ਸੇਵਾ ਮਾਮਲਿਆਂ ’ਚ ਭਰਤੀ, ਨੁਕਤਿਆਂ ਤੇ ਤਰੱਕੀ ਸਬੰਧੀ "ਚੰਦੜ ਰਿਜਰਵੇਸ਼ਨ ਗਾਈਡ" ਪੁਸਤਕ ਰੀਲੀਜ਼
ਅਸ਼ੋਕ ਵਰਮਾ
ਬਠਿੰਡਾ, 28 ਜਨਵਰੀ 2025 : ਸੇਵਾ ਮਾਮਲਿਆਂ ਵਿਚ ਭਰਤੀ ਅਤੇ ਉਸ ਉਪਰੰਤ ਵੱਖ-ਵੱਖ ਨੁਕਤਿਆਂ ਤੇ ਤਰੱਕੀਆਂ ਨੂੰ ਲੈ ਕੇ ਰਾਖਵੇਂ ਨੁਕਤਿਆਂ ਨੂੰ ਸਪਸ਼ਟ ਕਰਦੀ "ਚੰਦੜ ਰਿਜਰਵੇਸ਼ਨ ਗਾਈ "ਡਾਕਟਰ ਬੀ ਆਰ ਅੰਬੇਦਕਰ ਭਵਨ ਬਠਿੰਡਾ ਵਿਖੇ ਰਿਲੀਜ਼ ਕੀਤੀ ਗਈ। ਇਹ ਗਾਈਡ ਲੋਕ ਨਿਰਮਾਣ ਵਿਭਾਗ ਵਿੱਚੋਂ ਸਰਕਲ ਸੁਪਰਡੰਟ ਦੇ ਅਹੁਦੇ ਤੋਂ ਸੇਵਾ ਮੁਕਤ ਸ. ਜੋਗਿੰਦਰ ਸਿੰਘ ਚੰਦੜ ਵੱਲੋਂ ਸੰਪਾਦਿਤ ਕੀਤੀ ਗਈ।ਇਸ ਗਾਈਡ ਵਿੱਚ ਸਰਕਾਰ ਦੀਆਂ ਸਮੇਂ-ਸਮੇਂ ਜਾਰੀ ਹਦਾਇਤਾਂ ਨੂੰ ਇਕੱਤਰ ਕਰਕੇ ਸੰਕਲਿਤ ਕੀਤਾ ਗਿਆ ਹੈ, ਜਿਸ ਵਿੱਚ ਵੱਖਰੇ-ਵੱਖਰੇ ਚੈਪਟਰ ਦੇ ਅੱਗੇ ਇੱਕ ਸਵੈ ਸਪਸ਼ਟ ਵਿਸਥਾਰਤ ਨੋਟ ਵੀ ਦਿੱਤਾ ਗਿਆ ਹੈ। ਇਸ ਕਿਤਾਬ ਵਿੱਚ 1949 ਤੋਂ ਲੈ ਕੇ ਹੁਣ ਤੱਕ ਰਾਖਵੇਂ ਮੁੱਦਿਆਂ ਨੂੰ ਲੈ ਕੇ ਸਮੇਂ-ਸਮੇਂ ਜਾਰੀ ਹੋਈਆਂ ਹਦਾਇਤਾਂ ਨੂੰ ਸੂਚੀ-ਬਧ ਕੀਤਾ ਗਿਆ ਹੈ। ਵੱਖ-ਵੱਖ ਵਿਭਾਗਾਂ ਵਿੱਚ ਰਾਖਵੇਂ ਮੁੱਦਿਆਂ ਨੂੰ ਲੈ ਕੇ ਭਰਤੀ ਸਮੇਂ, ਤਰੱਕੀਆਂ ਨੂੰ ਲੈ ਕੇ, ਰੋਸਟਰ ਰਜਿਸਟਰ ਤਿਆਰ ਕਰਦੇ ਸਮੇਂ ਜਾਂ ਸੁਨਿਆਰਤਾ ਸੂਚੀਆਂ ਨੂੰ ਲੈ ਕੇ ਵਿਭਾਗੀ ਕਰਮਚਾਰੀਆਂ ਜਾਂ ਅਧਿਕਾਰੀਆਂ ਦੇ ਭੁਲੇਖੇ ਰਹਿ ਜਾਂਦੇ ਸਨ, ਉਹ ਇਸ ਗਾਈਡ ਦੇ ਨਾਲ ਪੂਰਨ ਰੂਪ ਵਿੱਚ ਸਪਸ਼ਟ ਤਰੀਕੇ ਨਾਲ ਦੂਰ ਹੋਣਗੇ।
ਸੇਵਾ ਮੁਕਤ ਪੀ.ਸੀ.ਐਸ ਅਧਿਕਾਰੀ ਗੋਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਸ. ਜੋਗਿੰਦਰ ਸਿੰਘ ਜਿਹੜੇ ਕਿ ਆਪਣੇ ਵਿਭਾਗ ਵਿੱਚ ਵੀ ਮਿਹਨਤ ਅਤੇ ਲਗਨ ਕੰਮ ਕਰਕੇ ਇੱਕ ਵੱਖਰੇ ਅਧਿਕਾਰੀ ਵਜੋਂ ਸਥਾਨ ਰੱਖਦੇ ਸਨ, ਨੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਇਕੱਤਰ ਕਰਕੇ ਇੱਕ ਕਿਤਾਬਚੇ ਦਾ ਰੂਪ ਦੇਣ ਦਾ ਬੀੜਾ ਚੁੱਕਿਆ। ਇਹਨਾਂ ਹਦਾਇਤਾਂ ਨੂੰ ਸਪਸ਼ਟ ਕਰਨ ਹਿਤ ਵੱਖਰੇ-ਵੱਖਰੇ ਚੈਪਟਰ ਦੇ ਅੱਗੇ ਸਵੈ ਸਪਸ਼ਟ ਨੋਟ ਵੀ ਦਰਜ ਕੀਤੇ ਹਨ। ਉਹਨਾਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਇਤਫਾਕ ਦੀ ਗੱਲ ਹੈ ਕਿ 26 ਜਨਵਰੀ 2025 ਨੂੰ ਜਿਸ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸੰਵਿਧਾਨ ਭਾਰਤ ਵਿੱਚ ਲਾਗੂ ਕੀਤਾ ਗਿਆ, ਉਸੇ ਦਿਨ ਹੀ ਇਹ ਕਿਤਾਬ ਰਿਲੀਜ਼ ਕੀਤੀ ਗਈ ਹੈ।
ਇਸ ਮੌਕੇ ਸਾਬਕਾ ਜ਼ਿਲ੍ਹਾ ਭਲਾਈ ਅਫਸਰ ਸ. ਸਰਦੂਲ ਸਿੰਘ ਸਿੱਧੂ ਨੇ ਵੀ ਸ. ਜੋਗਿੰਦਰ ਸਿੰਘ ਦੀ ਭਰਮੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਅਧਿਕਾਰੀ ਨੇ ਵਿਭਾਗੀ ਹਦਾਇਤਾਂ ਨੂੰ ਇਕੱਠਿਆ ਕਰਕੇ ਇੱਕ ਮਿਸਾਲੀ ਕੰਮ ਕੀਤਾ ਹੈ। ਇਹ ਠੀਕ ਹੈ ਕਿ ਇਸ ਕੰਮ ਲਈ ਕਾਫੀ ਮਿਹਨਤ ਅਤੇ ਉਪਰਾਲੇ ਦੀ ਲੋੜ ਸਦਕਾ, ਸੇਵਾ ਮੁਕਤੀ ਉਪਰੰਤ ਆਰਾਮ ਨਾਲ ਬੈਠਣ ਦੀ ਥਾਂ ਇਸ ਕੰਮ ਲਈ ਦਿਨ ਰਾਤ ਇੱਕ ਕੀਤਾ। ਇਹ ਕਿਤਾਬ ਸਿਰਫ ਇੱਕ ਵਰਗ ਦੇ ਰਾਖਵੇਂਕਰਨ ਲਈ ਹੀ ਨਹੀਂ ਹੈ, ਇਸ ਵਿੱਚ ਵੱਖ ਵੱਖ ਸ਼੍ਰੇਣੀਆਂ ਦਾ ਰਾਖਮਾ ਕਰਨ ਜਿਵੇਂ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ, ਖਿਡਾਰੀਆਂ ਦਾ ਕੋਟਾ, ਅੰਗਹੀਣ ਵਿਅਕਤੀਆਂ ਦਾ ਕੋਟਾ ਇਸ ਤੋਂ ਇਲਾਵਾ ਆਰਥਿਕ ਪਛੜੇ ਪਣ ਵਗ ਦੇ ਨੁਕਤੇ ਵੀ ਉਠਾਏ ਗਏ ਹਨ। ਇਹ ਕਿਤਾਬ ਸਰਕਾਰੀ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਭਾਵ ਜਨਰਲ ਵਰਗ ਦੇ ਕਰਮਚਾਰੀਆਂ ਲਈ ਵੀ ਇੱਕ ਮੀਲ ਪੱਥਰ ਸਾਬਿਤ ਹੋਵੇਗੀ ਕਿਉਂਕਿ ਇਸ ਵਿੱਚ ਸਹੀ ਤੇ ਸਪਸ਼ਟ ਹਦਾਇਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਵਧੀਆ ਸਪਸ਼ਟ ਨੋਟ ਹਰ ਚੈਪਟਰ ਅੱਗੇ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਸ੍ਰੀ ਸਿੱਧੂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਭਲਾਈ ਦਫਤਰ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਰੋਸਟਰ ਰਜਿਸਟਰਾਂ ਨੂੰ ਮੁਕੰਮਲ ਕਰਨ ਅਤੇ ਵੱਖ-ਵੱਖ ਵਿਭਾਗਾਂ ਵਿੱਚ ਤਰੱਕੀਆਂ ਜੋ ਕਾਫੀ ਸਮੇਂ ਤੋਂ ਖੜ੍ਹੀਆਂ ਹੋਈਆਂ ਸਨ ਬਿਨਾਂ ਕਿਸੇ ਦਬਾਅ ਦੇ ਮੁਕੰਮਲ ਕਰਾਉਣ ਹਿੱਤ ਸ. ਜੋਗਿੰਦਰ ਸਿੰਘ ਨੇ ਵਿਭਾਗ ਦਾ ਬਹੁਤ ਸਾਥ ਦਿੱਤਾ ਅਤੇ ਭਲਾਈ ਵਿਭਾਗ ਵਿੱਚ ਇਕ ਆਪਣੀ ਵੱਖਰੀ ਪਛਾਣ ਰੱਖਦੇ ਹਨ।