ਨਿਹੰਗ ਮਾਨ ਸਿੰਘ ਤੇ 5 ਹੋਰਨਾਂ ਨੂੰ ਉਮਰ ਕੈਦ, 4 ਹੋਰਨਾਂ ਨੂੰ 10-10 ਸਾਲ ਦੀ ਸਜ਼ਾ, ਪੜ੍ਹੋ ਵੇਰਵਾ
ਬਾਬੂਸ਼ਾਹੀ ਨੈਟਵਰਕ
ਮੁਹਾਲੀ, 12 ਮਾਰਚ, 2025: ਵਿਸਫੋਟਕ ਪਦਾਰਥ, ਹਥਿਆਰ ਤੇ ਨਸ਼ਾ ਸਮਗਲਿੰਗ ਕਰਨ ਦੇ ਕੇਸ ਵਿਚ ਸਥਾਨਕ ਐਨ ਆਈ ਏ ਅਦਾਲਤ ਨੇ ਨਿਹੰਗ ਮਾਨ ਸਿੰਘ ਤੇ 5 ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦੋਂ ਕਿ 3 ਹੋਰਨਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 2019 ਦਾ ਹੈ।
ਜਿਹਨਾਂ ਨੂੰ ਉਮਰ ਕੈਦ ਹੋਈ ਹੈ, ਉਹਨਾਂ ਵਿਚ ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ, ਮਾਨ ਸਿੰਘ ਅਤੇ ਗੁਰਦੇਵ ਸਿੰਘ ਸ਼ਾਮਲ ਹਨ।
ਅਦਾਲਤ ਨੇ 3 ਹੋਰਨਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਿਹਨਾਂ ਵਿਚ ਸ਼ੁਭਦੀਪ ਸਿੰਘ, ਸਾਜਨਪ੍ਰੀਤ ਸਿੰਘ ਤੇ ਰਮਨਦੀਪ ਸਿੰਘ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਦੇ ਜਰਮਨੀ ਆਧਾਰਿਤ ਅਤਿਵਾਦੀ ਗੁਰਮੀਤ ਸਿੰਘ ਉਰਫ ਬੱਗਾ ਅਤੇ ਪਾਕਿਸਤਾਨ ਆਧਾਰਿਤ ਰਣਜੀਤ ਸਿੰਘ ਉਰਫ ਨੀਟਾ ਨਾਲ ਨੇੜਲੇ ਸੰਬੰਧ ਹਨ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੇਸ 22 ਨਵੰਬਰ 2019 ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਦਰਜ ਕੀਤੀ ਗਈ ਐਫਆਈਆਰ ਤੋਂ ਸ਼ੁਰੂ ਹੋਇਆ ਸੀ। ਇਸ ਮਾਮਲੇ ਵਿੱਚ ਮਾਨ ਸਿੰਘ ਨਿਹੰਗ ਅਤੇ ਆਕਾਸ਼ਦੀਪ ਸਿੰਘ ਸਮੇਤ ਹੋਰਨਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਅਸਲਾ, ਬਾਰੂਦ ਅਤੇ ਜਾਅਲੀ ਕਰੰਸੀ ਦੀ ਸਪਲਾਈ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਜਾਂਚ ਦੌਰਾਨ ਚੋਲ੍ਹਾ ਸਾਹਿਬ ਬਿੱਲਿਆਂ ਵਾਲੀ ਪੁਲ 'ਤੇ ਨਾਕੇ ਦੌਰਾਨ ਚਾਰ ਵਿਅਕਤੀਆਂ - ਆਕਾਸ਼ਦੀਪ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਬਲਵੀਰ ਸਿੰਘ ਅਤੇ ਬਾਬਾ ਹਰਭਜਨ ਸਿੰਘ - ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਇੱਕ ਚੋਰੀ ਦੀ ਗੱਡੀ, ਏਕੇ-47, ਪੰਜ ਰਾਈਫਲਾਂ, ਪੰਜ ਪਿਸਤੌਲ, 10 ਲੱਖ ਦੀ ਜਾਅਲੀ ਕਰੰਸੀ ਅਤੇ ਨੌਂ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ।
ਇਸ ਤੋਂ ਬਾਅਦ, ਮਾਨ ਸਿੰਘ ਨਿਹੰਗ ਨੂੰ ਜੇਲ੍ਹ ਤੋਂ ਰਿਮਾਂਡ 'ਤੇ ਲਿਆ ਗਿਆ ਅਤੇ ਗੁਰਦੇਵ ਸਿੰਘ ਝੱਜਾ ਸਮੇਤ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬਾਅਦ ਵਿੱਚ ਤਿੰਨ ਹੋਰ ਨੌਜਵਾਨ - ਸਾਜਨਪ੍ਰੀਤ ਸਿੰਘ, ਰਮਨਦੀਪ ਸਿੰਘ ਅਤੇ ਸ਼ੁਭਦੀਪ ਸਿੰਘ - ਨੂੰ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ। ਜਾਂਚ ਐਨਆਈਏ ਨੇ ਸੰਭਾਲੀ ਅਤੇ ਇਸ ਨੂੰ 1 ਅਕਤੂਬਰ 2019 ਨੂੰ ਸਪੈਸ਼ਲ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ।
10 ਮਾਰਚ 2025 ਨੂੰ, ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਐਨਆਈਏ ਸਪੈਸ਼ਲ ਕੋਰਟ ਨੇ ਇਸ ਕੇਸ ਵਿੱਚ ਸਖ਼ਤ ਫ਼ੈਸਲਾ ਸੁਣਾਇਆ। ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਬਲਵੀਰ ਸਿੰਘ, ਹਰਭਜਨ ਸਿੰਘ, ਮਾਨ ਸਿੰਘ ਨਿਹੰਗ ਅਤੇ ਗੁਰਦੇਵ ਸਿੰਘ ਨੂੰ ਆਈਪੀਸੀ ਦੀਆਂ ਧਾਰਾਵਾਂ 121ਏ, 122, ਯੂਏਪੀਏ, ਆਰਮਜ਼ ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਅਧੀਨ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਇਸ ਦੇ ਨਾਲ ਹੀ, ਰਮਨਦੀਪ ਸਿੰਘ, ਸਾਜਨਪ੍ਰੀਤ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ 10-10 ਸਾਲ ਦੀ ਕੈਦ ਸੁਣਾਈ ਗਈ।
ਇਹ ਕੇਸ ਡਰੋਨ ਰਾਹੀਂ ਪਾਕਿਸਤਾਨ ਤੋਂ ਸਰਹੱਦ ਪਾਰ ਹਥਿਆਰ ਅਤੇ ਗੋਲਾ-ਬਾਰੂਦ ਮੰਗਵਾਉਣ ਦੀ ਸਾਜ਼ਿਸ਼ ਨਾਲ ਜੁੜਿਆ ਸੀ। ਇਸ ਫ਼ੈਸਲੇ ਨਾਲ ਨਾ ਸਿਰਫ਼ ਦੋਸ਼ੀਆਂ ਨੂੰ ਸਜ਼ਾ ਮਿਲੀ, ਸਗੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਲਾਹੇਵੰਦ ਗਤੀਵਿਧੀਆਂ ਤੋਂ ਬਚਾਉਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ।