Babushahi Special: ਚੰਡੀਗੜ੍ਹ ਮੋਰਚਾ: ਕਿਸਾਨ ਨਾ ਚਾੜ੍ਹ ਦੇਣ ਚੰਨ ਪੁਲਿਸ ਨੇ ਫਰੋਲੇ ਦੋਧੀਆਂ ਦੇ ਡਰੰਮ
ਅਸ਼ੋਕ ਵਰਮਾ
ਬਠਿੰਡਾ, 5 ਮਾਰਚ 2025: ਬਠਿੰਡਾ ਪੱਟੀ ਦੇ ਕਰੀਬ ਅੱਧੀ ਦਰਜਨ ਜਿਲਿ੍ਹਆਂ ਦੇ ਸੈਂਕੜੇ ਕਿਸਾਨ ਅੱਜ ਪੁਲੀਸ ਦੀ ਮੋਰਚਾਬੰਦੀ ਦੇ ਬਾਵਜੂਦ ਸੜਕਾਂ ’ਤੇ ਕਾਫਲੇ ਕੱਢਣ ਵਿੱਚ ਕਾਮਯਾਬ ਰਹੇ। ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚੰਡੀਗੜ੍ਹ ਜਾਣਾ ਸੀ। ਸਥਿਤੀ ਇਹ ਸੀ ਕਿ ਪੁਲਿਸ ਆਉਣ ਜਾਣ ਵਾਲੀਆਂ ਗੱਡੀਆਂ ਅਤੇ ਉਨ੍ਹਾਂ ਵਿੱਚ ਰੱਖੇ ਸਮਾਨ ਤੇ ਨਜ਼ਰ ਰੱਖ ਰਹੀ ਸੀ। ਇਹੋ ਹੀ ਨਹੀਂ ਮੋਟਰਸਾਈਕਲਾਂ ਵਗੈਰਾ ਨੂੰ ਵੀ ਪੂਰੀ ਜਾਂਚ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਸੀ। ਮੋਗਾ ਜਿਲ੍ਹੇ ਦੇ ਕਿਸਾਨ ਆਗੂ ਨੇ ਦੱਸਿਆ ਕਿ ਇੱਕ ਨਾਕੇ ਉਨ੍ਹਾਂ ਨੂੰ ਪੁਲਿਸ ਦੋਧੀਆਂ ਦੇ ਡਰੰਮਾਂ ਵਿੱਚ ਝਾਤੀ ਮਾਰਦੀ ਦਿਖਾਈ ਦਿੱਤੀ ਤਾਂ ਇੱਕ ਵਾਰ ਉਹ ਵੀ ਦੰਗ ਰਹਿ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੱਗਿਆ ਕਿ ਪੁਲਿਸ ਨੂੰ ਦੁੱਧ ਦੀ ਲੋੜ ਹੋਵੇਗੀ ਕਿਉਂਕਿ ਡਰੰਮ ਵਿੱਚ ਕੋਈ ਬੰਦਾ ਤਾਂ ਲੁਕ ਨਹੀਂਂ ਸਕਦਾ ਪਰ ਜਦੋਂ ਦੋਧੀਆਂ ਦੇ ਮੂੰਹ ਤੋਂ ਕੱਪੜਾ ਲੁਹਾਇਆ ਤਾਂ ਅਸਲ ਗੱਲ ਸਾਹਮਣੇ ਆਈ।

ਪੁਲਿਸ ਇਹ ਤਸੱਲੀ ਕਰ ਰਹੀ ਹੈ ਕਿ ਕਿਧਰੇ ਦੋਧੀਆਂ ਦੇ ਰੂਪ ਵਿੱਚ ਕਿਸਾਨ ਅੱਗੇ ਤਾਂ ਨਹੀਂ ਜਾ ਰਹੇ ਹਨ। ਇਹ ਸਿਰਫ ਇੱਕ ਬਿਰਤਾਂਤ ਹੈ ਕਸਾਨਾਂ ਨੂੰ ਰੋਕਣ ਅਤੇ ਪਛਾਨਣ ਲਈ ਮਾਲਵੇ ਦੇ ਸਮੂਹ ਨਾਕਿਆਂ ਤੇ ਪੁਲਿਸ ਪੱਬਾਂ ਭਾਰ ਰਹੀ । ਮਹੱਤਵਪੂਰਨ ਇਹ ਵੀ ਹੈ ਕਿ ਭਾਵੇਂ ਪੰਜਾਬ ਪੁਲੀਸ ਅੱਜ ਕਿਸਾਨਾਂ ਨੂੰ ਮੋਰਚਾ ਲਾਉਣ ਲਈ ਚੰਡੀਗੜ੍ਹ ਜਾਣ ਤੋਂ ਰੋਕਣ ਵਿੱਚ ਅਸਫਲ ਬਣਾਉਣ ਵਿੱਚ ਤਾਂ ਸਫਲ ਰਹੀ, ਪਰ ਕਿਸਾਨਾਂ ਨੂੰ ਪਿੰਡਾਂ ਦੀਆਂ ਜੂਹਾਂ ਤੱਕ ਸੀਮਿਤ ਰੱਖਣ ਦੀ ਇਸ ਦੀ ਨੀਤੀ ਪੂਰੀ ਤਰਾਂ ਫੇਲ੍ਹ ਰਹੀ। ਬਠਿੰਡਾ ਜ਼ਿਲ੍ਹੇ ਵਿੱਚ ਕਿਸਾਨ ਕਾਫਲਿਆਂ ਨੂੰ ਰੋਕਣ ਲਈ ਪਿੰਡ ਜੇਠੂਕੇ ਕੋਲ ਪੁਲਿਸ ਨੇ ਜਬਰਦਸਤ ਨਾਕਾ ਲਾਇਆ ਹੋਇਆ ਸੀ ਜਿੱਥੇ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕੇ ਤੇ ਦੰਗਾ ਰੋਕੂ ਵਾਹਨ, ਜਲ ਤੋਪਾਂ ਅਤੇ ਪੁਲਿਸ ਦਾ ਹੋਰ ਸਾਜ਼ੋ ਸਮਾਨ ਵੀ ਮੌਕੇ ਤੇ ਲਿਆਂਦਾ ਹੋਇਆ ਸੀ।
