ਸਿਹਤ ਵਿਭਾਗ ਨੇ ਨਵੀਆਂ ਪੰਚਾਇਤਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
ਫਾਜ਼ਿਲਕਾ 12 ਮਾਰਚ 2025 - ਸਿਹਤ ਵਿਭਾਗ ਵੱਲੋਂ ਬੀ.ਡੀ.ਪੀ.ਓ ਦਫ਼ਤਰ ਅਰਨੀਵਾਲਾ ਵਿਖੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਸਿਹਤ ਸਕੀਮ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਸਕੀਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਸਿਹਤ ਵਿਭਾਗ ਵੱਲੋ ਨਸ਼ਾ ਛੁਡਾਊ ਮੁਹਿੰਮ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਲਈ ਪੰਚਾਇਤਾਂ ਦੇ ਸਹਿਯੋਗ ਦੀ ਅਪੀਲ ਕੀਤੀ। ਉਨ•ਾਂ ਦੱਸਿਆ ਕਿ ਫਾਜ਼ਿਲਕਾ ਅਤੇ ਅਬੋਹਰ ਦੇ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਮੁਫਤ ਕੀਤਾ ਜਾਂਦਾ ਹੈ।
ਇਸ ਦੌਰਾਨ ਦਿਵੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 07-12-2024 ਤੋਂ 100 ਦਿਨਾਂ ਦੀ ਟੀ.ਬੀ.ਮੁਕਤ ਭਾਰਤ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਮੁਹਿੰਮ ਦੌਰਾਨ ਮੁਫ਼ਤ ਟੀ.ਬੀ ਟੈਸਟ ਅਤੇ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਘਰ-ਘਰ ਜਾ ਕੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਘਰ-ਘਰ ਜਾ ਕੇ ਟੀ.ਬੀ ਦੇ ਲੱਛਣਾਂ ਦੀ ਜਾਂਚ ਕਰਕੇ ਮੁਫ਼ਤ ਜਾਂਚ ਦੀ ਸਹੂਲਤ ਪ੍ਰਦਾਨ ਕਰਨਗੀਆਂ ਅਤੇ ਜੇਕਰ ਕੋਈ ਮਰੀਜ਼ ਟੈਸਟ ਰਿਪੋਰਟ ਦੌਰਾਨ ਟੀਬੀ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਭਾਗ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 02 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭੁੱਖ ਨਾ ਲੱਗਣਾ, ਥੁੱਕ ਵਿੱਚ ਖ਼ੂਨ ਆਉਣਾ ਆਦਿ ਲੱਛਣ ਦਿਖਾਈ ਦੇਣ ਤਾਂ ਉਨ੍ਹਾਂ ਦਾ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾ ਕੇ ਟੀਬੀ ਦੀ ਜਾਂਚ ਕਰਵਾਈ ਜਾਵੇ। ਇਸ ਦੌਰਾਨ ਉਨ੍ਹਾਂ ਪੰਚਾਇਤ ਨੂੰ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਲਈ ਵੱਖ-ਵੱਖ ਸਮੇਂ 'ਤੇ ਸਿਹਤ ਪ੍ਰੋਗਰਾਮ ਸ਼ੁਰੂ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਦੌਰਾਨ ਆਯੂਸ਼ਮਾਨ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼, ਜਣੇਪਾ ਬਾਲ ਸੁਰੱਖਿਆ ਪ੍ਰੋਗਰਾਮ, ਹੈਪੇਟਾਈਟਸ ਸੀ, ਐਨਸੀਡੀ ਪ੍ਰੋਗਰਾਮ, ਮੁਫ਼ਤ ਡਾਇਲਸਿਸ ਪ੍ਰੋਗਰਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਫਾਜ਼ਿਲਕਾ ਬਲਾਕ ਦੇ ਪਿੰਡਾਂ ਦੇ ਨਵੇਂ ਚੁਣੇ ਗਏ ਸਰਪੰਚ ਅਤੇ ਪੰਚਾਇਤ ਮੈਂਬਰ ਤੋਂ ਇਲਾਵਾ ਸੰਦੀਪ ਕੌਰ ਤੇ ਹੋਰ ਹਾਜ਼ਰ ਸਨ।