ਗੈਸ ਪਾਈਪਲਾਈਨ: ਕਿਸਾਨਾਂ ਨੇ ਵਿਰੋਧ ਕਰਕੇ ਭਜਾਈਆਂ ਪੁਲਿਸ ਦੀਆਂ ਟੀਮਾਂ ਅਤੇ ਕੰਪਨੀ
ਅਸ਼ੋਕ ਵਰਮਾ
ਬਠਿੰਡਾ,12 ਮਾਰਚ 2025: ਅੱਜ ਪਿੰਡ ਲੇਲੇਵਾਲਾ ਵਿਖੇ ਜੀ.ਆਈ.ਜੀ.ਐਲ. ਗੈਸ ਪਾਈਪ ਲਾਈਨ ਕੰਪਨੀ ਵੱਲੋਂ ਕਿਸਾਨਾਂ ਨਾਲ ਕੀਤੇ ਲਿਖਤੀ ਸਮਝੌਤੇ ਮੁਤਾਬਕ ਪੂਰਾ ਮੁਆਵਜ਼ਾ ਦਿੱਤੇ ਬਿਨਾਂ ਪੁਲਿਸ ਦੇ ਜੋਰ ਕੰਮ ਚਲਾਉਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ ਤੇ ਜਸਵੀਰ ਸਿੰਘ ਬੁਰਜ ਸੇਮਾ ਦੀ ਅਗਵਾਈ ਹੇਠ ਕਿਸਾਨਾਂ ਨੇ ਇਨਾ ਜਬਰਦਸਤ ਵਿਰੋਧ ਕੀਤਾ ਕਿ ਕੰਪਨੀ ਦੀ ਸਹਾਇਤਾ ਤੇ ਗਏ ਪੁਲਿਸ ਪ੍ਰਸ਼ਾਸਨ ਨੂੰ ਬੇਰੰਗ ਵਾਪਸ ਪਰਤਣਾ ਪਿਆ।
ਕਿਸਾਨਾਂ ਵੱਲੋਂ ਕੀਤੇ ਤਿੱਖੇ ਵਿਰੋਧ ਨੂੰ ਦੇਖਦਿਆਂ ਗੈਸ ਪਾਈਪਲਾਈਨ ਕੰਪਨੀ ਵੀ ਆਪਣੀਆਂ ਮਸ਼ੀਨਾਂ ਤੇ ਸਾਜੋ ਸਮਾਨ ਲੈ ਕੇ ਮੌਕੇ ਤੋਂ ਤੁਰੰਤ ਚਲੀ ਗਈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਨਾਂ ਮੁਆਵਜ਼ਾ ਦਿੱਤੀਆਂ ਕੰਪਨੀ ਉਹਨਾਂ ਦੇ ਖੇਤਾਂ ਵਿੱਚ ਦਾਖਲ ਹੋਈ ਤਾਂ ਉਹ ਇਸਦਾ ਮੂੰਹ ਤੋੜਵਾਂ ਜਵਾਬ ਦੇਣਗੇ। ਕਿਸਾਨਾਂ ਨੇ ਕਿਹਾ ਕਿ ਅਸਲ ਵਿੱਚ ਬਠਿੰਡਾ ਪ੍ਰਸ਼ਾਸਨ ਪ੍ਰਾਈਵੇਟ ਕੰਪਨੀ ਦੀ ਪਿੱਠ ਤੇ ਆਇਆ ਹੋਇਆ ਹੈ ਜਿਸ ਕਰਕੇ ਬਾਰ-ਬਾਰ ਉਹਨਾਂ ਦਾ ਸਬਰ ਪਰਖਿਆ ਜਾ ਰਿਹਾ ਹੈ ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੈਸ ਪਾਈਪ ਲਾਈਨ ਕੰਪਨੀ ਵੱਲੋਂ ਕਿਸਾਨਾਂ ਨੂੰ ਜਮੀਨ ਦਾ ਮੁਆਵਜ਼ਾ ਕਿਤੇ ਦੋ ਲੱਖ ਰੁਪਏ, ਕਿਤੇ ਢਾਈ ਲੱਖ ਜਾਂ 3 ਲੱਖ ਰੁਪਏ ਦਿੱਤਾ ਗਿਆ ਹੈ ਜਦੋਂ ਕਿ ਕਿਸਾਨਾਂ ਵੱਲੋਂ ਮੁਆਵਜ਼ੇ ਦੇ ਵਾਧੇ ਦੇ ਵਿਰੋਧ ਤੋਂ ਬਾਅਦ ਕੰਪਨੀ ਨੇ ਸਾਰੇ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਅਤੇ ਹੋਰ ਹੋਏ ਨੁਕਸਾਨ ਦਾ ਲਿਖਤੀ ਸਮਝੌਤਾ ਕੀਤਾ ਸੀ ।
ਉਹਨਾਂ ਕਿਹਾ ਕਿ ਇਸ ਸਮਝੌਤੇ ਮੁਤਾਬਿਕ ਕੁਝ ਕਿਸਾਨਾਂ ਨੂੰ 24 ਲੱਖ ਰੁਪਏ ਦੇ ਹਿਸਾਬ ਨਾਲ ਵੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਪਰ ਜੋ ਕਿਸਾਨਾਂ ਨੂੰ ਦੋ ਜਾਂ ਤਿੰਨ ਲੱਖ ਰੁਪਏ ਮੁਆਵਜ਼ਾ ਦਿੱਤਾ ਹੈ ਉਸ ਦਾ ਮੁਆਵਜ਼ਾ ਕੀਤੇ ਸਮਝੌਤੇ ਮੁਤਾਬਿਕ ਪੂਰਾ ਨਹੀਂ ਦਿੱਤਾ ਜਾ ਰਿਹਾ। ਇਹ ਸਮਝੌਤੇ ਤੋਂ ਬਾਅਦ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਸੂਬਾ ਤੇ ਜ਼ਿਲ੍ਹਾ ਆਗੂਆਂ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਨੇ ਮੀਟਿੰਗ ਦੌਰਾਨ ਕਿਹਾ ਸੀ ਕਿ ਹਾਈ ਕੋਰਟ ਵਿੱਚ ਕੇਸ ਲਾ ਕੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਤੇ ਇਸ ਦੇ ਇਵਜ ਵਜੋਂ ਕੰਪਨੀ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਪੰਜ ਕਰੋੜ ਅਮਾਨਤ ਦੇ ਤੌਰ ਤੇ ਜਮਾ ਕਰਵਾਵੇਗੀ ।ਜਿਸ ਤੋਂ ਬਾਅਦ ਪੰਜ ਕਿਸਾਨਾਂ ਨੇ ਅਦਾਲਤ ਵਿੱਚ ਅਰਜੀਆਂ ਦਿੱਤੀਆਂ ਤਾਂ ਜਦੋਂ ਹਾਈਕੋਰਟ ਨੇ ਵੀ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਕਰ ਦਿੱਤਾ ਕਿ ਬਾਕੀ ਕਿਸਾਨ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਕਿਸਾਨ ਅਰਜ਼ੀਆਂ ਦੇਣ ਤਾਂ ਉਹਨਾਂ ਨੂੰ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਪਰ ਕੰਪਨੀ ਵੱਲੋਂ ਡਿਪਟੀ ਕਮਿਸ਼ਨਰ ਕੋਲ ਇਕ ਕਰੋੜ ਰੁਪਿਆ ਜਮਾ ਕਰਵਾ ਦਿੱਤਾ ਗਿਆ ਪਰ ਨਾਲ ਹੀ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਹ ਮੁਆਵਜਾ ਵੰਡਿਆ ਨਾ ਜਾਵੇ ਇਸ ਤੋਂ ਬਾਅਦ ਕੰਪਨੀ ਵੱਲੋਂ ਫਿਰ ਇਹਨਾਂ ਪੰਜਾਂ ਕਿਸਾਨਾਂ ਵਿੱਚੋਂ ਇੱਕ ਕਿਸਾਨ ਨੂੰ ਪੂਰਾ 24 ਲੱਖ ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦੇ ਦਿੱਤਾ ਗਿਆ ਜਦੋਂ ਕਿ ਬਾਕੀ ਹਾਲੇ ਬਾਕੀਆਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਬਾਕੀ ਰਹਿੰਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ।ਕਿਸਾਨ ਆਗੂਆਂ ਨੇ ਕਿਹਾ ਕਿ ਕੰਪਨੀ ਵੱਲੋਂ ਅਦਾਲਤ ਵਿੱਚ ਬੇਲੋੜਾ ਕੇਸ ਪਾ ਕੇ ਕਿਸਾਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਨੂੰ ਲਿਖਤੀ ਹੋਏ ਸਮਝੌਤੇ ਮੁਤਾਬਕ ਸਾਰਿਆਂ ਨੂੰ ਬਰਾਬਰ ਪੂਰਾ ਮੁਆਵਜਾ ਨਹੀਂ ਦਿੱਤਾ ਜਾਂਦਾ ਉਨਾਂ ਚਿਰ ਵਿਰੋਧ ਜਾਰੀ ਰਹੇਗਾ। ਅੱਜ ਦੇ ਧਰਨੇ ਵਿੱਚ ਬਿੰਦਰ ਸਿੰਘ ਜੋਗੇਵਾਲਾ ,ਹਰਪ੍ਰੀਤ ਸਿੰਘ ਚੱਠੇਵਾਲਾ, ਗੁਰਜੀਤ ਸਿੰਘ ਬੰਗੇਹਰ, ਭੋਲਾ ਸਿੰਘ ਮਾੜੀ, ਗੁਲਾਬ ਸਿੰਘ ਜਿਉਂਦ, ਬਲਜੀਤ ਸਿੰਘ ਪੂਹਲਾ, ਦੀਨਾ ਸਿੰਘ ਸਿਵੀਆਂ, ਰਾਮ ਸਿੰਘ ਕੋਟਗੁਰੂ ਤੋਂ ਇਲਾਵਾ ਸਰਗਰਮ ਆਗੂ ਤੇ ਵਰਕਰ ਸ਼ਾਮਿਲ ਸਨ।