ਵਿਸ਼ਵ ਪੁਸਤਕ ਮੇਲਾ ਦਿੱਲੀ ਵਿਖੇ ਡਾ. ਜਸਵੰਤ ਰਾਏ ਦੀ ਹਿੰਦੀ ਪੁਸਤਕ ‘ਬੀਜ ਤੋਂ ਬਿਰਖ ਤੱਕ’ ਲੋਕ-ਅਰਪਣ
ਹੁਸ਼ਿਆਰਪੁਰ, 11 ਫਰਵਰੀ 2025: ਪੁਸਤਕ ਮੇਲੇ ਦੇ ਸਭ ਤੋਂ ਵੱਡੇ ਕੁੰਭ ਵਿਸ਼ਵ ਪੁਸਤਕ ਮੇਲਾ ਦਿੱਲੀ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਂ ਨੂੰ ਉਦੋਂ ਹੋਰ ਚਾਰ ਚੰਨ ਲੱਗ ਗਏ ਜਦੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਖੋਜ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਜਸਵੰਤ ਰਾਏ ਦੀ ਹਿੰਦੀ ਪੁਸਤਕ ‘ਬੀਜ ਤੋਂ ਬਿਰਖ ਤੱਕ’ਨੂੰ ਪ੍ਰਭਾਤ ਪ੍ਰਕਾਸ਼ਕ ਦਿੱਲੀ ਵੱਲੋਂ ਲੋਕ-ਅਰਪਣ ਸਮਾਗਮ ਕਰਕੇ ਪਾਠਕਾਂ ਦੀ ਝੋਲ਼ੀ ਪਾਇਆ ਗਿਆ।ਇਹ ਪੁਸਤਕ ਆਈ.ਏ.ਐੱਸ. ਅਫ਼ਸਰ ਜੀ.ਐੱਸ. ਨਵੀਨ ਕੁਮਾਰ ਦੀ ਜ਼ਿੰਦਗੀ ’ਤੇ ਅਧਾਰਿਤ ਇੱਕ ਪ੍ਰੇਰਣਾਦਾਇਕ ਕਹਾਣੀ ਹੈ।ਗ਼ੌਰਤਲਬ ਹੈ ਕਿ ਇਹ ਪੁਸਤਕ ਪਹਿਲਾਂ ਆੱਟਮ ਆਰਟ ਪ੍ਰਕਾਸ਼ਕ ਪਟਿਆਲਾ ਵੱਲੋਂ ਮਾਂ ਬੋਲੀ ਪੰਜਾਬੀ ਵਿੱਚ ਵੀ ਛਪ ਚੁੱਕੀ ਹੈ ਜਿਸਦਾ ਪਾਠਕਾਂ ਖ਼ਾਸ ਕਰਕੇ ਵਿਦਿਆਰਥੀਆਂ ਨੇ ਭਰਵਾਂ ਹੁੰਗਾਰਾ ਭਰਿਆ ਹੈ।
ਪੁਸਤਕ ਬਾਰੇ ਗੱਲ ਕਰਦਿਆਂ ਲੇਖਕ ਡਾ. ਜਸਵੰਤ ਰਾਏ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਇੱਕ ਸਧਾਰਨ ਪਰਿਵਾਰ ’ਚੋਂ ਨਿਕਲੇ ਨਵੀਨ ਕੁਮਾਰ ਦੀ ਜ਼ਿੰਦਗੀ ਦੇ ਸੰਘਰਸ਼, ਕਿਤਾਬਾਂ ਨੂੰ ਮੋਹ ਕਰਨ ਦੇ ਨਤੀਜੇ, ਬੱਚਿਆਂ ਦੀ ਪੜ੍ਹਾਈ ’ਚ ਮਾਪਿਆਂ ਦਾ ਰੋਲ, ਅਧਿਆਪਕ ਦੀ ਗਲਵੱਕੜੀ, ਨਾਇਕਾਂ ਦੀ ਚੋਣ, ਸੁਪਨਿਆਂ ਨੂੰ ਸੱਚ ਕਰਨ ਦੇ ਤਰੱਦਦ ਦਾ ਮਾਰਮਿਕ ਢੰਗ ਨਾਲ ਵਰਣਨ ਕੀਤਾ ਗਿਆ ਹੈ।ਇਹ ਪੁਸਤਕ ਵਿਦਿਆਰਥੀਆਂ ਵੱਲੋਂ ਵੱਡੇ ਟੈਸਟ ਕਿਵੇਂ ਪਾਸ ਕਰਨੇ ਹਨ ਤੱਕ ਹੀ ਸੀਮਿਤ ਨਹੀਂ ਸਗੋਂ ਵੱਡੇ ਅਹੁਦਿਆਂ ’ਤੇ ਪਹੁੰਚ ਕੇ ਲੋਕ ਹਿੱਤਾਂ ਤੇ ਦੇਸ਼ ਲਈ ਕਿਵੇਂ ਕੰਮ ਕਰਨੇ ਹਨ ਦਾ ਵੀ ਵਿਖਿਆਨ ਕਰਦੀ ਹੈ।
ਪੰਜਾਬੀ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਛਪਣ ਵਾਲੇ ਕਵੀ ਮਦਨ ਵੀਰਾ ਨੇ ਪੁਸਤਕ ਦੇ ਨਾਇਕ ਅਤੇ ਲੇਖਕ ਦੋਹਾਂ ਨੂੰ ਇਸ ਪੁਸਤਕ ਰਾਹੀਂ ਸਾਹਿਤ ਵਿੱਚ ਵਿਦਿਆਰਥੀਆਂ ਲਈ ਇੱਕ ਨਵਾਂ ਅਧਿਆਇ ਜੋੜਨ ਲਈ ਵਧਾਈ ਦਿੱਤੀ।ਆਈ.ਏ.ਐੱਸ. ਨਵੀਨ ਕੁਮਾਰ ਨੇ ਆਪਣੀ ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਗੱਲਾਂ ਕਰਦਿਆਂ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦਾ ਭਰਮਣ ਕਰਦਿਆਂ ਗੁਜ਼ਾਰੇ ਉਨ੍ਹਾਂ ਖ਼ੂਬਸੂਰਤ ਪਲਾਂ ਨੂੰ ਯਾਦ ਕੀਤਾ ਜਿਹੜੇ ਇਸ ਪੁਸਤਕ ਦਾ ਅਧਾਰ ਬਣੇ।
ਡੀ.ਐੱਮ. ਹਿੰਦੀ ਕੁਲਦੀਪ ਸਿੰਘ ਨੇ ਇਸ ਪੁਸਤਕ ਦੀ ਹਿੰਦੀ ਭਾਸ਼ਾਈ ਸੁਧਾਈ ਕਰਦਿਆਂ ਧਿਆਨ ਵਿੱਚ ਆਏ ਨੁਕਤੇ ਸਾਂਝੇ ਕੀਤੇ।ਪ੍ਰਭਾਤ ਪ੍ਰਕਾਸ਼ਕ ਪੀਊਸ਼ ਨੇ ਲੇਖਕ ਡਾ. ਜਸਵੰਤ ਰਾਏ ਅਤੇ ਪੁਸਤਕ ਦੇ ਨਾਇਕ ਆਈ.ਏ.ਐੱਸ. ਜੀ.ਐੱਸ. ਨਵੀਨ ਕੁਮਾਰ ਨੂੰ ਆਪਣੇ ਪ੍ਰਕਾਸ਼ਨ ਹਾਊਸ ਨਾਲ ਜੁੜਨ ਲਈ ਮੁਬਾਰਕਬਾਦ ਦਿੱਤੀ।ਇਸ ਮੌਕੇ ਡਾ. ਕਮਲ ਕਿਸ਼ੋਰ ਯਾਦਵ, ਡਾ. ਕਰਨੈਲ ਚੰਦ, ਚਿੰਤਕ ਯੋਧਾ ਮੱਲ ਪਾਲ, ਜੇ.ਐੱਨ.ਯੂ. ਤੋਂ ਰਿਸਰਚ ਸਕਾਲਰ ਇੰਦਰਜੀਤ, ਆਦਿਤਿਆ ਰਾਓ ਅਤੇ ਸੁਏਸ਼ ਰੇਅ ਵੀ ਮੌਜੂਦ ਸਨ।