''ਹੁਣ ਪਟਵਾਰੀ, ਸਰਪੰਚ, ਨੰਬਰਦਾਰ, ਐਮ.ਸੀ ਆਨਲਾਇਨ ਦਸਤਾਵੇਜ਼ ਕਰਨਗੇ ਤਸਦੀਕ''
ਅਰਜ਼ੀ ਫਾਰਮ ਦੀ ਦਸਤੀ ਤਸਦੀਕ/ਰਿਪੋਰਟ ਕਰਵਾਉਣ ਦੀ ਲੋੜ ਨਹੀ-ਕੁਲਵੰਤ ਸਿੰਘ
ਸੰਜੀਵ ਜਿੰਦਲ
ਮਾਨਸਾ, 6 ਮਾਰਚ 2025 : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖੱਜਲ ਖੁਆਰੀ ਰਹਿਤ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਆਨਲਾਈਨ ਦਸਤਾਵੇਜ਼ ਤਸਦੀਕ ਦੀ ਸੁਵਿਧਾ ਸੁਰੂ ਕੀਤੀ ਜਾ ਰਹੀ ਹੈ ।
ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਦੱਸਿਆ ਕਿ ਹੁਣ ਕਿਸੇ ਵੀ ਕਿਸਮ ਦੇ ਸਰਟੀਫਿਕੇਟ ਅਪਲਾਈ ਕਰਨ ਜਾਂ ਜ਼ਿਲ੍ਹਾ ਵਾਸੀਆਂ ਨੂੰ ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਅਰਜ਼ੀ/ ਫਾਰਮਾਂ ਆਦਿ ਨੂੰ ਪਟਵਾਰੀ, ਸਰਪੰਚ , ਨੰਬਰਦਾਰ ਜਾਂ ਐੱਮ ਸੀ ਕੋਲ ਜਾ ਕੇ ਤਸਦੀਕ ਕਰਵਾਉਣ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ ਕਿਸਮ ਦੇ ਸਰਟੀਫਿਕੇਟ ਨੂੰ ਪਟਵਾਰੀ, ਸਰਪੰਚ, ਨੰਬਰਦਾਰ, ਐਮ.ਸੀ ਖੁਦ ਆਨਲਾਇਨ ਹੀ ਤਸਦੀਕ ਕਰਨਗੇ। ਹੁਣ ਨਾਗਰਿਕ ਕਿਸੇ ਵੀ ਜ਼ਿਲ੍ਹੇ ਤੋਂ ਆਪਣੇ ਘਰ ਦੇ ਪਰੂਫ ਲਗਾ ਕੇ ਅਪਲਾਈ ਕਰ ਸਕੇਗਾ। ਉਨ੍ਹਾਂ ਨੂੰ ਕਿਸੇ ਵੀ ਦਸਤੀ ਤਸਦੀਕ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਸਰਵਿਸ ਜਿਵੇਂ ਕਿ ਰਿਹਾਇਸ਼ੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਪੈਨਸ਼ਨ ਸਬੰਧੀ ਕੋਈ ਵੀ ਸਰਟੀਫਿਕੇਟ ਅਪਲਾਈ ਕੀਤਾ ਜਾ ਸਕਦਾ ਹੈ। ਸਰਟੀਫਿਕੇਟ ਅਪਲਾਈ ਕਰਨ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਆਉਣ 'ਤੇ ਪ੍ਰਾਰਥੀ ਹੈਲਪਲਾਈਨ ਨੰਬਰ 1100 'ਤੇ ਕਾਲ ਕਰ ਸਕਦੇ ਹਨ।