ਅਨਪੜ੍ਹਤਾ ਤੇ ਅਗਿਆਨਤਾ ਦਾ ਕਸੂਰ !
———————————
ਗੱਲ ਚਾਰ ਕੁ ਵ੍ਹਰੇ ਪੁਰਾਣੀ ਆ।ਮੇਰਾ ਇਕ ਸੱਜਣ ਮਿੱਤਰ ਕਿਸੇ ਕੰਮ ਬਾਰੇ ਲਹਿਰਾਗਾਗਾ ਤੋ ਮੈਨੂੰ ਮਿਲਣ ਆਇਆ।ਮੇਰਾ ਸਕੂਲ ਘਰ ਤੋ ਕੁਝ ਵਿੱਥ ਉੱਤੇ ਹੀ ਪੈਂਦਾ ਹੈ।ਜੋ ਸ਼ਹਿਰ ਦੀ ਮੁੱਖ ਜੀਟੀਬੀ ਮਾਰਕੀਟ ਦੇ ਬਿਲਕੁਲ ਨਾਲ ਲੱਗਦਾ ਸੀ।ਜਿਸ ਕਰਕੇ ਜਦੋਂ ਕੋਈ ਮੈਨੂੰ ਬਾਹਰੋਂ ਮਿਲਣ ਆਉਂਦਾ ਤਾ ਮੈਂ ਅਕਸਰ ਉਸ ਬੰਦੇ ਨੂੰ ਘਰ ਬਲਾਉਣ ਦੀ ਬਜਾਏ ਉਸ ਮਾਰਕੀਟ ਚ ਮਿਲਣ ਦਾ ਟਾਈਮ ਦੇ ਦਿੰਦਾ।ਮੈਨੂੰ ਹੁੰਦਾ ਸੀ ਕੇ ਬਾਹਰੋਂ ਆਉਣ ਵਾਲਾ ਬੰਦਾ ਘਰ ਲੱਭਣ ਲੱਗੇ ਕਿੱਥੇ ਖੱਜਲ ਖੁਆਰ ਹੁੰਦਾ ਫਿਰੂ ।ਇਸ ਲਈ ਉਸ ਨੂੰ ਉਸੇ ਮਾਰਕੀਟ ਚ ਮਿਲਣ ਦਾ ਸਮਾਂ ਦੇ ਦਿੰਦਾ।ਨਾਲੇ ਉਥੇ ਚਾਹ ਪਾਣੀ ਪਿਉਣਾ ਸੌਖਾ ਹੁੰਦਾ ਸੀ।ਉਸ ਦਿਨ ਸ਼ਾਮ ਦਾ ਵਕਤ ਸੀ ।ਮੈਂ ਬਾਹਰੋਂ ਮਿਲਣ ਆਏ ਆਪਣੇ ਦੋਸਤ ਨੂੰ ਮਾਰਕੀਟ ਤੋ ਚਾਹ ਪਾਣੀ ਪਿਆਇਆ ।ਉਸ ਨਾਲ ਗੱਲਾਬਾਤਾਂ ਕੀਤੀਆਂ।ਏਨੇ ਨੂੰ ਹਲਕੀ ਹਲਕੀ ਬਾਰਿਸ਼ ਸ਼ੁਰੂ ਹੋ ਗਈ।ਮੈਂ ਘਰੋਂ ਪੈਦਲ ਆਇਆ ਸਾਂ।ਜਿਸ ਕਰਕੇ ਮੈਂ ਦੋਸਤ ਨੂੰ ਕਿਹਾ ਕੇ ਤੁਸੀਂ ਆਪਣੀ ਕਾਰ ਤੇ ਮੈਨੂੰ ਮੇਰੇ ਘਰ ਨੇੜੇ ਡ੍ਰੌਪ ਕਰ ਦੇਵੋ।ਉਹ ਮੈਨੂੰ ਡ੍ਰੌਪ ਕਰਨ ਲਈ ਮੇਰੇ ਘਰ ਵਲ ਚੱਲ ਪਿਆ।ਮੇਰੇ ਲੋਅਰ ਤੇ ਟੀ ਸ਼ਰਟ ਪਾਈ ਹੋਈ ਸੀ।ਜੇਬ ਚ ਇਕ ਪਾਸੇ ਬਟੂਆ ਸੀ। ਬਾਰਿਸ਼ ਪੈਂਦੀ ਹੋਣ ਸਦਕਾ ਦੂਜੀ ਜੇਬ ਚ ਮੈਂ ਮੋਬਾਈਲ ਪਾ ਲਿਆ।ਉਹ ਮੈਨੂੰ ਘਰ ਨੇੜੇ ਡ੍ਰੌਪ ਕਰ ਗਿਆ।