ਖਤਮ ਹੋ ਰਿਹਾ ਹੈ ਜਗਰਾਉਂ ਅੰਦਰ ਸ਼੍ਰੋਮਣੀ ਅਕਾਲੀ ਦਲ ?
ਦੀਪਕ ਜੈਨ
ਜਗਰਾਉਂ, 12 ਮਾਰਚ 2025 - ਵੈਸੇ ਤਾਂ ਪੂਰੇ ਪੰਜਾਬ ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਬਚਾਣ ਲਈ ਤਰਲੋ ਮੱਛੀ ਹੋਇਆ ਫਿਰਦਾ ਹੈ ਅਤੇ ਨਵੇਂ ਮੈਂਬਰ ਬਣਾਉਣ ਲਈ ਵੀ ਇੱਕ ਮੁਹਿੰਮ ਚਲਾਈ ਹੋਈ ਹੈ। ਪਰ ਇੱਥੇ ਜਗਰਾਉਂ ਅੰਦਰ ਅਕਾਲੀ ਦਲ ਦੀ ਸੁਚੱਜੀ ਲੀਡਰਸ਼ਿਪ ਨਾ ਹੋਣ ਕਾਰਨ ਅਤੇ ਟਕਸਾਲੀ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਅਕਾਲੀ ਦਲ ਦਾ ਵਜੂਦ ਹੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ।
ਚਾਰ ਵਰੇ ਪਹਿਲਾਂ ਨਗਰ ਕੌਂਸਲ ਦੀਆਂ ਚੋਣਾਂ ਸਮੇਂ ਵੀ ਅਕਾਲੀ ਦਲ ਨੂੰ ਬਹੁਤ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਅਕਾਲੀ ਦਲ ਦੀ ਚੋਣ ਨਿਸ਼ਾਨ ਤਕੜੀ ਉੱਪਰ ਸਿਰਫ ਇੱਕ ਉਮੀਦ ਵਾਰ ਹੀ ਕੌਂਸਲਰ ਚੁਣਿਆ ਗਿਆ ਸੀ ਅਤੇ ਉਹ ਵੀ ਹੁਣ ਅਕਾਲੀ ਦਲ ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਹੈ। ਕਿਉਂ ਜੋ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਆਪਣੇ ਕਿਸੇ ਵੀ ਵਰਕਰ ਅਤੇ ਸਾਥੀ ਦਾ ਉਹ ਮਾਨ ਸਨਮਾਨ ਨਹੀਂ ਕਰਦੀ ਜਿਸ ਦੀ ਉਹ ਕਾਮਨਾ ਰੱਖਦਾ ਹੈ।
ਹੁਣ ਨਗਰ ਕੌਂਸਲ ਅੰਦਰ ਸਿਰਫ ਇੱਕ ਹੀ ਕੌਂਸਲਰ ਅਕਾਲੀ ਦਲ ਦੀ ਹਿਮਾਇਤ ਉੱਪਰ ਜਿੱਤ ਕੇ ਆਈ ਹੋਈ ਬੀਬੀ ਜੋ ਕਿ ਅੱਜ ਕੱਲ ਅਕਾਲੀ ਦਲ ਦਾ ਸਾਥ ਛੱਡਦੀ ਨਜ਼ਰ ਆ ਰਹੀ ਹੈ। ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਦੇ ਉਮੀਦਵਾਰ ਸ਼ਿਵ ਰਾਮ ਕਲੇਰ ਜਿਹੜੇ ਜਗਰਾਉਂ ਤੋਂ ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਹਨ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਜੇਕਰ ਅਕਾਲੀ ਦਲ ਨੂੰ ਜਗਰਾਉਂ ਅੰਦਰ ਆਪਣੀ ਹੋਂਦ ਬਚਾਉਣੀ ਹੈ ਤਾਂ ਉਸ ਨੂੰ ਆਪਣੇ ਲੋਕਲ ਆਗੂਆਂ ਨੂੰ ਬਦਲ ਕੇ ਟਕਸਾਲੀ ਵਰਕਰਾਂ ਨੂੰ ਅੱਗੇ ਲਿਆਉਣ ਦੀ ਤਜਵੀਜ਼ ਰੱਖਣੀ ਚਾਹੀਦੀ ਹੈ।