PPSC ਵੱਲੋਂ PCS ਤੇ ਹੋਰ ਪ੍ਰੀਖਿਆਵਾਂ ਕਰਵਾਉਣ ਦੀ ਤਿਆਰੀ ਜੋਰਾਂ 'ਤੇ, ਜਲਦ ਹੋਵੇਗਾ ਤਰੀਕਾਂ ਦਾ ਐਲਾਨ - ਚੇਅਰਪਰਸਨ ਹਰਮੋਹਨ ਸੰਧੂ
- ਕਿਹਾ, ਉਮੀਦਵਾਰ ਕੇਵਲ ਆਪਣੀ ਕਾਬਲੀਅਤ 'ਤੇ ਵਿਸ਼ਵਾਸ਼ ਰੱਖਦੇ ਹੋਏ ਤਿਆਰੀ 'ਤੇ ਜ਼ੋਰ ਦੇਣ
- ਪੀ.ਸੀ.ਐਸ ਇਮਤਿਹਾਨ ਦੀ ਤਿਆਰੀ ਕਰ ਰਹੇ ਉਮੀਦਵਾਰ ਪ੍ਰੀਖਿਆ ਬਾਰੇ ਅਫ਼ਵਾਹਾਂ ਤੋਂ ਬਚਣ ਤੇ ਸਬੰਧਤ ਜਾਣਕਾਰੀ ਕੇਵਲ ਅਧਿਕਾਰਤ ਵੈਬਸਾਇਟ ਤੋਂ ਹੀ ਲੈਣ- ਕਾਰਜਕਾਰੀ ਚੇਅਰਪਰਸਨ
- ਕਮਿਸ਼ਨ ਵੱਲੋਂ ਸਬੰਧਤ ਵਿਭਾਗਾਂ ਤੋਂ ਮੰਗੇ ਪ੍ਰਸ਼ਾਸਕੀ ਸਪੱਸ਼ਟੀਕਰਨ ਆਉਣ ਬਾਅਦ ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਸਮਾਂ ਸਾਰਨੀ ਦਾ ਹੋਵੇਗਾ ਐਲਾਨ
ਪਟਿਆਲਾ, 11 ਮਾਰਚ 2025 - ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਦੇ ਕਾਰਜਕਾਰੀ ਚੇਅਰਪਰਸਨ ਹਰਮੋਹਨ ਕੌਰ ਸੰਧੂ ਨੇ ਕਿਹਾ ਹੈ ਕਿ ਕਮਿਸ਼ਨ ਵੱਲੋਂ ਪੰਜਾਬ ਸਿਵਲ ਸੇਵਾ (ਕਾਰਜਕਾਰੀ ਸ਼ਾਖਾ) ਸਮੇਤ ਹੋਰ ਅਸਾਮੀਆਂ ਦੀ ਭਰਤੀ ਵਾਸਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਤਿਆਰੀ ਜ਼ੋਰਾਂ 'ਤੇ ਕੀਤੀ ਜਾ ਰਹੀ ਹੈ।
ਕਮਿਸ਼ਨ ਦੇ ਕਾਰਜਕਾਰੀ ਚੇਅਰਪਸਨ ਨੇ ਅੱਜ ਇੱਥੇ ਕਮਿਸ਼ਨ ਦੇ ਸਕੱਤਰ ਚਰਨਜੀਤ ਸਿੰਘ ਤੇ ਸਕੱਤਰ (ਪ੍ਰੀਖਿਆਵਾਂ) ਵਿਉਮ ਭਾਰਦਵਾਜ ਨਾਲ ਇੱਕ ਬੈਠਕ ਕਰਦਿਆਂ ਦੱਸਿਆ ਕਿ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਸਬੰਧਤ ਵਿਭਾਗਾਂ ਤੋਂ ਕੁਝ ਪ੍ਰਸ਼ਾਸਕੀ ਸਪੱਸ਼ਟੀਕਰਨ ਮੰਗੇ ਹਨ, ਉਹ ਮਿਲਣ ਬਾਅਦ ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਪ੍ਰਤੀਯੋਗੀ ਪ੍ਰੀਖਿਆਵਾਂ ਸਮੇਤ ਹੋਰ ਭਰਤੀਆਂ ਦੀਆਂ ਪ੍ਰੀਖਿਆਵਾਂ ਦੀ ਸਮਾਂ ਸਾਰਨੀ ਦਾ ਐਲਾਨ ਕਰ ਦਿੱਤਾ ਜਾਵੇਗਾ।
ਹਰਮੋਹਨ ਕੌਰ ਸੰਧੂ ਨੇ ਪੀ.ਸੀ.ਐਸ ਲਈ ਅਪਲਾਈ ਕਰਨ ਵਾਲੇ ਕਰੀਬ 85 ਹਜਾਰ ਚਾਹਵਾਨ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਕੇਵਲ ਆਪਣੀ ਕਾਬਲੀਅਤ 'ਤੇ ਵਿਸ਼ਵਾਸ਼ ਰੱਖਦੇ ਹੋਏ ਤਿਆਰੀ 'ਤੇ ਜ਼ੋਰ ਦੇਣ ਅਤੇ ਪ੍ਰੀਖਿਆਵਾਂ ਦੀਆਂ ਤਰੀਕਾਂ ਬਾਰੇ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚਣ।
ਕਾਰਜਕਾਰੀ ਚੇਅਰਪਰਸਨ ਨੇ ਦੱਸਿਆ ਕਿ ਕਮਿਸ਼ਨ ਦੇ ਵੱਖ-ਵੱਖ ਇਸ਼ਤਿਹਾਰਾਂ ਵਿੱਚ ਅਪਲਾਈ ਕਰ ਚੁੱਕੇ ਸਾਰੇ ਉਮੀਦਵਾਰ ਪ੍ਰੀਖਿਆਵਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਕੇਵਲ ਤੇ ਕੇਵਲ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਅਧਿਕਾਰਤ ਵੈਬਸਾਇਟ www.ppsc.gov.in ਜਾਂ ਪੀ.ਸੀ.ਐਸ. ਲਈ ਵਿਸ਼ੇਸ਼ ਈਮੇਲ ਆਈ.ਡੀ pcseb2025@gmail.com, supdt.scrutiny@ppsc.gov.in, enquiry@ppsc.gov.in ਅਤੇ ਕੰਮ ਵਾਲੇ ਦਿਨ ਵਿੱਚ ਕਮਿਸ਼ਨ ਦੇ ਫੋਨ ਨੰਬਰ 0175-5014831, 5014849, 5014847 ਤੇ 5014822 ਤੋਂ ਹੀ ਜਾਣਕਾਰੀ ਲੈਣ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਸਰਕਾਰ ਵਿੱਚ ਨੌਕਰੀਆਂ ਦੀ ਭਰਤੀ ਕਰਨ 'ਤੇ ਜ਼ੋਰ ਦੇ ਰਹੀ ਹੈ ਅਤੇ ਇਸ ਸਮੇਂ ਪੰਜਾਬ ਨੂੰ ਚੰਗੇ ਤੇ ਕਾਬਲ ਅਧਿਕਾਰੀਆਂ ਦੀ ਲੋੜ ਵੀ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨੂੰ ਹੋਰ ਸਖ਼ਤ ਤਿਆਰੀ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਰੇ ਉਮੀਦਵਾਰ ਇਨ੍ਹਾਂ ਨੌਕਰੀਆਂ ਲਈ ਸਖ਼ਤ ਮੁਕਾਬਲੇ ਦੇ ਮੱਦੇਨਜ਼ਰ ਆਪਣਾ ਧਿਆਨ ਕੇਵਲ ਤੇ ਕੇਵਲ ਤਿਆਰੀ ਵੱਲ ਹੀ ਕੇਂਦਰਤ ਕਰਨ ਤੇ ਇਮਤਿਹਾਨ ਦੀਆਂ ਤਰੀਕਾਂ ਬਾਰੇ ਕਿਸੇ ਅਫ਼ਵਾਹ ਵੱਲ ਧਿਆਨ ਨਾ ਦੇਣ ਅਤੇ ਲਗਾਤਾਰ ਕਮਿਸ਼ਨ ਦੀ ਵੈਬਸਾਇਟ ਚੈਕ ਕਰਦੇ ਰਹਿਣ।
ਹਰਮੋਹਨ ਕੌਰ ਸੰਧੂ ਨੇ ਹੋਰ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਹਰ ਤਰ੍ਹਾਂ ਦੀ ਭਰਤੀ ਪ੍ਰਕ੍ਰਿਆ ਪੂਰੀ ਨਿਰਪੱਖਤਾ, ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਭਰਤੀਆਂ ਲਈ ਪ੍ਰੀਖਿਆਵਾਂ ਦੌਰਾਨ ਹਰ ਤਰ੍ਹਾਂ ਦੇ ਗੁਪਤਤਾ ਤੇ ਸੁਰੱਖਿਆ ਦੇ ਪ੍ਰੋਟੋਕਾਲ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਂਦੀ ਹੈ ਅਤੇ ਕਮਿਸ਼ਨ ਪ੍ਰੀਖਿਆ ਦੇ ਮਾਮਲੇ ਵਿੱਚ ਕਦੇ ਕੋਈ ਸਮਝੌਤਾ ਨਹੀਂ ਕਰਦਾ।