ਕਿਸੇ ਅਣਸੁਖਾਵੀਂ ਘਟਨਾਂ ਵਾਪਰਨ ਨੂੰ ਦੇਖਦਿਆਂ ਪੁਲਿਸ ਨੇ ਐਂਬੂਲੈਂਸ ਵੀ ਮੌਕੇ ਤੇ ਬੁਲਾਈ ਹੋਈ ਸੀ। ਇਸ ਤੋਂ ਪਹਿਲਾਂ ਕਈ ਵਾਰ ਪੁਲਿਸ ਦੇ ਨਾਕਿਆਂ ਨੂੰ ਕਿਸਾਨ ਧਿਰਾਂ ਵੱਲੋਂ ਤੋੜਕੇ ਅੱਗੇ ਵਧਣ ਤੋਂ ਸਬਕ ਲੈਂਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਰੇਤਾ ਬੱਜਰੀ ਦੇ ਭਰੇ ਟਿੱਪਰਾਂ ਨੂੰ ਤਿਆਰ ਰੱਖਿਆ ਹੋਇਆ ਸੀ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜਿਲ੍ਹਾ ਬਠਿੰਡਾ ਵੱਲੋਂ ਅੱਜ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਦੇ ਜੱਥੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਸ਼ਾਂਤਮਈ ਧਰਨਾ ਦੇਣ ਲਈ ਕੂਚ ਕੀਤਾ ਸੀ। ਪੰਜਾਬ ਸਰਕਾਰ ਨੇ ਹਰ ਹੀਲੇ ਇਹ ਧਰਨਾ ਅਸਫਲ ਬਣਾਉਣ ਵਾਸਤੇ ਪੁਲੀਸ ਨੂੰ ਹਦਾਇਤ ਕੀਤੀ ਹੋਈ ਸੀ। ਜਦੋਂ ਕਿਸਾਨਾਂ ਅਤੇ ਕਿਸਾਨ ਔਰਤਾਂ ਦਾ ਕਾਫਲਾ ਜੇਠੂਕੇ ਨਾਕੇ ਤੇ ਪੁੱਜਾ ਤਾਂ ਪੁਲਿਸ ਅਫਸਰਾਂ ਨੇ ਦੋਵਾਂ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁਲਾ ਲਿਆ।
ਇਸ ਮੌਕੇ ਇੰਨ੍ਹਾਂ ਕਿਸਾਨਾਂ ਆਗੂਆਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਤੁਰੰਤ ਆਵਾਜਾਈ ਚਾਲੂ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੜਕ ਦੇ ਇੱਕ ਤਰਫ ਧਰਨਾ ਦੇਣ ਦਾ ਪ੍ਰੋਗਰਾਮ ਹੈ ਸੜਕ ਜਾਮ ਕਰਨ ਦਾ ਨਹੀਂ। ਆਗੂਆਂ ਦੀ ਮੰਗ ਤੇ ਅਮਲ ਕਰਦਿਆਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੜਕ ਦਾ ਇੱਕ ਪਾਸਾ ਚਾਲੂ ਕਰ ਦਿੱਤਾ ਗਿਆ। ਵੇਰਵਿਆਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵੱਡੀ ਗਿਣਤੀ ਕਿਸਾਨ ਜ਼ਿਲ੍ਹੇ ਦੀਆਂ ਸੜਕਾਂ ’ਤੇ ਨਿਕਲ ਕੇ ਵਿਰੋਧ ਦਰਜ ਕਰਾਉਣ ਵਿੱਚ ਕਾਮਯਾਬ ਰਹੇ ਜਿੰਨ੍ਹਾਂ ਦਾ ਜੱਥਾ ਬਠਿੰਡਾ ਹੱਦ ਤੇ ਪੁਲਿਸ ਨੇ ਰੋਕ ਲਿਆ। ਕਿਸਾਨ ਆਗੂ ਗੁਰਭਗਤ ਸਿੰਘ ਭਲਾਈਆਣਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੜਕ ਦੇ ਪਾਸੇ ਧਰਨਾ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਕਤਸਰ ਦੇ ਲੰਬੀ ਤੋਂ ਆਏ ਕਿਸਾਨ ਕਾਫਲੇ ਦੀ ਅਗਵਾਈ ਕਰਨ ਵਾਲੇ ਗੁਰਪਾਸ਼ ਸਿੰਘ ਸਮੇਤ ਬਾਕੀ ਕਿਸਾਨਾਂ ਨੂੰ ਵੀ ਰੋਕਿਆ ਗਿਆ ਹੈ। ਹੋਰ ਵੀ ਵੱਖ ਵੱਖ ਥਾਵਾਂ ਤੋਂ ਅਜਿਹੀਆਂ ਹੀ ਰਿਪੋਰਟਾਂ ਹਾਸਲ ਹੋਈਆਂ ਹਨ।
ਦਹਿਸ਼ਤ ਦੇ ਬਾਵਜੂਦ ਵਿਰੋਧ ਦਰਜ :ਮਾਨ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪੁਲੀਸ ਦੀ ਐਡੀ ਦਹਿਸ਼ਤ ਦੇ ਬਾਵਜੂਦ ਕਿਸਾਨਾਂ ਨੇ ਸੜਕਾਂ ਤੇ ਨਿਕਲ ਕੇ ਵਿਰੋਧ ਦਰਜ ਕਰਾਇਆ ਹੈ ਜੋ ਕਿਸੇ ਧਰਨੇ ਤੋਂ ਘੱਟ ਨਹੀਂ ਹੈ। ਉਨ੍ਹਾਂ ਆਖਿਆ ਪੰਜਾਬ ਸਰਕਾਰ ਜਿੰਨ੍ਹਾਂ ਕਿਸਾਨ ਮੰਗਾਂ ਨੂੰ ਕੇਂਦਰ ਦੀਆਂ ਦੱਸਦੀ ਹੈ,ਉਨ੍ਹਾਂ ਮੰਗਾਂ ਨੂੰ ਲੈ ਕੇ ਹੀ ਸਿਰਫ਼ ਸ਼ਾਂਤਮਈ ਧਰਨਾ ਦੇਣ ਦਾ ਪ੍ਰੋਗਰਾਮ ਸੀ ਪਰ ਪੁਲੀਸ ਵੱਲੋਂ ਵੱਡੀਆਂ ਰੋਕਾਂ ਲਾਕੇ ਕਿਸਾਨਾਂ ਦੇ ਜਮਹੂਰੀ ਹੱਕਾਂ ’ਤੇ ਡਾਕਾ ਮਾਰਿਆ ਗਿਆ ਹੈ।
ਕਿਸਾਨੀ ਮੰਗਾਂ ਮੰਨੀਆਂ ਜਾਣ-ਬੁਰਜ ਸੇਮਾਂ
ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਪੰਜਾਬ ਦੇ ਕਿਸਾਨਾਂ ਨੂੰ ਬਾਸਮਤੀ, ਆਲੂ, ਮੱਕੀ, ਮਟਰ ਅਤੇ ਗੋਭੀ ਸਣੇ ਹੋਰ ਫ਼ਸਲਾਂ ’ਤੇ ਐੱਮਐੱਸਪੀ ਦੇਣ ਅਤੇ ਐੱਮਐੱਸਪੀ ’ਤੇ ਖ਼ਰੀਦ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਅਤੇ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਜੋ ਹਾਲੇ ਤੱਕ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੁਲੀਸ ਵੱਲੋਂ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵੀ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਡੀਏਪੀ ਨਹੀਂ ਮਿਲ ਰਹੀ ਹੈ ਅਤੇ ਮੱਕੀ ਦੇ ਬੀਜ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਪਰ ਸਰਕਾਰ ਇਸ ’ਤੇ ਨੱਥ ਪਾਉਣ ਵਿੱਚ ਨਾਕਾਮ ਹੋ ਗਈ ਹੈ।