ਼ੋਰ ਦਿੱਤਾ ਜਾਵੇ। ਬੁਲਾਰਿਆਂ ਵਿੱਚੋਂ ਮੰਚ ਦੇ ਪ੍ਰਧਾਨ ਡਾ ਜੀ ਐਸ ਆਨੰਦ, ਡਾ ਲਕਸ਼ਮੀ ਨਰਾਇਣ ਭੀਖੀ, ਕੁਲਵੰਤ ਸਿੰਘ ਨਾਰੀਕੇ, ਬਚਨ ਸਿੰਘ ਗੁਰਮ, ਗੁਰਚਰਨ ਸਿੰਘ ਚੰਨ ਪਟਿਆਲਵੀ, ਦਰਸ਼ਨ ਸਿੰਘ ਦਰਸ਼ ਪਸਿਆਣਾ, ਗੁਰਮੁਖ ਸਿੰਘ ਜਾਗੀ, ਗੁਰਮੇਲ ਸਿੰਘ ਐਸ ਡੀ ਓ ਅਤੇ ਬਲਬੀਰ ਜਲਾਲਾਬਾਦੀ ਸਮੇਤ ਕਈ ਸਾਹਿਤਕਾਰਾਂ ਅਤੇ ਪੰਜਾਬੀ ਹਿਤੈਸ਼ੀਆਂ ਨੇ ਸ਼ਿਰਕਤ ਕੀਤੀ।