ਏਅਰਪੋਰਟ ਤੋਂ 15 ਕਿਲੋ ਸੋਨੇ ਸਮੇਤ ਕੰਨੜ ਅਦਾਕਾਰਾ ਗ੍ਰਿਫ਼ਤਾਰ
ਬੈਂਗਲੁਰੂ, 5 ਮਾਰਚ 2025 - ਕੰਨੜ ਅਦਾਕਾਰਾ ਰਾਣਿਆ ਰਾਓ ਨੂੰ 3 ਮਾਰਚ ਦੀ ਦੇਰ ਸ਼ਾਮ ਨੂੰ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ 14.8 ਕਿਲੋਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਹ ਜਾਣਕਾਰੀ ਬੁੱਧਵਾਰ (5 ਮਾਰਚ) ਨੂੰ ਸਾਹਮਣੇ ਆਈ ਹੈ।
ਮਿਲੀ ਜਾਣਕਰੀ ਅਨੁਸਾਰ ਰਾਣਿਆ ਕਰਨਾਟਕ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਉਸਨੇ ਕੰਨੜ ਫ਼ਿਲਮਾਂ ਮਾਨਿਕਿਆ ਅਤੇ ਪਟਕੀ ਵਿੱਚ ਕੰਮ ਕੀਤਾ ਹੈ। ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਰਾਣਿਆ ਨੇ ਆਪਣੇ ਸਰੀਰ, ਪੱਟਾਂ ਅਤੇ ਕਮਰ 'ਤੇ ਟੇਪ ਲਗਾ ਕੇ ਸੋਨਾ ਲੁਕੋਇਆ ਹੋਇਆ ਸੀ। ਆਪਣੇ ਕੱਪੜਿਆਂ ਵਿੱਚ ਸੋਨਾ ਲੁਕਾਉਣ ਲਈ, ਉਸਨੇ ਸੋਧੀਆਂ ਹੋਈਆਂ ਜੈਕਟਾਂ ਅਤੇ ਗੁੱਟ ਦੀਆਂ ਬੈਲਟਾਂ ਦੀ ਵਰਤੋਂ ਕੀਤੀ।
ਸੂਤਰਾਂ ਦਾ ਦਾਅਵਾ ਹੈ ਕਿ ਰਾਣਿਆ ਨੂੰ ਇੱਕ ਕਿਲੋ ਸੋਨਾ ਲਿਆਉਣ ਲਈ 1 ਲੱਖ ਰੁਪਏ ਮਿਲਦੇ ਹਨ। ਉਸਨੇ ਹਰੇਕ ਯਾਤਰਾ ਵਿੱਚ 12 ਤੋਂ 13 ਲੱਖ ਰੁਪਏ ਕਮਾਏ।
ਡੀਆਰਆਈ ਅਧਿਕਾਰੀਆਂ ਦੇ ਅਨੁਸਾਰ, ਰਾਣਿਆ ਰਾਓ ਦੁਬਈ ਤੋਂ ਅਮੀਰਾਤ ਦੀ ਉਡਾਣ ਰਾਹੀਂ ਭਾਰਤ ਵਾਪਸ ਆਈ ਸੀ। ਸੁਰੱਖਿਆ ਏਜੰਸੀਆਂ ਪਹਿਲਾਂ ਹੀ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀਆਂ ਸਨ ਕਿਉਂਕਿ ਉਹ ਪਿਛਲੇ 15 ਦਿਨਾਂ ਵਿੱਚ ਚਾਰ ਵਾਰ ਦੁਬਈ ਗਈ ਸੀ।
ਰਾਣਿਆ ਨੇ ਆਪਣੇ ਕੱਪੜਿਆਂ ਵਿੱਚ ਸੋਨਾ ਲੁਕਾਇਆ ਹੋਇਆ ਸੀ। ਜਿਸਦੀ ਕੀਮਤ 12.56 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਪੁਲਿਸ ਨੇ ਉਸਦੇ ਘਰ ਵੀ ਛਾਪਾ ਮਾਰਿਆ। ਉੱਥੋਂ 2 ਕਰੋੜ ਰੁਪਏ ਦਾ ਸੋਨਾ ਅਤੇ 2 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ।
ਡੀਆਰਆਈ ਦੀ ਦਿੱਲੀ ਟੀਮ ਨੂੰ ਸੋਨੇ ਦੀ ਤਸਕਰੀ ਵਿੱਚ ਰਾਣਿਆ ਦੀ ਸ਼ਮੂਲੀਅਤ ਬਾਰੇ ਪਹਿਲਾਂ ਹੀ ਪਤਾ ਸੀ। ਇਸ ਲਈ, 3 ਮਾਰਚ ਨੂੰ, ਅਧਿਕਾਰੀ ਉਸਦੀ ਉਡਾਣ ਦੇ ਉਤਰਨ ਤੋਂ ਦੋ ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚ ਗਏ।