"ਮੇਲਾ ਗੀਤਕਾਰਾਂ ਦਾ" ਪੰਜਾਬੀ ਭਵਨ ਲੁਧਿਆਣਾ ਵਿੱਖੇ 22 ਫਰਵਰੀ ਨੂੰ
- ਮੇਲੇ ਦੌਰਾਨ 100 ਦੇ ਕਰੀਬ ਗੀਤਕਾਰ ਅਤੇ ਕਲਾਕਾਰ ਪੁੱਜਣਗੇ
ਸੰਜੀਵ ਸੂਦ
ਲੁਧਿਆਣਾ, 19 ਫਰਵਰੀ 2025 - ਪੰਜਾਬ ਦਾ ਨਿਵੇਕਲਾ ਅਤੇ ਪਲੇਠਾ ਮੇਲਾ ਗੀਤਕਾਰਾਂ ਦਾ ਪੰਜਾਬੀ ਭਵਨ ਲੁਧਿਆਣਾ ਵਿੱਖੇ 22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 100 ਦੇ ਕਰੀਬ ਗੀਤਕਾਰ ਅਤੇ ਕਲਾਕਾਰ ਪੁੱਜਕੇ ਗੀਤਕਾਰਾਂ ਦੇ ਮਸਲੇ ਵਿਚਾਰਾਣਗੇ।
ਇਸ ਮੇਲੇ ਦੇ ਸ੍ਰਪਸਤ ਅਤੇ ਚੇਅਰਮੈਨ ਜਰਨੈਲ ਘੁਮਾਣ ਨੇ ਅੱਜ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਇਹ ਮੇਲਾ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰ ਸਭਾ ਪੰਜਾਬ(ਰਜਿ:) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਮੇਲੇ ਦੇ ਚੀਫ਼ ਕੋਆਰਡੀਨੇਟਰ ਭੱਟੀ ਭੱੜੀਵਾਲ਼ਾ ਨੇ ਕਿਹਾ ਕਿ ਇਹ ਮੇਲਾ ਗੀਤਕਾਰ ਪਰਿਵਾਰ ਨੂੰ ਪਹਿਲੀ ਵਾਰ ਇੱਕ ਪਲੇਟਫਾਰਮ ਇਕੱਠੇ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੁ ਉਨ੍ਹਾਂ ਨੂੰ ਸੰਗੀਤ ਤੋਂ ਕਮਾਈ ਦੇ ਸਾਧਨਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉੱਘੇ ਲੋਕ ਗਾਇਕ ਜਸਵੰਤ ਸੰਦੀਲਾ ਨੇ ਕਿਹਾ ਕਿ ਅਸੀਂ ਬਹੁਤ ਚਿਰਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਗੀਤਕਾਰ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਗੀਤਕਾਰ ਸੰਸਥਾਵਾਂ ਅੱਗੇ ਆਉਣ ਸੋ ਅੱਜ ਉਹ ਸੁਪਨਾ 'ਮੇਲਾ ਗੀਤਕਾਰਾਂ ਦੇ' ਰਾਹੀਂ ਪੂਰਨ ਹੋਣ ਜਾ ਰਿਹਾ ਹੈ।
ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਇਸ ਮੇਲੇ ਨੂੰ ਸੰਗੀਤਕ ਭਾਈਚਾਰੇ ਵੱਲੋਂ ਹਰੇਕ ਪਲੇਟਫਾਰਮ ਤੇ ਮਿਲ ਰਹੇ ਭਰਵੇਂ ਹੁੰਗਾਰੇ ਦਾ ਜ਼ਿਕਰ ਕੀਤਾ। ਲੋਕ ਗਾਇਕ ਹਾਕਮ ਬਖ਼ਤੜੀਵਾਲਾ ਨੇ ਮੇਲੇ ਨੂੰ ਕਾਮਯਾਬ ਕਰਨ ਲਈ ਹਰੇਕ ਗੀਤਕਾਰ ਪਰਿਵਾਰ ਦੇ ਮੈਂਬਰਾਂ ਨੂੰ ਅਪੀਲ ਕੀਤੀ।
