ਚੰਡੀਗੜ੍ਹ: ਤੇਜ਼ ਰਫ਼ਤਾਰ ਪੋਰਸ਼ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਇੱਕ ਦੀ ਮੌਤ, ਦੋ ਗੰਭੀਰ ਜਖਮੀ
ਰਵੀ ਜੱਖੂ
ਚੰਡੀਗੜ੍ਹ : ਚੰਡੀਗੜ੍ਹ ਦੇ ਵੀਆਈਪੀ ਇਲਾਕੇ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ। ਸੈਕਟਰ 4 ਦੇ ਪੈਟਰੋਲ ਪੰਪ ਨੇੜੇ ਦਿਰਾਤ ਇੱਕ ਤੇਜ਼ ਰਫ਼ਤਾਰ ਪੋਰਸ਼ ਕਾਰ ਨੇ ਐਕਟਿਵਾ ਸਵਾਰ ਦੋ ਕੁੜੀਆਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ, ਉਸੇ ਕਾਰ ਨੇ ਅੱਗੇ ਜਾ ਰਹੇ ਇੱਕ ਹੋਰ ਐਕਟਿਵਾ ਚਾਲਕ ਨੂੰ ਵੀ ਜ਼ਬਰਦਸਤ ਟੱਕਰ ਮਾਰੀ।
ਐਕਟਿਵਾ ਇੰਜਣ ਵਿੱਚ ਫਸ ਕੇ ਦੋ ਟੁਕੜਿਆਂ ਵਿੱਚ ਟੁੱਟੀ
ਚਸ਼ਮਦੀਦਾਂ ਦੇ ਮੁਤਾਬਕ, ਟੱਕਰ ਦੀ ਝਟਕਾ ਇੰਨਾ ਜ਼ੋਰਦਾਰ ਸੀ ਕਿ ਐਕਟਿਵਾ ਪੋਰਸ਼ ਕਾਰ ਦੇ ਇੰਜਣ ਵਿੱਚ ਫਸ ਗਈ ਅਤੇ ਕਾਰ ਨੇ ਉਸਨੂੰ ਕਈ ਮੀਟਰ ਤੱਕ ਘਸੀਟਿਆ। ਇਸ ਹਾਦਸੇ ਦੌਰਾਨ ਪੋਰਸ਼ ਨੇ ਪਹਿਲਾਂ ਇੱਕ ਬਿਜਲੀ ਦਾ ਖੰਭਾ, ਫਿਰ ਇੱਕ ਟ੍ਰੈਫਿਕ ਸਾਈਨ ਬੋਰਡ ਢਾਹ ਦਿੱਤਾ ਅਤੇ ਆਖ਼ਰ ਵਿੱਚ ਇੱਕ ਦਰੱਖਤ ਨਾਲ ਟਕਰਾ ਗਈ।
ਇਸ ਭਿਆਨਕ ਹਾਦਸੇ ‘ਚ ਐਕਟਿਵਾ ਦੋ ਟੁਕੜਿਆਂ ਵਿੱਚ ਟੁੱਟ ਗਈ। ਐਕਟਿਵਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਕੁੜੀਆਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਡਰਾਈਵਰ ਗ੍ਰਿਫ਼ਤਾਰ, ਕਾਰ ਕਬਜ਼ੇ 'ਚ
ਸੈਕਟਰ 3 ਥਾਣੇ ਦੀ ਪੁਲਿਸ ਨੇ ਪੋਰਸ਼ ਡਰਾਈਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਲਾਪਰਵਾਹੀ, ਤੇਜ਼ ਰਫ਼ਤਾਰ ਅਤੇ ਸੜਕ ਹਾਦਸੇ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਅਤੇ ਜ਼ਖਮੀਆਂ ਦੀ ਪਛਾਣ
ਜਾਂਚ ਦੌਰਾਨ ਪਤਾ ਲੱਗਾ ਕਿ ਪੋਰਸ਼ ਕਾਰ ਸੈਕਟਰ 21 ਦੇ ਵਸਨੀਕ ਸੰਜੀਵ ਦੇ ਨਾਂ 'ਤੇ ਰਜਿਸਟਰ ਹੈ। ਮ੍ਰਿਤਕ ਦੀ ਪਛਾਣ ਅੰਕਿਤ ਵਜੋਂ ਹੋਈ ਹੈ, ਜੋ ਕਿ ਨਯਾਗਾਓਂ ਦਾ ਰਹਿਣ ਵਾਲਾ ਸੀ। ਜ਼ਖਮੀ ਕੁੜੀਆਂ ਦੀ ਪਛਾਣ ਸੋਨੀ ਅਤੇ ਗੁਰਲੀਨ ਵਜੋਂ ਹੋਈ ਹੈ।
ਪੁਲਿਸ ਹੁਣ ਵੀ ਮਾਮਲੇ ਦੀ ਗਹਿਨ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ।