ਜੂਡੋ ਖਿਡਾਰੀਆਂ ਨੇ ਆਪਣੇ ਕੌਮੀ ਨਾਇਕਾਂ ਨੂੰ ਦਿੱਤੀ ਸ਼ਰਧਾਂਜਲੀ
ਸ਼ਹੀਦ ਭਗਤ ਸਿੰਘ, ਰਾਜ ਗੁਰੂ ਸੁਖਦੇਵ ਦੇ 95 ਵੇਂ ਸ਼ਹੀਦੀ ਦਿਹਾੜੇ ਤੇ ਚੰਗੇਰੇ ਸਮਾਜ ਦੀ ਸਿਰਜਣਾ ਲਈ ਕੀਤਾ ਅਹਿਦ
ਰੋਹਿਤ ਗੁਪਤਾ
ਗੁਰਦਾਸਪੁਰ 24 ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਜੂਡੋ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਸ਼ਹੀਦ ਭਗਤ ਸਿੰਘ, ਰਾਜ ਗੁਰੂ ਸੁਖਦੇਵ ਦੇ 95 ਵੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜਦੋਜਹਿਦ ਕਰਨ ਦਾ ਪ੍ਰਣ ਕੀਤਾ।
ਇਸ ਮੌਕੇ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ, ਚੰਗੇਰੇ ਸਮਾਜ ਦੀ ਸਿਰਜਣਾ ਲਈ ਤਾਂਘ, ਨੌਜਵਾਨਾਂ ਨੂੰ ਵਧੀਆ ਭਵਿੱਖ ਬਣਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਦੀ ਸਿੱਖਿਆ ਦਿੱਤੀ ਹੈ। ਉਹ ਜਿਥੇ ਅੱਜ ਤੋਂ 95 ਸਾਲ ਪਹਿਲਾਂ ਆਪਣੇ ਸਾਥੀਆਂ ਨਾਲ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦੇ ਤਖ਼ਤੇ ਤੇ ਝੂਲ ਗਿਆ ਉਥੇ ਆਉਣ ਵਾਲੀਆਂ ਪੀੜੀਆਂ ਲਈ ਇਕ ਚੰਗਾ ਸਿਧਾਂਤ ਛੱਡ ਕੇ ਗਏ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ ਨੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ ਨਾਲ ਚੰਗਾ ਸਾਹਿਤ ਪੜ੍ਹਨ, ਸਮਾਜ ਵਿਚ ਆ ਰਹੀਆਂ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਣ ਲਈ ਤੱਤਪਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਭਗਤ ਸਿੰਘ ਫਾਂਸੀ ਲੱਗਣ ਵੇਲੇ ਵੀ ਪੜ੍ਹ ਰਿਹਾ ਸੀ। ਭਗਤ ਸਿੰਘ ਵਾਰੇ ਸੋਸ਼ਲ ਮੀਡੀਆ ਵਿੱਚ ਬਹੁਤ ਸਾਰੇ ਭਰਮ ਫੈਲਾਏ ਜਾ ਰਹੇ ਹਨ ਕਿ ਉਹ ਬੰਬ ਧਮਾਕਾ ਕਰਕੇ ਹੀ ਦੇਸ਼ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਸੀ। ਜਦੋਂ ਕਿ ਉਹ ਚੰਗਾ ਲਿਖਾਰੀ, ਜਥੇਬੰਦਕ ਕਪਤਾਨ, ਨਿਡਰ ਵਿਅਕਤੀ, ਅਤੇ ਭਾਰਤ ਮਾਤਾ ਦੀ ਆਜ਼ਾਦੀ ਲਈ ਹਰ ਕੁਰਬਾਨੀ ਕਰਨ ਲਈ ਤੱਤਪਰ ਸੀ।
ਮੈਡਮ ਬਲਵਿੰਦਰ ਕੌਰ ਨੇ ਖਿਡਾਰੀਆਂ ਨੂੰ ਭਗਤ ਸਿੰਘ ਦੇ ਆਪਣੇ ਭਰਾਵਾਂ ਨੂੰ ਆਖ਼ਿਰੀ ਸਮੇਂ ਭੇਜੇ ਸੰਦੇਸ਼ ਦਾ ਹਵਾਲਾ ਦੇ ਕੇ ਸਿਹਤ ਦਾ ਖਿਆਲ ਰੱਖਣ, ਮਾਤਾ ਪਿਤਾ ਦੀ ਸੇਵਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਨੇ ਜੂਡੋ ਖਿਡਾਰੀਆਂ ਦੀ ਪੜ੍ਹਾਈ ਅਤੇ ਹੋਰ ਖਰਚਿਆਂ ਲਈ 25000 ਰੁਪਏ ਸਹਾਇਤਾ ਭੇਜਣ ਦਾ ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਧੰਨਵਾਦ ਕੀਤਾ ਗਿਆ।