ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲਣ ਵੇਲੇ ਮਰਿਆਦਾ ਦੀ ਘੋਰ ਉਲੰਘਣਾ ਹੋਈ: ਗਿਆਨੀ ਰਘਬੀਰ ਸਿੰਘ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 11 ਮਾਰਚ, 2025: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕੀਤੇ ਗਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਜੋਂ ਸੇਵਾ ਸੰਭਾਲਣ ਮੌਕੇ ਮਰਿਆਦਾ ਦੀ ਘੋਰ ਉਲੰਘਣਾ ਹੋਈ ਹੈ।
ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਜੋ ਕਿ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਹਨ, ਨੇ ਕਿਹਾ ਕਿ ਮਰਿਆਦਾ ਮੁਤਾਬਕ ਜਥੇਦਾਰ ਅਕਾਲ ਤਖ਼ਤ ਵਜੋਂ ਸੇਵਾ ਸੰਭਾਲਣ ਵਾਲੇ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਸਿਰੋਪਾਓ ਬਖਸ਼ਿਸ਼ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਦੋਂ ਅਹੁਦਾ ਸੰਭਾਲਿਆ, ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ੍ਰੀ ਆਖੰਡ ਪਾਠ ਚਲ ਰਹੇ ਸੀ ਜਿਸ ਦੌਰਾਨ ਉਹਨਾਂ ਨੂੰ ਦਸਤਾਰ ਮੈਨੇਜਰ ਅਤੇ ਸਕੱਤਰ ਵੱਲੋਂ ਦਸਤਾਰ ਭੇਂਟ ਕੀਤੀ ਗਈ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖਾਲੀ ਪਾਲਕੀ ਨੂੰ ਹੀ ਮੱਥਾ ਟੇਕ ਦਿੱਤਾ।
ਉਹਨਾਂ ਕਿਹਾ ਕਿ ਦੂਜੇ ਪਾਸੇ ਮਰਿਆਦਾ ਇਹ ਹੈ ਕਿ ਨਵੇਂ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਸੇਵਾ ਸੰਭਾਲ ਵੇਲੇ ਸਾਰੀਆਂ ਪੰਥਕ ਸੰਸਥਾਵਾਂ ਨੂੰ ਸੱਦਿਆ ਜਾਂਦਾ ਹੈ। ਗੁਰੂ ਕੀ ਇਲਾਹੀ ਬਾਣੀ ਦਾ ਵਾਕ ਲਿਆ ਜਾਂਦਾ ਹੈ ਤੇ ਫਿਰ ਦੇਗ ਵਰਤਾਈ ਜਾਂਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਤੇ ਫਿਰ ਚੀਫ ਖਾਲਸਾ ਦੀਵਾਨ, ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਆਪਣੇ ਵੱਲੋਂ ਦਸਤਾਰ ਭੇਂਟ ਕਰਦੇ ਹਨ।
ਉਹਨਾਂ ਕਿਹਾ ਕਿ ਇਸ ਸਭ ਦੀ ਘੋਰ ਉਲੰਘਣਾ ਹੋਈ ਹੈ ਜਿਸ ਤੋਂ ਸੰਗਤਾਂ ਵਿਚ ਰੋਸ ਹੈ।