ਜਲ ਸਪਲਾਈ ਵਿਭਾਗ ਦੇ ਚੀਫ ਇੰਜੀਨੀਅਰ ਦੇ ਪੀ ਏ ਵੱਲੋਂ ਦਰਜਾ ਚਾਰ ਮੁਲਾਜ਼ਮ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ ਪੁੱਜਾ ਐਸ ਐਸ ਪੀ ਦੇ ਦਰਬਾਰ
- ਪੀ ਏ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ: ਅਕਸ਼ੇ
- ਮੈਂ ਕੋਈ ਮੰਦੀ ਭਾਸ਼ਾ ਨਹੀਂ ਵਰਤੀ: ਸੁਮਿਤ ਕੱਕੜ
ਜਗਤਾਰ ਸਿੰਘ
ਪਟਿਆਲਾ, 12 ਮਾਰਚ 2025 : ਸਥਾਨਕ ਜਲ ਸਪਲਾਈ ਵਿਭਾਗ ਵਿਚ ਚੀਫ ਇੰਜੀਨੀਅਰ ਦੇ ਪੀ ਏ ਵੱਲੋਂ ਇਕ ਦਰਜਾ ਚਾਰ ਮੁਲਾਜ਼ਮ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ ਐਸ ਐਸ ਪੀ ਪਟਿਆਲਾ ਦੇ ਦਰਬਾਰ ਪਹੁੰਚ ਗਿਆ ਹੈ।
ਇਸ ਮਾਮਲੇ ਵਿਚ ਕਥਿਤ ਪੀੜਤ ਅਕਸ਼ੇ ਪੁੱਛਰ ਰੋਸ਼ਨ ਲਾਲ ਨੇ ਦੱਸਿਆ ਕਿ ਉਹ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਸਬ ਡਵੀਜ਼ਨ ਨੰਬਰ 5 ਨਾਭਾ ਰੋਡਪਟਿਆਲਾ ਵਿਚ ਬਤੌਰ ਹੈਲਪਰ ਟੈਕਨਿਕਲ ਦੀ ਆਸਾਮੀ ’ਤੇ ਕੰਮ ਕਰਦਾ ਹੈ।
ਬੀਤੇ ਦਿਨ ਉਸਨੂੰ ਚੀਫ ਇੰਜੀਨੀਅਰ ਪੀ ਡਬਲਿਊ ਐਸ ਐਸ ਬੀ ਸਰਕਲ ਪਟਿਆਲਾ ਦੇ ਪੀ ਏ ਸੁਮਿਤ ਕੱਕੜ ਦਾ ਫੋਨ ਆਇਆ ਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਦਫਤਰ ਆਉਣ ਵਾਸਤੇ ਕਿਹਾ। ਉਹਨਾਂ ਦੱਸਿਆ ਕਿ ਮੌਕੇ ’ਤੇ ਪਹੁੰਚਣ ’ਤੇ ਇਕ ਪ੍ਰਾਈਵੇਟ ਫਾਈਨਾਂਸਰ ਵੀ ਮੌਜੂਦ ਸੀ ਜਿਸ ਨਾਲ ਉਹਨਾਂ ਦਾ ਲੈਣ ਦੇਣ ਦਾ ਪੁਰਾਣਾ ਮਾਮਲਾ ਚਲ ਰਿਹਾ ਸੀ।
ਅਕਸ਼ੇ ਨੇ ਦੋਸ਼ ਲਗਾਇਆ ਕਿ ਸੁਮਿਤ ਕੱਕੜ ਨੇ ਉਹਨਾਂ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਤੇ ਪਰਿਵਾਰ ਨੂੰ ਅਗਵਾ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਤੋਂ ਪ੍ਰੇਸ਼ਾਨ ਹੋ ਕੇ ਉਹ ਖੁਦਕੁਸ਼ੀ ਕਰਨਾ ਚਾਹੁੰਦਾ ਸੀ ਪਰ ਕੁਝ ਨਜ਼ਦੀਕੀਆਂ ਦੇ ਸਮਝਾਉਣ ’ਤੇ ਉਹ ਟਲ ਗਿਆ।
ਉਸਨੇ ਦੱਸਿਆ ਕਿ ਉਸਨੇ ਇਸ ਮਾਮਲੇ ਦੀ ਸ਼ਿਕਾਇਤ ਐਸ ਐਸ ਪੀ ਪਟਿਆਲਾ ਦਫਤਰ ਵਿਚ ਵੀ ਦੇ ਦਿੱਤੀ ਹੈ।
ਸੁਮਿਤ ਕੱਕੜ ਦਾ ਪੱਖ
ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਸੁਮਿਤ ਕੱਕੜ ਨੇ ਕਿਹਾ ਕਿ ਉਹਨਾਂ ਨੇ ਅਕਸ਼ੇ ਨੂੰ ਆਪਣੇ ਦਫਤਰ ਵਿਚ ਜ਼ਰੂਰ ਬੁਲਾਇਆ ਸੀ ਪਰ ਕੁਝ ਵੀ ਮੰਦਾ ਚੰਗਾ ਨਹੀਂ ਕਿਹਾ। ਨਾ ਹੀ ਗਾਲ੍ਹਾਂ ਕੱਢੀਆਂ ਤੇ ਨਾ ਹੀ ਧਮਕੀਆਂ ਦਿੱਤੀਆਂ। ਉਹਨਾਂ ਕਿਹਾ ਕਿ ਉਹ ਆਪਣੀ ਗੱਲ ਦੇ ਹੱਕ ਵਿਚ ਕਿਸੇ ਵੀ ਮੰਦਿਰ ਜਾਂ ਗੁਰਦੁਆਰਾ ਸਾਹਿਬ ਵਿਚ ਸਹੁੰ ਖਾਣ ਲਈ ਵੀ ਤਿਆਰ ਹਨ। ਉਹਨਾਂ ਕਿਹਾ ਕਿ ਉਹ ਇੱਜ਼ਤਦਾਰ ਵਿਅਕਤੀ ਹਨ ਜੋ ਕਦੇ ਵੀ ਮਾੜਾ ਕੰਮ ਨਹੀਂ ਕਰ ਸਕਦੇ।