ਮਨੁੱਖ ਪ੍ਰਤੀ ਮਨੁੱਖ ਦਾ ਵਿਸ਼ਵਾਸ਼ ਘਟਾਉਂਦਾ ਹੈ,ਦਿਖਾਵਾ !
--------------------------
ਦਿਖਾਵਾ ਭਾਂਵੇਂ ਤਿੰਨ ਅੱਖਰਾਂ ਦਾ ਸ਼ਬਦ ਹੈ।ਪਰ ਅਰਥ ਬੜੇ ਡੂੰਘੇ ਤੇ ਗਹਿਰੇ ਹਨ।ਅੱਜ ਸਾਡਾ ਸਮਾਜ ਮਹਿਜ਼ ਇਕ ਦਿਖਾਵਾ ਬਣ ਗਿਆ ਹੈ।ਬੰਦਾ ਦਿਖਦਾ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਹੈ।ਸਾਡਾ ਸਮਾਜ ਜੋ ਦਿਖਦਾ ਹੈ,ਅਸਲ ਚ ਉਹ ਹੈ ਨਹੀਂ।ਅੱਜ ਪਹਿਰਾਵੇ ਦਾ,ਵਿਚਾਰਾਂ ਦਾ,ਤਕਰਾਰ ਦਾ,ਗ਼ਰੀਬੀ ਤੇ ਅਮੀਰੀ ਦਾ ਹਮਦਰਦੀ ਤੇ ਮਿੱਤਰਤਾ ਦਾ ਦਿਖਾਵਾ,ਮਤਲਬ ! ਸਭ ਕੁਝ ਦਿਖਾਵਾ ਹੈ।ਅਜੋਕੇ ਕਮਰਸ਼ੀਅਲ ਯੁੱਗ ਚ ਸੱਚ ਦੀ ਥਾਂ ਪੈਸੇ ਨੇ ਲੈ ਲਈ ।ਪੈਸੇ ਦੀ ਹੋੜ ਨੇ ਮਨੁੱਖ ਦੀਆਂ ਅੱਖਾਂ ਤੇ ਪਰਦਾ ਪਾ ਦਿੱਤਾ ਹੈ।ਲੋਕ ਸੱਚ ਨਾਲੋਂ ਝੂਠ ਨੂੰ ਤਰਜੀਹ ਦਿੰਦੇ ਹਨ।ਸੱਚ ਨੂੰ ਸੱਚ ਮੰਨਣ ਲਈ ਤਿਆਰ ਨਹੀਂ ।ਪਰ ਝੂਠ ਨੂੰ ਸੱਚ ਮੰਨਣ ਲਈ ਤਿਆਰ ਹਨ ।ਇਹ ਸੋਚ ਹੈ! ਅੱਜ ਦੇ ਮਨੁੱਖ ਦੀ।ਜਿਸ ਨੇ ਦਿਖਾਵੇ ਨੂੰ ਬਡ਼ਾਵਾ ਦਿੱਤਾ ਹੈ ।
ਪੁਰਾਣਾ ਸਮਾਂ ਯਾਦ ਕਰਦਾ ਹਾਂ ਤਾਂ ਸੋਚਦਾ ਕਿ ਉਸ ਸਮੇਂ ਦਿਖਾਵਾ ਬਿਲਕੁਲ ਨਹੀਂ ਹੁੰਦਾ ਸੀ।ਲੋਕ ਸਾਦਾ ਜੀਵਨ ਬਤੀਤ ਕਰਦੇ ਸਨ।ਦਿਖਾਵੇ ਦਾ ਨਾਮੋ ਨਿਸ਼ਾਨ ਨਹੀਂ ਸੀ।ਉਸ ਵਕਤ ਲੋਕਾਂ ਕੋਲ ਪੈਸਾ ਬਹੁਤ ਘੱਟ ਹੁੰਦਾ ਸੀ।ਵਕਤ ਬਦਲਿਆ ।ਵਕਤ ਦੇ ਬਦਲਣ ਨਾਲ ਜਿਉਂ ਜਿਉਂ ਪੈਸੇ ਦੀ ਅਹਿਮੀਅਤ ਵਧਦੀ ਗਈ ਤਾਂ ਦਿਖਾਵੇ ਦੀ ਹੋੜ ਵੀ ਵਧਦੀ ਗਈ।ਪੈਦਲ ਤੋਂ ਸਾਈਕਲ ਤੇ ਸਾਈਕਲ ਤੋਂ ਸਕੂਟਰ ਫੇਰ ਸਕੂਟਰ ਤੋਂ ਕਾਰਾਂ ਤੇ ਕਾਰਾਂ ਤੋਂ ਹਵਾਈ ਜਹਾਜ਼ ਦੇ ਸਫ਼ਰ ਨੇ ਮਨੁੱਖ ਦੇ ਜੀਵਨ ਨੂੰ ਦਿਖਾਵੇ ਦੀ ਤੋਰ ਤੁਰਨ ਲਾ ਦਿੱਤਾ।ਅੱਜਕੱਲ੍ਹ ਭਾਵੇਂ ਬੰਦੇ ਦੇ ਪੱਲੇ ਧੇਲਾ ਨਾ ਹੋਵੇ ।ਪਰ ਉਸ ਦੇ ਪਾਏ ਕੱਪੜਿਆਂ ਤੋਂ ਤੁਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹ ਅਮੀਰ ਹੈ ਜਾਂ ਗ਼ਰੀਬ ? ਇਹ ਦਿਖਾਵੇ ਦਾ ਹੀ ਕਮਾਲ ਹੈ।ਦੂਜੇ ਪਾਸੇ ਬੰਦੇ ਦੇ ਪਾਏ ਘਸਮੈਲੇ ਕੱਪੜਿਆਂ ਤੋਂ ਤੁਸੀਂ ਇਹ ਪਰਖ ਨਹੀਂ ਕਰ ਸਕਦੇ ਕਿ ਇਹ ਬੰਦਾ ਗ਼ਰੀਬ ਹੈ ਜਾਂ ਇਸ ਬੰਦੇ ਕੋਲ ਕਿੰਨਾ ਕੁ ਪੈਸਾ ਹੋ ਸਕਦਾ?ਬਹੁਤ ਸਾਰੀਆਂ ਉਦਾਹਰਣਾਂ ਹਨ।ਜਦੋਂ ਇਹ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਕੇ ਇਕ ਭਿਖਾਰੀ, ਜੋ ਠੂਠਾ ਫੜ ਕੇ ਪਾਟੇ ਹੋਏ ਕੱਪੜੇ ਪਾ ਕੇ ਭੀਖ ਮੰਗ ਰਿਹਾ ਹੈ।ਉਹ ਕਰੋੜਾਂ ਦਾ ਮਾਲਕ ਹੈ।ਇਸ ਨੂੰ ਤੁਸੀ ਕੀ ਕਹੋਗੇ ? ਇਹ ਦੇਖਾਵਾ ਨਹੀ ਤਾ ਹੋਰ ਕੀ ਹੈ? ਇਸੇ ਤਰ੍ਹਾਂ ਸਮਾਜ ਚ ਵਿਚਰਦਿਆਂ ਮੈਂ ਬਹੁਤ ਸਾਰੇ ਬੰਦੇ ਅਜਿਹੇ ਵੇਖੇ ਹਨ।ਜੋ ਪੈਸੇ ਨੂੰ ਲੈ ਕੇ ਹਮੇਸ਼ਾ ਰੋਂਦੇ ਰਹਿੰਦੇ ਹਨ ਤੇ ਕਹਿੰਦੇ ਹਨ ਕੇ ਕੁਝ ਨਹੀਂ ?ਹਾਏ! ਲੁੱਟੇ ਗਏ ! ਮਾਰੇ ਗਏ !ਪਰ ਜੇਕਰ ਉਨ੍ਹਾਂ ਦੇ ਬੈਂਕ ਖਾਤੇ ਵੇਖੇ ਜਾਣ,ਤਾਂ ਕਰੋੜਪਤੀ ਨਿਕਲਣਗੇ।ਇਸ ਨੂੰ ਹੀ ਤਾਂ ਦਿਖਾਵਾ ਕਹਿੰਦੇ ਹਨ।ਮੇਰਾ ਇੱਕ ਬਹੁਤ ਕਰੀਬੀ ਦੋਸਤ ਹੈ ।ਜੋ ਹਮੇਸ਼ਾਂ ਸਾਦਾ ਕੁੜਤਾ ਪਜਾਮਾ ਤੇ ਪੈਰਾਂ ਵਿਚ ਚੱਪਲਾਂ ਪਾ ਕੇ ਰੱਖਦਾ ਹੈ।ਵੇਖਣ ਵਾਲਾ ਉਸ ਨੂੰ ਇਕ ਸਾਧਾਰਨ ਮਨੁੱਖ ਸਮਝੇਗਾ।ਪਰ ਉਸ ਦੀ ਆਪਣੀ ਯੂਨੀਵਰਸਿਟੀ ਹੈ।ਇੰਗਲੈਂਡ ਵਿੱਚ ਉਸ ਦਾ ਆਪਣਾ ਇੱਕ ਕਾਲਜ ਹੈ।ਇਸ ਤੋਂ ਬਿਨਾਂ ਵਿਦੇਸ਼ਾਂ ਵਿੱਚ ਆਪਣਾ ਕਾਰੋਬਾਰ ਹੈ।ਕਿਉਂਕਿ ਉਸ ਦੀ ਸੋਚ ਹੈ ਕਿ ਦਿਖਾਵੇ ਵਿੱਚ ਕੁਝ ਨਹੀਂ ਪਿਆ ।
ਕੁਝ ਲੋਕ ਦੇਖਾਵਾ ਪਸੰਦ ਕਰਦੇ ਹਨ ਤੇ ਕੁਝ ਲੋਕ ਦਿਖਾਵੇ ਦੇ ਵਿਰੁੱਧ ਹਨ।ਸੋਚ ਆਪੋ ਆਪਣੀ ਹੁੰਦੀ ਹੈ।ਕੋਈ ਦਾਨ ਲੁਕੋ ਕੇ ਕਰਦਾ ਹੈ ਤੇ ਕੋਈ ਦਾਨ ਕਰਨ ਲੱਗੇ ਅਖ਼ਬਾਰਾਂ ਤੇ ਮੀਡੀਆ ਵਿੱਚ ਆਪਣੀ ਵਾਹਵਾ ਕਰਵਾਉਂਦਾ ਹੈ।ਦੁਨੀਆਂ ਦੇਖਾਵੇ ਦੀ ਖੇਡ ਰਹਿ ਗਈ ।ਕਈ ਗ਼ਰੀਬ ਹੁੰਦੇ ਹੋਏ ਅਮੀਰੀ ਦਾ ਦੇਖਾਵਾ ਕਰਦੇ ਹਨ ਤੇ ਕਈ ਅਮੀਰ ਹੋ ਕੇ ਗ਼ਰੀਬੀ ਦਾ ਦੇਖਾਵਾ ਕਰਦੇ ਹਨ।ਮਿੱਤਰਤਾ ਦੇ ਦੇਖਾਵੇ ਵਿੱਚ ਲੋਕ ਇਕ ਪਾਸੇ ਦੋਸਤ ਦੇ ਮੂੰਹ ਤੇ ਉਸ ਲਈ ਜਾਨ ਕੁਰਬਾਨ ਕਰਨ ਦੀਆਂ ਗੱਲਾਂ ਕਰਨਗੇ ਤੇ ਦੂਜੇ ਪਾਸੇ ਉਸੇ ਦੋਸਤ ਦੀ ਪਿੱਠ ਪਿੱਛੇ ਉਸ ਦੀਆਂ ਜੜ੍ਹਾਂ ਕੁਤਰਣ ਦੀਆਂ।ਇਹ ਦਿਖਾਵਾ ਨਹੀਂ ਤਾਂ ਹੋਰ ਕੀ ਹੈ ? ਜੋ ਅੱਜਕਲ ਬਹੁਤੇ ਲੋਕਾਂ ਦੀ ਫਿਤਰਤ ਬਣ ਚੁੱਕਿਆ ਹੈ।ਇਸੇ ਤਰ੍ਹਾਂ ਇਕ ਪਾਸੇ ਲੋਕ ਆਪਣੇ ਆਪ ਨੂੰ ਬੜਾ ਸ਼ੁੱਧ, ਸੱਚਾ ਤੇ ਇਮਾਨਦਾਰ ਦੱਸ ਕੇ ਵਿਚਾਰ ਪ੍ਰਗਟ ਕਰਦੇ ਹਨ।ਜਦ ਕਿ ਦੂਜੇ ਪਾਸੇ ਉਨ੍ਹਾਂ ਦਾ ਜੀਵਨ ਉਨ੍ਹਾਂ ਦੇ ਹੀ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ।ਇਸ ਨੂੰ ਕਹਿੰਦੇ ਹਨ ਵਿਚਾਰਾਂ ਦਾ ਦਿਖਾਵਾ ?