ਉਥੋਂ ਮੇਰੇ ਘਰ ਦਾ ਵਕਫ਼ਾ ਪੰਜ ਕੁ ਸੋ ਮੀਟਰ ਸੀ।ਬਾਰਿਸ਼ ਤੋ ਬਚਣ ਲਈ ਮੈਂ ਥੋੜਾ ਕਾਹਲੇ ਕਦਮੀ ਘਰ ਨੂੰ ਜਾਣ ਲੱਗਾ। ਘਰ ਅੱਪੜ ਕੇ ਮੈਂ ਅਪਣਾ ਲੋਅਰ ਉਤਰਿਆ ਤੇ ਉਸ ਵਿਚੋਂ ਬਟੂਆ ਕੱਢਣ ਲੱਗਾ ਤਾ ਬਟੂਆ ਨਾ ਮਿਲਿਆ।ਮੈਂ ਉਸੇ ਵਕਤ ਪੁੱਠੇ ਪੈਰੀ ਓਸੇ ਰਾਹ ਨੂੰ ਬਟੂਆ ਲੱਭਣ ਤੁਰ ਪਿਆ ।ਤਕਾਲਾਂ ਦਾ ਵੇਲਾ ਸੀ।ਬਾਰਿਸ਼ ਕਰਕੇ ਹਨੇਰਾ ਥੋੜਾ ਜਿਆਦਾ ਸੀ।ਚਲੋ ਖੈਰ ! ਜਿੱਥੇ ਮੇਰਾ ਦੋਸਤ ਮੈਨੂੰ ਕਾਰ ਚ ਡ੍ਰੌਪ ਕਰਕੇ ਗਿਆ ਸੀ ।ਮੈਂ ਉਥੇ ਤੱਕ ਚੰਗੀ ਤਰਾ ਬਟੂਆ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ।ਪਰ ਮੈਨੂੰ ਬਟੂਆ ਨਾ ਮਿਲਿਆ।ਜਿਸ ਕਰਕੇ ਮੈਨੂੰ ਕਾਫੀ ਟੈਨਸ਼ਨ ਹੋ ਗਈ।ਕਿਉਂਕਿ ਉਸ ਵਿਚ ਮੇਰੇ ਬੈਂਕ ਦੇ ਏਟੀਐਮ ਕਾਰਡ ਤੇ ਇਕ ਦੋ ਹੋਰ ਜਰੂਰੀ ਕਾਗਜ਼ਾਤ ਸਨ।ਜੋ ਚਿੰਤਾ ਵਾਲੀ ਗੱਲ ਸੀ।ਸਾਰੀ ਰਾਤ ਮੈਨੂੰ ਨੀਂਦ ਨਾ ਆਈ।ਅਗਲੇ ਦਿਨ ਸਭ ਤੋ ਪਹਿਲਾਂ ਮੈਂ ਬੈਂਕਾਂ ਦੇ ਏਟੀਐਮ ਕਾਰਡ ਬਲਾਕ ਕੀਤੇ।ਉਸ ਮਗਰੋਂ ਬੈਂਕਾਂ ਚ ਗਿਆ।ਕਈ ਕਈ ਚੱਕਰ ਲਾ ਕੇ ਹੋਲੀ ਹੋਲੀ ਮੈਂ ਸਾਰੇ ਕਾਰਡ ਬਨਵਾ ਲਏ।ਇਸ ਕੰਮ ਵਾਸਤੇ ਮੇਰਾ ਕਰੀਬ ਇਕ ਡੇਢ ਮਹੀਨਾ ਲੱਗ ਗਿਆ।ਕਾਰਡ ਬਣ ਕੇ ਆਉਣ ਪਿੱਛੋਂ ਮੈਨੂੰ ਸੁਖ ਦਾ ਸ਼ਾਹ ਆਇਆ ।ਸੋਚਿਆ ਚਲੋ ਏਟੀਐਮ ਤੇ ਹੋਰ ਕਾਰਡ ਬਣ ਗਏ।
ਕਰੀਬ ਦੋ ਕੁ ਮਹੀਨੇ ਬਾਅਦ ਇਕ ਦਿਨ ਮੈਂ ਤੇ ਮੇਰੀ ਧਰਮ ਪਤਨੀ ਸ਼ਾਮ ਵਕਤ ਕੋਠੇ ਉੱਤੇ ਸੈਰ ਕਰ ਰਹੇ ਸਾਂ।ਇਕ ਔਰਤ ਤੇ ਦੋ ਨੌਜਵਾਨ ਘਰ ਦੇ ਗੇਟ ਤੇ ਖਲੋ ਕੇ ਮੈਨੂੰ ਅਵਾਜਾਂ ਮਾਰਨ ਲੱਗੇ।ਵੇਖਿਆ ਤਾਂ ਉਹਨਾਂ ਚੋ ਇਕ ਨੌਜਵਾਨ ਮੇਰੇ ਨੰਦ ਸਿੰਘ ਐਵਿਨਿਊ ਚ ਨਾਲ ਦੀ ਗਲੀ ਵਾਲਾ ਸੀ।ਜਿਸ ਨੂੰ ਮੈਂ ਚੰਗੀ ਤਰਾਂ ਜਾਣਦਾ ਸਾਂ।ਦੂਜੇ ਨੂੰ ਵੀ ਥੋੜਾ ਜਾਣਦਾ ਸਾਂ।ਜਦ ਕੇ ਉਹਨਾਂ ਨਾਲ ਆਈ ਔਰਤ ਨੂੰ ਬਾਏ ਫੇਸ ਤਾਂ ਮੈਂ ਆਉਂਦੇ ਜਾਂਦੇ ਕਈ ਵਾਰ ਵੇਖਿਆ ਸੀ।ਪਰ ਬਹੁਤਾ ਵਾਕਿਫ ਨਹੀਂ ਸਾਂ।ਉਹਨਾਂ ਮੈਨੂੰ ਥੱਲੇ ਆਉਣ ਨੂੰ ਕਿਹਾ।ਕੋਠੇ ਤੋ ਥੱਲੇ ਆ ਕੇ ਮੈਂ ਘਰ ਦਾ ਦਰਵਾਜ਼ਾ ਖੋਲਿਆ ਤੇ ਉਹਨਾਂ ਨੂੰ ਅੰਦਰ ਆਉਣ ਲਈ ਕਿਹਾ।ਉਹਨਾਂ ਨੂੰ ਡਰਾਇੰਗ ਰੂਮ ਚ ਬੈਠਾ ਕੇ ਚਾਹ ਪਾਣੀ ਪੁੱਛਿਆ।ਉਸ ਪਿੱਛੋਂ ਮੈਂ ਕਿਹਾ ਕੇ ਹਾਂ ਜੀ ? ਕਿਵੇਂ ਆਏ ?ਜਿਸ ਤੇ ਉਹਨਾਂ ਚੋਂ ਇਕ ਨੌਜਵਾਨ ਬੋਲਿਆ,’ਅਸੀ ਤੁਹਾਡਾ ਬਟੂਆ ਦੇਣ ਆਏ ਹਾਂ।ਜੋ ਇਸ ਆਂਟੀ ਨੂੰ ਲੱਭਿਆ ਸੀ’।ਮੈਂ ਹੈਰਾਨ ਹੋਇਆ ਕੇ ਬਟੂਏ ਗੁਆਚੇ ਨੂੰ ਤਾਂ ਦੋ ਮਹੀਨੇ ਤੋ ਵੱਧ ਦਾ ਸਮਾਂ ਹੋ ਗਿਆ।ਹੁਣ ਕਿਵੇਂ ਮਿਲਿਆ ? ਇਸ ਗੱਲ ਨੂੰ ਜਾਣਨਾ ਦੀ ਮੇਰੇ ਚ ਉਤਸੁਕਤਾ ਵਧੀ।ਜਿਸ ਤੇ ਮੈਂ ਉਹਨਾਂ ਨੂੰ ਮੁੜ ਪੁੱਛਿਆ ਕੇ ਤੁਹਾਨੂੰ ਇਹ ਬਟੂਆ ਕਿਥੋ ਮਿਲਿਆ ? ਤਾ ਉਸ ਔਰਤ ਨੇ ਦੱਸਿਆ ਕਿ ਇਹ ਬਟੂਆ ਮੈਨੂੰ ਡੇਢ ਦੋ ਮਹੀਨਾ ਪਹਿਲਾਂ ਨੰਦ ਸਿੰਘ ਐਵਿਨਿਊ ਦੇ ਸਾਈਨ ਬੋਰਡ ਕੋਲੋ ਮਿਲਿਆ ਸੀ।ਮੈਂ ਇਸ ਵਿੱਚ ਤੁਹਾਡੀ ਫ਼ੋਟੋ ਵੇਖੀ।ਮੈਂ ਸੋਚਿਆ ਕਿਸੇ ਦਿਨ ਤੁਹਾਨੂੰ ਦੇ ਜਾਵਾਂਗੀ ਉਸ ਮਗਰੋਂ ਇਹ ਬਟੂਆ ਆਪਣੇ ਘਰ ਲਿਜਾ ਕੇ ਰੱਖ ਦਿੱਤਾ।ਮੈਂ ਉਸ ਲੇਡੀ ਨੂੰ ਕਿਹਾ ਕੇ ਤੁਸੀਂ ਹਰ ਦੂਜੇ ਤੀਜੇ ਦਿਨ ਮੇਰੇ ਘਰ ਦੇ ਸਾਹਮਣੇ ਤੋਂ ਲੰਘਦੇ ਹੋ ?ਤੁਸੀਂ ਉਦੋ ਕਿਉਂ ਨਹੀਂ ਦੱਸਿਆ ਕੇ ਤੁਹਾਡਾ ਬਟੂਆ ਮੇਰੇ ਕੋਲ ਹੈ? ਉਹ ਕਹਿਣ ਲੱਗੀ,”ਮੈਂ ਸੋਚਿਆ ਕੇ ਕੋਈ ਨਹੀਂ ਕਿਸੇ ਦਿਨ ਦੇ ਆਵਾਂਗੀ”।ਮੈਂ ਹੈਰਾਨ ਹੋਇਆ ਉਸਦੇ ਮੂੰਹ ਵੱਲ ਵੇਖ ਰਿਹਾ ਸਾਂ ਤੇ ਮਨ ਹੀ ਮਨ ਚ ਸੋਚ ਰਿਹਾ ਸਾਂ ਕੇ ਹੁਣ ਕੀ ਫਾਇਦਾ ?ਹੁਣ ਤਾ ਮੈਂ ਸਾਰੇ ਕਾਰਡ ਵਗ਼ੈਰਾ ਵੀ ਬਨਵਾ ਲਏ ਤੇ ਬਟੂਆ ਵੀ ਨਵਾ ਖਰੀਦ ਲਿਆ ਹੈ।ਉਹ ਚੁੱਪ ਰਹੀ।ਮੈਂ ਬਟੂਆ ਫੜਿਆ ਤੇ ਉਸ ਚ ਜੋ ਪੈਸੇ ਸਨ।ਉਸ ਲੇਡੀ ਨੂੰ ਦੇ ਦਿੱਤੇ।ਉਹ ਖੁਸ਼ ਹੋ ਗਈ।
ਭਾਂਵੇਂ ਬਟੂਆ ਮਿਲਣ ਦੀ ਮੈਨੂੰ ਬਹੁਤੀ ਖੁਸ਼ੀ ਨਹੀਂ ਹੋਈ।ਪਰ ਉਸ ਔਰਤ ਵੱਲੋਂ ਵਿਖਾਈ ਇਮਾਨਦਾਰੀ ਦੀ ਖੁਸ਼ੀ ਜਰੂਰ ਸੀ।ਮੈਨੂੰ ਇਹ ਸਮਝ ਆ ਗਿਆ ਸੀ ਕੇ ਕਸੂਰ ਉਸ ਔਰਤ ਦਾ ਨਹੀਂ,ਸਗੋਂ ਉਸਦੀ ਅਨਪੜ੍ਹਤਾ ਤੇ ਅਗਿਆਨਤਾ ਦਾ ਸੀ।ਕਿਉਂਕਿ ਉਸ ਨੂੰ ਬਟੂਏ ਵਿਚਲੇ ਏਟੀਐਮ ਕਾਰਡਾਂ ਦੀ ਮਹੱਤਤਾ ਦਾ ਪਤਾ ਨਹੀਂ ਸੀ।ਇਸੇ ਕਰਕੇ ਉਸ ਨੇ ਬਟੂਆ ਡੇਢ ਦੋ ਮਹੀਨੇ ਆਪਣੇ ਘਰ ਰੱਖੀ ਰੱਖਿਆ।
—————
ਲੈਕਚਰਾਰ ਅਜੀਤ ਖੰਨਾ
ਮੋਬਾਈਲ:76967-54669

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com>
ਮੋਬਾਈਲ:76967-54669
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.