ਨਗਰ ਕੌਂਸਲ ਦੀ ਜਗਾ ‘ਤੇ ਨਜਾਇਜ਼ ਕਬਜ਼ੇ ਕਰਾਉਣ ਵਾਲੇ ਪ੍ਰਧਾਨ ਨੂੰ ਲੋਕਲ ਬਾਡੀਜ ਦੇ ਸੈਕਟਰੀ ਨੇ ਭੇਜਿਆ ਕਾਰਨ ਦੱਸੋ ਨੋਟਿਸ
- ਨਜਾਇਜ਼ ਉਸਾਰੀ ਵਾਲੀ ਜਗ੍ਹਾਂ ਤੇ ਵਿਜੀਲੈਂਸ ਦੇ ਚੁੱਕੀ ਹੈ ਦਸਤਕ
- ਨੋਟਿਸ ਦਾ ਜਵਾਬ 21 ਦਿਨਾ ‘ਚ ਨਾ ਦਿੱਤਾ ਤਾਂ ਕੀਤਾ ਜਾਵੇਗਾ ਪ੍ਰਧਾਨਗੀ ਤੋਂ ਲਾਂਭੇ
ਜਗਰਾਓਂ, 12 ਮਾਰਚ () ਖੁਦ ਨੂੰ ਪਾਕ ਦਾਮਨ ਕਹਿਣ ਵਾਲੇ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਜਗਰਾਓਂ ਦੇ ਹੀ ਇਕ ਸਮਾਜ ਸੇਵੀ ਵਲੋਂ ਕੀਤੀ ਗਈ ਸ਼ਿਕਾਇਤ ਉੱਪਰ ਪੰਜਾਬ ਸਰਕਾਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਨੋਟਿਸ ਦਾ ਜਵਾਬ ਦੇਣ ਲਈ ਪ੍ਰਧਾਨ ਨੂੰ 21 ਦਿਨ ਦਾ ਸਮਾ ਦਿੱਤਾ ਗਿਆ ਹੈ ਅਤੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਪ੍ਰਧਾਨ ਰਾਣਾ ਵਲੋਂ ਸਮੇਂ ਸਿਰ ਜਵਾਬ ਨਾ ਦਿੱਤਾ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਰਾਣਾ ਵਲੋਂ ਆਪਣੇ ਪੱਖ ਵਿਚ ਕੁਝ ਨਹੀਂ ਕਹਿਣਾ ਚਾਹੁੰਦਾ ਤਾਂ ਕਾਨੂੰਨ ਅਨੁਸਾਰ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਜਾਵੇਗਾ।
ਪ੍ਰਧਾਨ ਜਤਿੰਦਰ ਪਾਲ ਰਾਣਾ ਦੇ ਖਿਲਾਫ ਕੀ ਹਨ ਦੋਸ਼
ਕਾਰਨ ਦੱਸੋ ਨੋਟਿਸ ਮੁਤਾਬਿਕ ਪ੍ਰਧਾਨ ਰਾਣਾ ਦੇ ਖਿਲਾਫ ਰਾਣਾ ਵਲੋਂ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹੋਏ ਮਿਲੀ ਭੁਗਤ ਨਾਲ ਪੁਰਾਣੀ ਦਾਣਾ ਮੰਡੀ ‘ਚ ਕਰੋੜਾਂ ਰੁਪਏ ਦੀ ਕੀਮਤ ਵਾਲੀਆਂ ਸਰਕਾਰੀ ਥਾਵਾਂ ਉੱਪਰ ਨਜਾਇਜ਼ ਕਬਜ਼ੇ ਕਰਵਾ ਕੇ ਸਰਕਾਰੀ ਥਾਵਾਂ ਨੂੰ ਖੁਰਦ ਬੁਰਦ ਕਰਨ ਸਬੰਧੀ ਸ਼ਿਕਾਇਤ ਇਕ ਸਮਾਜ ਸੇਵੀ ਵਲੋਂ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜੀ ਗਈ ਸੀ। ਜਿਸ ਉੱਪਰ ਕਾਰਵਾਈ ਕਰਦਿਆਂ ਹੋਇਆਂ ਸਰਕਾਰ ਦੀ ਜਮੀਨ ‘ਤੇ ਨਜਾਇਜ਼ ਕਬਜ਼ਾ ਕਰਨ ਅਤੇ ਨਜਾਇਜ਼ ਦੁਕਾਨਾਂ ਦੀ ਉਸਾਰੀ ਦੇ ਖਿਲਾਫ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਸੀ ਅਤੇ ਇਸ ਮੁੱਦੇ ਤੇ ਕਾਰਵਾਈ ਦੌਰਾਨ ਪ੍ਰਧਾਨ ਰਾਣਾ ਵਲੋਂ ਕਰਵਾਏ ਗਏ ਨਜਾਇਜ਼ ਕਬਜ਼ਿਆਂ ਨਾਲ ਹੋਏ ਵਿੱਤੀ ਨੁਕਸਾਨ ਦੀ ਨਿਰਪੱਖ ਪੜਤਾਲ ਕਰਵਾਉਣ ਸਬੰਧੀ ਮੁੱਖ ਚੌਕਸੀ ਅਫਸਰ ਵਲੋਂ ਕੀਤੀ ਪੜਤਾਲ ਦੌਰਾਨ ਪੁਰਾਣੀ ਦਾਣਾ ਮੰਡੀ ਜਗਰਾਓਂ ਵਿਖੇ ਅਮਿਤ ਬਾਂਸਲ ਅਤੇ ਸਤੀਸ਼ ਬਾਂਸਲ ਵਲੋਂ ਆਪਣੀਆਂ ਦੋ ਦੁਕਾਨਾਂ ਦੀ ਉਸਾਰੀ ਸਮੇਂ ਕਈ ਫੁੱਟ ਤੱਕ ਦੀ ਇਨਕਰੋਚਮੈਂਟ ਕੀਤੀ ਜਾ ਰਹੀ ਸੀ। ਜਿਸ ਸਬੰਧੀ ਨਗਰ ਕੌਂਸਲ ਵਲੋਂ ਕਾਰਵਾਈ ਕਰਦੇ ਹੋਏ ਉਸਾਰੀ ਕਾਰਾਂ ਨੂੰ 195 ਡੀ ਦਾ ਨੋਟਿਸ ਜਾਰੀ ਕੀਤੇ ਗਏ ਸਨ। ਉਸਾਰੀ ਕਾਰ ਵਲੋਂ ਨਾ ਹੀ ਉਸਾਰੀ ਨੂੰ ਬੰਦ ਕੀਤਾ ਗਿਆ ਅਤੇ ਨਾ ਹੀ ਉਸਾਰੀ ਨੂੰ ਨਕਸ਼ੇ ਮੁਤਾਬਕ ਬਣਾਇਆ ਗਿਆ ਸੀ। ਇਸ ਨਜਾਇਜ਼ ਉਸਾਰੀ ਨੂੰ ਹਟਾਉਣ ਲਈ ਪੁਲਿਸ ਸਹਾਇਤਾ ਲੈਣ ਲਈ ਸੰਬੰਧਿਤ ਪੁਲਿਸ ਵਿਭਾਗ ਨੂੰ ਪੱਤਰ ਜਾਰੀ ਕੀਤਾ ਗਿਆ ਸੀ। ਪ੍ਰੰਤੂ ਮੌਕੇ ਤੇ ਪੁਲਿਸ ਸਹਾਇਤਾ ਪ੍ਰਦਾਨ ਨਹੀਂ ਕੀਤੀ ਗਈ ਅਤੇ ਨਾ ਹੀ ਸੰਬੰਧਿਤ ਵਿਭਾਗ ਵਲੋਂ ਕੋਈ ਵੀ ਜਵਾਬੀ ਪੱਤਰ ਇਸ ਦਫਤਰ ਵਿਖੇ ਪ੍ਰਾਪਤ ਹੋਇਆ। ਮੌਕੇ ਤੇ ਪ੍ਰਧਾਨ ਨਗਰ ਕੌਂਸਲ ਜਗਰਾਓਂ ਵਲੋਂ ਆਪਣੇ ਆਹੁਦੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਉਸਾਰੀ ਕਾਰ ਨੂੰ ਥਾਪੜਾ ਦਿੱਤਾ ਗਿਆ ਅਤੇ ਦਫਤਰੀ ਕੰਮ ਵਿਚ ਵਿਘਨ ਪਾਉਂਦੇ ਹੋਏ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਇਹਨਾਂ ਉਸਾਰੀਆਂ ਸੰਬੰਧੀ ਕੋਈ ਵੀ ਕਾਰਵਾਈ ਕਰਨ ਤੋਂ ਰੋਕਿਆ ਗਿਆ ਅਤੇ ਪ੍ਰਧਾਨ ਮੌਕੇ ਤੇ ਮੌਜੂਦ ਰਹਿ ਕੇ ਕੋਈ ਵੀ ਕਾਰਵਾਈ ਨਾ ਕਰਵਾ ਸਕਿਆ ਅਤੇ ਕਾਰਵਾਈ ਕਰਨ ਤੋਂ ਵੀ ਮੁਲਾਜ਼ਮਾਂ ਨੂੰ ਰੋਕ ਦਿੱਤਾ, ਜੋ ਕਿ ਪ੍ਰਧਾਨ ਹੋਣ ਦੇ ਨਾਤੇ ਨਗਰ ਕੌਂਸਲ ਦੇ ਖਿਲਾਫ ਅਜਿਹੀ ਕਾਰਵਾਈ ਪ੍ਰਧਾਨ ਨੂੰ ਪ੍ਰਧਾਨਗੀ ਪਦ ਦੇ ਅਧਿਕਾਰਾਂ ਤੋਂ ਅਯੋਗ ਕਰਦੀ ਹੈ।
ਸਮਾਜਸੇਵੀ ਦੀ ਸ਼ਿਕਾਇਤ ਤੇ ਪੁਰਾਣੀ ਦਾਣਾ ਮੰਡੀ ‘ਚ ਪ੍ਰਧਾਨ ਵਲੋਂ ਕਰਾਇਆ ਗਿਆ ਨਜਾਇਜ਼ ਕਬਜੇ ਸਬੰਧੀ ਵਿਜੀਲੈਂਸ ਵਲੋਂ ਮੌਕੇ ਤੇ ਆ ਕੇ ਚੈਕਿੰਗ ਕੀਤੀ ਗਈ ਸੀ, ਜਿਸ ਦੇ ਅਧਾਰ ‘ਤੇ ਏ.ਡੀ.ਸੀ. ਯੁ.ਡੀ. ਲੁਧਿਆਣਾ ਵਲੋਂ ਜਾਂਚ ਪੜਤਾਲ ਕੀਤੀ ਜਾ ਚੁੱਕੀ ਹੈ, ਜਿਸ ਵਿਚ ਅਧਿਕਾਰੀਆਂ, ਸ਼ਿਕਾਇਤਕਰਤਾ ਅਤੇ ਪ੍ਰਧਾਨ ਜਤਿੰਦਰ ਪਾਲ ਰਾਣਾ ਦੇ ਬਿਆਨ ਕਲਮਬੱਧ ਕੀਤੇ ਜਾ ਚੁੱਕੇ ਹਨ।
ਕਾਰਨ ਦੱਸੋ ਨੋਟਿਸ ਪ੍ਰਧਾਨ ਨੂੰ ਕਰਾ ਦਿੱਤਾ ਤਮੀਲ: ਈ.ਓ.
ਨਗਰ ਕੌਂਸਲ ਜਗਰਾਓਂ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਖਿਲਾਫ ਕਾਰਨ ਦੱਸੋ ਨੋਟਿਸ ਆਇਆ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨੋਟਿਸ ਪ੍ਰਧਾਨ ਨੂੰ ਤਮੀਲ ਕਰਾ ਦਿੱਤਾ ਗਿਆ ਹੈ। ਉਹਨਾ ਦੱਸਿਆ ਕਿ ਨੋਟਿਸ ਰਸੀਵ ਕਰਾ ਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਕਨੂੰਨ ਅਨੁਸਾਰ ਜੋ ਫੈਸਲਾ ਆਵੇਗਾ ਕਾਰਵਾਈ ਕੀਤੀ ਜਾਵੇਗੀ।