ਮੇਲਾ ਕੋਆਰਡੀਨੇਟਰ ਇੰਦਰਜੀਤ ਸਾਹਨੀ ਅਤੇ ਬੰਨੀ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸਰਪ੍ਰਸਤ ਬਾਬੂ ਸਿੰਘ ਮਾਨ, ਸ਼ਮਸ਼ੇਰ ਸੰਧੂ, ਅਮਰੀਕ ਸਿੰਘ ਤਲਵੰਡੀ ਅਤੇ ਪ੍ਰੋ.ਗੁਰਭਜਨ ਗਿੱਲ ਉਚੇਚੇ ਤੌਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਮੇਲੇ ਦੀ ਸਟੇਜ ਦੇ ਪ੍ਰਬੰਧ ਡਾਕਟਰ ਨਿਰਮਲ ਜੌੜਾ, ਜਗਤਾਰ ਜੱਗੀ, ਕਰਨੈਲ ਸਿਵੀਆ ਅਤੇ ਅਮਰਦੀਪ ਬੰਗਾ ਚਲਾਉਣਗੇ। ਇਸ ਮੇਲੇ ਵਿੱਚ ਗੀਤਕਾਰਾਂ ਲਈ ਸ਼੍ਰੋਮਣੀ ਗੀਤਕਾਰ ਐਵਾਰਡ ਜਾਰੀ ਕਰਵਾਉਣ, ਗੀਤਾਂ ਤੋਂ ਮਿਲਣ ਵਾਲੀ ਰਾਇਲਟੀ ਲਈ ਇੰਡੀਅਨ ਪ੍ਰਫੋਰਮੈਂਸ ਰਾਇਟ ਸੁਸਾਇਟੀ ਨਾਲ ਜੋੜਨ ਅਤੇ ਗੀਤਕਾਰਾਂ ਦੀਆਂ ਹੋਰ ਸਮੱਸਿਆਵਾਂ ਹੱਲ ਕਰਨ ਲਈ ਵਿਚਾਰ ਚਰਚਾ ਹੋਵੇਗੀ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਜਿਹੜੇ ਗਾਇਕ ਗੀਤਕਾਰ ਵੀ ਹਨ ਉਹ ਆਪਣੇ ਗੀਤਾਂ ਦੇ ਖੁੱਲ੍ਹੇ ਅਖਾੜੇ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਮੁੱਖ ਪ੍ਰਬੰਧਕਾਂ ਦੀ ਭੂਮਿਕਾ ਅਮਨ ਫੁੱਲਾਂਵਾਲ, ਸੇਵਾ ਸਿੰਘ ਨੌਰਥ, ਬਲਬੀਰ ਮਾਨ, ਬੂਟਾ ਭਾਈ ਰੂਪਾ, ਬਿੱਟੂ ਖੰਨੇਵਾਲਾ, ਕਰਨੈਲ ਸਿਵੀਆ, ਗੁਰਮਿੰਦਰ ਕੈਂਡੋਵਾਲ, ਅਲਬੇਲ ਬਰਾੜ, ਭਿੰਦਰ ਡੱਬਵਾਲੀ, ਬਚਨ ਬੇਦਿਲ, ਕਰਮਜੀਤ ਧੂਰੀ, ਨਿੰਮਾ ਲੁਹਾਰਕੇ, ਲਾਭ ਚਿਤਾਮਲੀ, ਮਨਪ੍ਰੀਤ ਟਿਵਾਣਾ, ਬੱਬੂ ਬਰਾੜ, ਅਜੀਤਪਾਲ ਜੀਤੀ, ਭੰਗੂ ਫਲੇੜੇਵਾਲਾ, ਅਤੇ ਸਾਡੀਆਂ ਮਾਣਮੱਤੀਆ ਗੀਤਕਾਰ ਗਾਇਕ ਭੈਣਾਂ ਸੁੱਖੀ ਬਰਾੜ, ਗੁਲਸ਼ਨ ਕੋਮਲ, ਜਸਵਿੰਦਰ ਬਰਾੜ, ਕਾਇਨਾਤ ਕੌਸਤਮਣੀ (ਬੈਸਟ ਗੀਤਕਾਰ ਐਵਾਰਡ) ਜੇਤੂ, ਦੀਪ ਲੁਧਿਆਣਵੀ, ਰਮਨ ਸੰਧੂ, ਨਵਜੋਤ ਕੌਰ ਲੰਬੀ ਅਤੇ ਸਮੁੱਚੇ ਪੰਜਾਬ ਦੇ ਨਾਮੀ ਗੀਤਕਾਰ ਵੀਰ ਤੇ ਭੈਣਾਂ ਆਪਣਾ ਕਾਰਜ ਸਮਝ ਕੇ ਮੇਲੇ ਦੀ ਕਾਮਯਾਬੀ ਲਈ ਜ਼ੋਰਾਂ ਸ਼ੋਰਾ ਨਾਲ ਰੁੱਝੇ ਹੋਏ ਹਨ।