ਇਸ ਮੌਕੇ ਸਾਬਕਾ ਅਧਿਆਪਕ ਆਗੂ ਸ. ਲਛਮਣ ਸਿੰਘ ਮਲੂਕਾ ਨੇ ਵੀ ਵੱਖ-ਵੱਖ ਸ਼੍ਰੇਣੀਆਂ ਦੇ ਰਾਖਵੇਂਕਰਨ ਨਾਲ ਸੰਬੰਧਿਤ ਵਰਗਾ ਨੂੰ ਇਸ ਕਿਤਾਬ ਦੇ ਵਿੱਚੋਂ ਲਾਭ ਲੈਣ ਲਈ ਪ੍ਰੇਰਿਆ ਅਤੇ ਉਹਨਾਂ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪਾਏ ਹੋਏ ਪੂਰਨਿਆਂ ਤੇ ਚਲਦੇ ਸ. ਜੋਗਿੰਦਰ ਸਿੰਘ ਨੇ ਇਹ ਬਹੁਤ ਵਧੀਆ ਉਦਮ ਕੀਤਾ ਹੈ ਜਿਸ ਦਾ ਆਉਣ ਵਾਲੀ ਪੀੜੀ ਨੂੰ ਬਹੁਤ ਲਾਭ ਹੋਵੇਗਾ। ਇਸ ਦੇ ਨਾਲ ਹੀ ਸ. ਮਲਾਗਰ ਸਿੰਘ ਅਧਿਆਪਕਾ ਆਗੂ ਅਤੇ ਸ੍ਰੀ ਮੁਕੰਦ ਸਿੰਘ ਕੋਟ ਭਾਈ ਬੈਕਵਰਡ ਕਲਾਸ ਜਥੇਬੰਦੀ ਦੇ ਰਾਜ ਪੱਧਰ ਦੇ ਨੇਤਾ ਨੇ ਵੀ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਕੀਤਾ। ਇਸ ਤੋਂ ਇਲਾਵਾ ਹਰਬੰਸ ਸਿੰਘ ਸਾਬਕਾ ਅਧਿਆਪਕ ਆਗੂ ਨੇ ਵੀ ਆਪਣੇ ਵਿਚਾਰ ਰੱਖੇ।
ਅੰਤ ਦ ਵਿੱਚ ਸਰਦਾਰ ਜੋਗਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵੱਖ-ਵੱਖ ਮਹਿਕਮਿਆਂ ਵਿੱਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਮਿਲੀ ਹਿੰਮਤ ਅਤੇ ਹੌਸਲੇ ਕਰਕੇ ਹੀ ਇਹ ਸੰਭਵ ਹੋ ਸਕਿਆ। ਉਹਨਾਂ ਨੇ ਇਹ ਵੀ ਆਸ ਪ੍ਰਗਟਾਈ ਕਿ ਇਹ ਕਿਤਾਬ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਵਿਭਾਗ ਵਿੱਚ ਇੱਕ ਗਿਆਨ ਦੇ ਕਿਤਾਬਚੇ ਵਜੋਂ ਕੰਮ ਕਰੇਗੀ। ਉਹਨਾਂ ਨੇ ਇਹ ਵੀ ਇੱਛਾ ਜਾਹਿਰ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕਿਸੇ ਨੂੰ ਵੀ ਸੇਵਾ ਮਾਮਲਿਆਂ ਦੇ ਬਾਰੇ ਜਾਂ ਸੇਵਾ ਮਾਮਲਿਆਂ ਨਾਲ ਸੰਬੰਧਿਤ ਮੁੱਦਿਆਂ ਬਾਰੇ ਕਿਸੇ ਸਮੇਂ ਵੀ ਕਿਸੇ ਨੁਕਤੇ ਬਾਰੇ ਕੋਈ ਵਿਚਾਰ-ਵਟਾਂਦਰੇ ਦੀ ਲੋੜ ਹੋਵੇ ਤਾਂ ਉਹ ਹਰ ਵਕਤ ਟੈਲੀਫੋਨ ਅਤੇ ਨਿੱਜੀ ਤੌਰ ’ਤੇ ਵੀ ਹਾਜ਼ਰ ਰਹਿਣਗੇ।
