ਪਰਵਾਸੀ ਸ਼ਾਇਰ ਸੁਖਵਿੰਦਰ ਕੰਬੋਜ ਦੀ ਪੁਸਤਕ ‘ਉਮਰ ਦੇ ਇਸ ਮੋੜ ਤੀਕ’ ਉੱਪਰ ਵਿਚਾਰ ਗੋਸ਼ਟੀ ਕਰਵਾਈ
ਪ੍ਰਮੋਦ ਭਾਰਤੀ
ਦਸੂਹਾ , 27 ਜਨਵਰੀ 2025 : ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪਰਵਾਸੀ ਸ਼ਾਇਰ ਸੁਖਵਿੰਦਰ ਕੰਬੋਜ ਦੀ ਹੁਣ ਤੱਕ ਦੀ ਸਮੁੱਚੀ ਕਾਵਿ ਰਚਨਾ ‘ਉਮਰ ਦੇ ਇਸ ਮੋੜ ਤੀਕ’ ਉੱਪਰ ਵਿਚਾਰ ਗੋਸ਼ਟੀ ਕਰਵਾਈ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਮਾਤ ਭਾਸ਼ਾ ਵਿੱਚ ਲਿਖਿਆ ਸਾਹਿਤ ਮਨੁੱਖੀ ਚੇਤਨ, ਅਵਚੇਤਨ ਨੂੰ ਠੀਕ ਸੰਦਰਭ ਵਿੱਚ ਪੇਸ਼ ਕਰਨ ਵਿਚ ਸਮਰੱਥ ਹੁੰਦਾ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ. ਡਾ. ਸਰਬਜੀਤ ਸਿੰਘ, ਸ਼ਾਇਰ ਮਦਨ ਵੀਰਾ, ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ, ਪ੍ਰੋ. ਸੁਰਜੀਤ ਜੱਜ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਪ੍ਰੋ. ਬਲਦੇਵ ਸਿੰਘ ਬੱਲੀ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਹੁਸ਼ਿਆਰਪੁਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ। ਡਾ. ਸਰਬਜੀਤ ਸਿੰਘ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ ਨੇ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਲਈ ਅਕਾਦਮੀ ਵੱਲੋਂ ਕੀਤੇ ਜਾ ਰਹੇ ਨਵੇਂ ਯਤਨਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਨੂੰ ਪਾਠਕਾਂ ਅਤੇ ਵਿਦਿਆਰਥੀਆਂ ਵਿਚਕਾਰ ਪੁਲ ਵਜੋਂ ਉਸਾਰਿਆ ਜਾ ਰਿਹਾ ਹੈ। ਉਹਨਾਂ ਸੁਖਵਿੰਦਰ ਕੰਬੋਜ ਦੀ ਸ਼ਾਇਰੀ ਨੂੰ ਜਾਗਦੇ ਮਨੁੱਖ ਦੀ ਸ਼ਾਇਰੀ ਕਿਹਾ ਅਤੇ ਦੱਸਿਆ ਕਿ ਪ੍ਰਗਤੀਵਾਦ ਮਾਰਕਸਵਾਦ ਦਾ ਬਦਲ ਨਹੀਂ ਹੈ। ਇਸ ਮੌਕੇ ਡਾ. ਹਰਪ੍ਰੀਤ ਸਿੰਘ ਅਤੇ ਡਾ. ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਅਫਸਰ ਹੁਸ਼ਿਆਰਪੁਰ ਨੇ ਸ਼ਾਇਰ ਸੁਖਵਿੰਦਰ ਕੰਬੋਜ ਦੇ ਨਵੇਂ ਐਡੀਸ਼ਨ “ਉਮਰ ਦੇ ਇਸ ਮੋੜ ਤੀਕ” ਦੇ ਲੋਕ- ਅਰਪਣ ਉਪਰੰਤ ਉਸ ਦੀ ਸਮੁੱਚੀ ਕਾਵਿ ਰਚਨਾ ’ਤੇ ਖੋਜ ਪੇਪਰ ਪੇਸ਼ ਕੀਤੇ। ਡਾ. ਹਰਪ੍ਰੀਤ ਸਿੰਘ ਨੇ ਆਪਣੇ ਖੋਜ ਪੇਪਰ ਵਿੱਚ ਕੰਬੋਜ ਦੀ ਕਾਵਿ ਰਚਨਾ ਦੇ ਮੁੱਖ ਥੀਮ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਦੀ ਕਵਿਤਾ ਲੋਕ ਪੱਖੀ ਵਿਚਾਰਧਾਰਾਵਾਂ ਨੂੰ ਨਵਿਆਉਣ ਦੇ ਨਾਲ- ਨਾਲ ਵਿਸ਼ਵੀਕਰਨ ਦੇ ਮਾਰੂ ਪ੍ਰਭਾਵ ਬਾਰੇ ਪ੍ਰਵਚਨ ਉਭਾਰਦੀ ਹੈ। ਡਾ. ਜਸਵੰਤ ਰਾਏ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਸੁਖਵਿੰਦਰ ਕੰਬੋਜ ਦੀ ਕਵਿਤਾ ਸਮਾਜਿਕ ਸਰੋਕਾਰਾਂ ਦੀ ਕਵਿਤਾ ਹੈ ਜੋ ਲੋਕ ਹੱਕਾਂ ਦੀ ਗੱਲ ਕਰਦੀ ਹੈ।
ਪ੍ਰੋ. ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਸੁਖਵਿੰਦਰ ਕੰਬੋਜ ਦੀ ਕਵਿਤਾ ਚੇਤਨਾ ਦੀ ਕਵਿਤਾ ਹੈ। ਪ੍ਰੋਫੈਸਰ ਸੁਰਜੀਤ ਜੱਜ ਨੇ ਕਵਿਤਾ ਦੇ ਵਿਧਾਨ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਸਰਬਜੋਤ ਸਿੰਘ, ਡਾ. ਅਰਮਨਪ੍ਰੀਤ ਸਿੰਘ ਡਾ. ਕੇਵਲ ਕਲੋਟੀ, ਕਹਾਣੀਕਾਰ ਅਜਮੇਰ ਸਿੱਧੂ, ਵਿਦਿਆਰਥਣ ਮੰਨਤ, ਕਮਲਜੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਪ੍ਰਗਤੀਸ਼ੀਲ ਲੇਖਕ ਸੰਘ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਨਵਤੇਜ ਗੜ੍ਹਦੀਵਾਲਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ ਕਾਲਕਟ ਨੇ ਆਈਆਂ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡੀਨ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਡਾ. ਰੁਪਿੰਦਰ ਕੌਰ ਰੰਧਾਵਾ, ਡਾ. ਸੁਰਜੀਤ ਕੌਰ ਬਾਜਵਾ ਪ੍ਰਿੰ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਸੂਹਾ, ਜਰਨੈਲ ਸਿੰਘ ਘੁੰਮਣ, ਸ.ਸੁਰਿੰਦਰ ਨੇਕੀ, ਸਮਰਜੀਤ ਸਿੰਘ ਸ਼ਮੀ, ਧਿਆਨ ਸਿੰਘ ਚੰਦਨ, ਪ੍ਰੋ.ਰਾਮ ਸਿੰਘ , ਡਾ. ਰਪਿੰਦਰ ਕੌਰ ਗਿੱਲ, ਪ੍ਰੋ. ਅਮਰ ਹਰਜੋਤ ਕੌਰ, ਪ੍ਰੋ.ਸ਼ਰਨਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।