ਬਟਾਲਾ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਟੀਮ ਨਿਭਾ ਰਹੀ ਹੈ ਸ਼ਾਨਦਾਰ ਸੇਵਾਵਾਂ
- ਐਮਰਜੈਂਸੀ ਵਿੱਚ 112 ਡਾਇਲ ਕਰਕੇ ਪੁਲਿਸ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ
ਰੋਹਿਤ ਗੁਪਤਾ
ਬਟਾਲਾ, 12 ਮਾਰਚ 2025 - ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਸੜਕ ਸੁਰੱਖਿਆ ਫੋਰਸ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਜਸਵੰਤ ਕੋਰ, ਐਸ.ਪੀ (ਐੱਚ) ਬਟਾਲਾ ਨੇ ਦੱਸਿਆ ਕਿ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ) ਟੀਮ ਬਟਾਲਾ ਆਪਣੀ ਡਿਊਟੀ ਬਾਖੂਬੀ ਨਿਭਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਤੋਂ ਬਟਾਲਾ ਜਾ ਰਿਹਾ ਇੱਕ ਟਰੱਕ, ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾ ਗਿਆ। ਜਿਸ ਕਾਰਨ ਟਰੈਕਟਰ ਡਿਵਾਈਡਰ ਨਾਲ ਟਕਰਾ ਗਿਆ ਅਤੇ ਟਰਾਲੀ ਪਲਟ ਗਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਟਾਲਾ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਨੂੰ ਸੰਭਾਲਿਆ ਅਤੇ ਸੜਕ ਨੂੰ ਕੁਸ਼ਲਤਾ ਨਾਲ ਸਾਫ਼ ਕੀਤਾ।
ਉਨਾਂ ਅੱਗੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਬਟਾਲਾ, ਰਾਸ਼ਟਰੀ ਹਾਈਵੇਅ ’ਤੇ 24 ਘੰਟੇ ਗਸ਼ਤ ਕਰਦੀ ਹੈ, ਜੋ ਕਿ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੁਰਘਟਨਾਵਾਂ ਦੀ ਸਥਿਤੀ ਵਿੱਚ ਜ਼ਰੂਰੀ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਮਰਜੈਂਸੀ ਵਿੱਚ 112 ਡਾਇਲ ਕਰਕੇ ਪੁਲਿਸ ਸਹਾਇਤਾ ਪ੍ਰਾਪਤ ਕਰ ਸਕਦੇ ਹਨ।