ਮੁਫਤ ਕਣਕ ਦਾ ਲਾਭ ਲੈ ਰਹੇ ਸਮੂਹ ਲਾਭਪਾਤਰੀ 31 ਮਾਰਚ ਤੱਕ ਈ-ਕੇ.ਵਾਈ.ਸੀ ਲਾਜ਼ਮੀ ਕਰਵਾਉਣ
ਦਰਸ਼ਨ ਗਰੇਵਾਲ
ਰੂਪਨਗਰ, 12 ਮਾਰਚ 2025: ਜ਼ਿਲਾ ਖੁਰਾਕ ਸਪਲਾਈ ਕੰਟਰੋਲਰ, ਰੂਪਨਗਰ ਡਾ. ਕਿੰਮੀ ਵਨੀਤ ਕੌਰ ਸੇਠੀ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਮੁਫਤ ਕਣਕ ਦਾ ਲਾਭ ਲੈ ਰਹੇ ਸਮੂਹ ਲਾਭਪਾਤਰੀਆਂ ਨੂੰ 31-03-2025 ਤੱਕ ਆਪਣੇ ਨਜ਼ਦੀਕੀ ਡਿਪੂ ਉੱਤੇ ਜਾ ਕੇ ਆਪਣੀ ਈ-ਕੇ.ਵਾਈ.ਸੀ ਕਰਵਾਉਣ ਦੀ ਅਪੀਲ ਕੀਤੀ।
ਇਸ ਸੰਬੰਧੀ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ - 2013 ਅਧੀਨ ਮੁਫਤ ਕਣਕ ਦਾ ਲਾਭ ਲੈ ਰਹੇ ਸਮੂਹ ਲਾਭਪਾਤਰੀਆਂ ਲਈ ਮਿਤੀ 31 ਮਾਰਚ 2025 ਤੱਕ ਆਪਣੀ ਈ-ਕੇ.ਵਾਈ.ਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਖੁਰਾਕ ਤੇ ਸਪਲਾਈ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 31 ਮਾਰਚ 2025 ਈ-ਕੇ.ਵਾਈ.ਸੀ ਨਾ ਕਰਵਾਉਣ ਵਾਲੇ ਲਾਭਪਾਤਰੀਆਂ ਦਾ ਬਣਦਾ ਕਣਕ ਦਾ ਕੋਟਾ ਰੱਦ ਹੋ ਸਕਦਾ ਹੈ।
ਡਾ. ਸੇਠੀ ਨੇ ਦੱਸਿਆ ਕਿ ਜ਼ਿਲੇ ਦੇ ਸਮੂਹ ਡਿਪੂ ਹੋਲਡਰਾਂ ਵੱਲੋਂ ਸਮੂਹ ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ। ਹੁਣ ਤੱਕ ਜ਼ਿਲੇ ਦੇ ਲਗਭਗ 80% ਲਾਭਪਾਤਰੀ ਆਪਣੀ ਈ.ਕੇ.ਵਾਈ.ਸੀ. ਕਰਵਾ ਚੁੱਕੇ ਹਨ, ਜਿਸ ਵਿੱਚ ਸ੍ਰੀ ਚਮਕੌਰ ਸਾਹਿਬ, ਬਹਿਰਾਮਪੁਰ ਬੇਟ, ਮੀਆਂਪੁਰ, ਮੋਰਿੰਡਾ ਅਤੇ ਨੂਰਪੁਰ ਬੇਦੀ ਦੇ ਲਾਭਪਾਤਰੀਆਂ ਵੱਲੋਂ 80% ਤੋਂ ਘੱਟ ਈ-ਕੇ.ਵਾਈ.ਸੀ. ਕਰਵਾਈ ਗਈ ਹੈ।
ਉਨ੍ਹਾਂ ਬਾਕੀ ਰਹਿੰਦੇ ਸਮੂਹ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਨਜ਼ਦੀਕੀ ਡਿਪੂ ਤੇ ਜਾ ਕੇ ਮਸ਼ੀਨਾਂ ਉੱਤੇ ਆਪਣਾ ਅੰਗੂਠਾ ਲਗਾਉਂਦੇ ਹੋਏ ਈ-ਕੇ.ਵਾਈ.ਸੀ ਕਰਵਾ ਲੈਣ ਤਾਂ ਜੋ ਉਹਨਾਂ ਨੂੰ ਬਣਦਾ ਕਣਕ ਦਾ ਕੋਟਾ ਨਿਰੰਤਰ ਮਿਲਦਾ ਰਹੇ।