ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚਕੇ ਬਣਾਈਆਂ ਜਾਇਦਾਦਾਂ ਨੂੰ ਢਾਹਿਆ
- ਨਸ਼ਾ ਤਸਕਰ ਜਾਂ ਇਹ ਗੈਰ ਕਾਨੂੰਨੀ ਧੰਦਾ ਛੱਡ ਜਾਣ ਜਾਂ ਪੰਜਾਬ -ਜੀਵਨਜੋਤ ਕੌਰ
- ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਰਹੇਗੀ ਜਾਰੀ-ਪੁਲਿਸ ਕਮਿਸ਼ਨਰ
- ਨਸ਼ਾ ਤਸਕਰੀ ਨਾਲ ਨਜ਼ਾਇਜ਼ ਕਬਜ਼ੇ ਕਰਕੇ ਬਣਾਏ ਸੀ ਮਹਿਲ
ਅੰਮ੍ਰਿਤਸਰ , 6 ਮਾਰਚ 2025 - ਅੰਮ੍ਰਿਤਸਰ ਕਾਰਪੋਰੇਸ਼ਨ ਨੇ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਅੱਜ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚਕੇ ਬਣਾਏ ਗਏ ਦੋ-ਮੰਜ਼ਿਲਾ ਘਰ, ਦੁਕਾਨਾਂ ਨੂੰ ਜੇ.ਸੀ.ਬੀ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ ਹੈ।
ਨਸ਼ਾ ਤਸਕਰੀ ਵਿਰੁੱਧ ਸਖ਼ਤ ਸੁਨੇਹਾ ਦਿੰਦਿਆਂ ਕੀਤੀ ਗਈ ਇਸ ਕਾਰਵਾਈ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਖ਼ੁਦ ਮੌਕੇ 'ਤੇ ਖੜ੍ਹਕੇ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦਾ ਸਪਸ਼ਟ ਸੁਨੇਹਾ ਹੈ ਕਿ ਨਸ਼ਾ ਤਸਕਰ ਜਾਂ ਤਾਂ ਇਹ ਗੈਰ ਕਾਨੂੰਨੀ ਕੰਮ ਛੱਡ ਜਾਣ ਜਾਂ ਪੰਜਾਬ । ਉਹਨਾਂ ਕਿਹਾ ਕਿ ਹੁਣ ਇਹਨਾਂ ਦਾ ਇਹ ਗੋਰਖ ਧੰਦਾ ਰਾਜ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਜੋ ਵੀ ਇਸ ਕਾਲੇ ਧੰਦੇ ਵਿੱਚ ਸ਼ਾਮਿਲ ਹੋਇਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਮਾੜੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਭਰਾੜੀਵਾਲ ਅਤੇ ਮਕਬੂਲਪੁਰਾ ਇਲਾਕੇ ਵਿੱਚ ਦੋ ਤਸਕਰਾਂ ਵਿਰੁੱਧ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ । ਮਕਬੂਲਪੁਰਾ ਵਿਖੇ ਢਾਹੇ ਗਏ ਮਕਾਨ ਜੋ ਕਿ ਨਸ਼ਾ ਤਸਕਰ ਗੁਰਮੀਤ ਸਿੰਘ ਦਾ ਹੈ, ਬਾਰੇ ਜਾਣਕਾਰੀ ਦਿੰਦੇ ਉਹਨਾਂ ਨੇ ਦੱਸਿਆ ਕਿ ਗੁਰਮੀਤ ਸਿੰਘ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੋਂ ਮਕਬੂਲਪੁਰਾ ਵਿਖੇ ਅਣ ਅਧਿਕਾਰਤ ਤੌਰ ਉੱਤੇ ਨਾਜਾਇਜ਼ ਉਸਾਰੀਆਂ ਕਰਕੇ ਮਕਾਨ ਅਤੇ ਦੁਕਾਨਾਂ ਬਣਾਈਆਂ ਗਈਆਂ ਹਨ, ਜਿਸ ਨੂੰ ਅੱਜ ਕਾਰਪੋਰੇਸ਼ਨ ਦੀ ਮਦਦ ਨਾਲ ਢਾਹ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਗੁਰਮੀਤ ਸਿੰਘ ਵਿਰੁੱਧ ਤਿੰਨ ਮੁਕਦਮੇ ਦਰਜ ਹਨ, ਜਿਨਾਂ ਵਿੱਚ 325 ਗ੍ਰਾਮ ਸਮੈਕ ਅਤੇ 350 ਗ੍ਰਾਮ ਹੈਰੋਇਨ ਦੀ ਬਰਾਮਦਗੀ ਵੀ ਹੋਈ ਹੈ। ਉਹਨਾਂ ਦੱਸਿਆ ਕਿ ਉਕਤ ਦੋਸ਼ੀ ਇਸ ਵੇਲੇ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ।
ਭਰਾੜੀਵਾਲ ਵਿਖੇ ਢਾਹੀ ਗਈ ਉਸਾਰੀ ਬਾਰੇ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਮਕਾਨ ਸੰਦੀਪ ਸਿੰਘ ਉਰਫ ਸੋਨੂ ਪੁੱਤਰ ਰੂਪ ਸਿੰਘ ਵਾਸੀ ਨੌਸ਼ਹਿਰਾ ਢਾਲਾ ਦਾ ਹੈ । ਉਹਨਾਂ ਦੱਸਿਆ ਕਿ ਉਕਤ ਦੋਸ਼ੀ ਵਿਰੁੱਧ ਚਾਰ ਮੁਕਦਮੇ ਦਰਜ ਹਨ ,ਜਿਨਾਂ ਵਿੱਚ ਸਰਾਏ ਅਮਾਨਤ ਖਾਨ ਵਿਖੇ ਤਿੰਨ ਅਤੇ ਐਂਟੀ ਨਾਰਕੋਟਿਕ ਫੋਰਸ ਮੁਹਾਲੀ ਦੇ ਮੁਕਦਮੇ ਸ਼ਾਮਿਲ ਹਨ। ਇਹ ਦੋਸ਼ੀ ਬਠਿੰਡਾ ਜੇਲ ਵਿੱਚ ਸੀ, ਜਿੱਥੋਂ ਥੋੜੇ ਦਿਨ ਪਹਿਲਾਂ ਹੀ ਜਮਾਨਤ ਉੱਤੇ ਬਾਹਰ ਆਇਆ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦੇ ਕਿਹਾ ਕਿ ਜੋ ਵੀ ਵਿਅਕਤੀ ਇਸ ਕਾਲੇ ਧੰਦੇ ਵਿੱਚ ਸ਼ਾਮਿਲ ਹਨ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਡੀ ਸੀ ਪੀ ਸ੍ਰੀ ਆਲਮ ਵਿਜੇ ਸਿੰਘ, ਏਡੀਸੀਪੀ ਸ੍ਰੀ ਵਿਸ਼ਾਲ ਜੀਤ ਸਿੰਘ ਅਤੇ ਹਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।