ਇਸੇ ਤਰਾਂ ਹੀ ਹਮਦਰਦੀ ਦਾ ਦੇਖਾਵਾ ਵੀ ਅੱਜ ਕੱਲ੍ਹ ਲੋਕਾਂ ਦੀ ਜੀਵਨਸ਼ੈਲੀ ਦਾ ਹਿੱਸਾ ਬਣ ਚੁੱਕਾ ਹੈ।ਇਕ ਪਾਸੇ ਕਿਸੇ ਵਿਅਕਤੀ ਪ੍ਰਤੀ ਹਮਦਰਦੀ ਵਿਖਾਉਣਗੇ ਤੇ ਦੂਜੇ ਪਾਸੇ ਉਸ ਤੋਂ ਦੂਰ ਹੁੰਦਿਆਂ ਹੀ ਉਸ ਵਿਰੁੱਧ ਅੰਦਰੋ ਅੰਦਰੀ ਛੁਰੀਆਂ ਚਲਾਉਣਗੇ।ਕੁਝ ਲੋਕ ਅਜਿਹੇ ਵੀ ਵੇਖਣ ਨੂੰ ਮਿਲਦੇ ਹਨ, ਜੋ ਕਿਸੇ ਗੱਲ ਨੂੰ ਲੈ ਕੇ ਤਕਰਾਰ ਤਾਂ ਬਹੁਤ ਕਰਨਗੇ ।ਪਰ ਛੇਤੀ ਹੀ ਤਕਰਾਰ ਵਾਲੀ ਗੱਲ ਨੂੰ ਛੱਡ ਸਮਝੌਤਾ ਕਰ ਲੈਂਦੇ ਹਨ।ਬਸ !ਕੇਵਲ ਦਿਖਾਵਾ ਕਰਦੇ ਹਨ ਕਿ ਮੈਂ ਬੜਾ ਸਟੈਂਡ ਵਾਲਾ ਬੰਦਾ ਹਾਂ।
ਮੁੱਕਦੀ ਗੱਲ! ਦੇਖਾਵਾ ਕਿਸੇ ਵੀ ਤਰ੍ਹਾਂ ਦਾ ਹੋਵੇ ਝੂਠਾ,ਚਾਹੇ ਸੱਚਾ। ਮਨੁੱਖ ਲਈ ਲਾਭਦਾਇਕ ਨਹੀਂ ਹੁੰਦਾ ਹੈ।ਸੋ ਦਿਖਾਵੇ ਤੋਂ ਬਚਣ ਦੀ ਲੋੜ ਹੈ।ਖ਼ਾਸ ਕਰਕੇ ਝੂਠੇ ਦਿਖਾਵੇ ਤੋ।ਕਿਉਂਕਿ ਇਹ ਮਨੁੱਖ ਦਾ ਮਨੁੱਖ ਪ੍ਰਤੀ ਵਿਸ਼ਵਾਸ ਘਟਾਉਂਦਾ ਹੈ। ਵਿਸ਼ਵਾਸ ਨੂੰ ਤੋੜਦਾ ਹੈ।ਜਦ ਕਿ ਸੱਚ,ਵਿਸ਼ਵਾਸ ਦੀਆਂ ਤੰਦਾਂ ਨੂੰ ਮਜ਼ਬੂਤ ਤੇ ਪੀਡਾ ਕਰਦਾ ਹੈ।
--------
ਲੈਕਚਰਾਰ ਅਜੀਤ ਖੰਨਾ
ਐਮ.ਏ.,ਐਮ.ਫਿਲ.,ਮਾਸਟਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ.,ਬੀ.ਐੱਡ.)
ਮੋਬਾਇਲ : 76967 54669
ਫਾਈਲ ਫੋਟੋ : ਲੈਕਚਰਾਰ ਅਜੀਤ ਖੰਨਾ

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.