ਇਸ ਸਮਾਗਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕ ਆਗੂ ਮਾਸਟਰ ਮਲਕੀਤ ਸਿੰਘ ਨੇ ਨਿਭਾਈ। ਉਹਨਾਂ ਨੇ ਸਰਦਾਰ ਜੋਗਿੰਦਰ ਸਿੰਘ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਲੜੀ ਲੜਾਈ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਇਸ ਕਿਤਾਬ ਦੀ ਸੰਪਾਦਨਾ ਪਿੱਛੇ ਲੰਬੀ ਘਾਲਣਾ ਦਾ ਜ਼ਿਕਰ ਕਰਦੇ ਹੋਏ ਸਾਰੇ ਹਾਜਰੀਨ ਨੂੰ ਵਧਾਈ ਦਿੱਤੀ ਅਤੇ ਖਾਸ ਕਰਕੇ ਜੋਗਿੰਦਰ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਇੱਕ ਬਹੁਤ ਹੀ ਵੱਡਾ ਉਪਰਾਲਾ ਕਰਦੇ ਹੋਏ ਸਾਰੀਆਂ ਹਦਾਇਤਾਂ ਨੂੰ ਕਿਤਾਬ ਦੇ ਰੂਪ ਦੇ ਵਿੱਚ ਇਕੱਤਰ ਕੀਤਾ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਸਰਕਾਰੀ ਅਧਿਕਾਰੀ ਕਰਮਚਾਰੀ ਅਤੇ ਦਫਤਰਾਂ ਵਿੱਚ ਸਾਰਥਕ ਸਾਬਤ ਹੋਵੇਗੀ।
ਇਸ ਮੌਕੇ ਸ਼੍ਰੀ ਪ੍ਰਭਦਿਆਲ ਸਾਬਕਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ, ਡਾ ਰੁਪਿੰਦਰ ਸਿੰਘ ਲੁਧਿਆਣਾ, ਗੁਰਚਰਨ ਸਿੰਘ ਸੇਵਾ ਮੁਕਤ ਈਟੀਓ ਲੁਧਿਆਣਾ, ਸ੍ਰੀ ਹਰਦੇਵ ਸਿੰਘ ਬੋਪਾਰਾਏ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ, ਗੁਰਪ੍ਰੀਤ ਸਿੰਘ ਏਡੀਓ ਲੁਧਿਆਣਾ, ਹਰੀ ਸਿੰਘ ਐਸਡੀਓ ਪਟਿਆਲਾ, ਡਾ ਬਲਜੀਤ ਸਿੰਘ ਰੇਡੀਓਲੋਜਿਸਟ, ਵਿਜੈ ਕੁਮਾਰ ਅਧਿਆਪਕ ਆਗੂ ਬੁਢਲਾਡਾ, ਜਸਵੀਰ ਸਿੰਘ ਅਕਬਰਪੁਰ ਖੁਡਾਲ ਅਧਿਆਪਕ ਆਗੂ, ਪ੍ਰਿੰਸੀਪਲ ਗੋਬਿੰਦ ਸਿੰਘ, ਗੁਰਦੇਵ ਸਿੰਘ ਕੋਟਫੱਤਾ, ਸ. ਟੇਕ ਸਿੰਘ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਬਲਵੰਤ ਸਿੰਘ ਮਾਨਸਾ, ਬੂਟਾ ਸਿੰਘ ਤਲਵੰਡੀ, ਅਤੇ ਜਗਪਾਲ ਸਿੰਘ ਬੰਗੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਮੌਜੂਦਾ ਤੇ ਸੇਵਾ ਮੁਕਤ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।