ਨੌਜਵਾਨਾਂ ਨੂੰ ਦੇਸ਼ ਦੀਆ ਨਾਮੀ ਕੰਪਨੀਆਂ ‘ਚ ਸਿਖਲਾਈ ਦਾ ਮੌਕਾ, 31 ਮਾਰਚ ਤੱਕ ਕੀਤਾ ਜਾ ਸਕਦੈ ਅਪਲਾਈ
ਹੁਸ਼ਿਆਰਪੁਰ, 12 ਮਾਰਚ 2025: ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਵਲੋਂ 17 ਤੋਂ 21 ਮਾਰਚ ਤੱਕ ਵਿਸ਼ੇਸ਼ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਇਨਟਰਨਸ਼ਿਪ ਸਕੀਮ ਲਈ ਰਜਿਸਟਰ ਕੀਤਾ ਜਾਵੇਗਾ। ਸਕੀਮ ਤਹਿਤ 12 ਮਹੀਨੇ ਦੀ ਸਿਖਲਾਈ ਲਈ ਦੇਸ਼ ਦੀਆਂ 500 ਮੋਹਰੀ ਕੰਪਨੀਆਂ ਵਿਚ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਅਤੇ ਤਜ਼ਰਬਾ ਹਾਸਲ ਕਰਨ ਦਾ ਮੌਕਾ ਮਿਲ ਸਕੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਿਖਲਾਈ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ 6000 ਰੁਪਏ ਦੀ ਯਕਮੁਸ਼ਤ ਵਿੱਤੀ ਸਹਾਇਤਾ ਤੋਂ ਇਲਾਵਾ 5000 ਰੁਪਏ ਮਾਸਿਕ ਭੱਤਾ ਮਿਲੇਗਾ ਅਤੇ ਉਨ੍ਹਾਂ ਲਈ ਨਾਮੀ ਕੰਪਨੀਆਂ ਵਿਚ ਤਜ਼ਰਬਾ ਹਾਸਲ ਕਰਨ ਦਾ ਲਾਹੇਵੰਦ ਮੌਕਾ ਹੋਵੇਗਾ। ਜ਼ਿਕਰਯੋਗ ਹੈ ਕਿ ਬਿਨੈਕਾਰ ਦੀ ਉਮਰ 21 ਤੋਂ 24 ਸਾਲ ਹੋਣੀ ਚਾਹੀਦੀ ਹੈ ਅਤੇ ਉਹ ਫੁੱਲ ਟਾਈਮ ਪੜ੍ਹਾਈ ਜਾਂ ਰੋਜ਼ਗਾਰ ਲਈ ਦਰਜ ਹੋਣਾਂ ਚਾਹੀਦਾ ਹੈ। ਇਸ ਸਬੰਧੀ pminternshipscheme.com ‘ਤੇ 31 ਮਾਰਚ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।