ਪੰਜਾਬ ਲਲਿਤ ਕਲਾ ਅਕੈਡਮੀ ਵੱਲੋਂ ਤਿੰਨ ਰੋਜ਼ਾ ਪੇਂਟਿੰਗ ਪ੍ਰਦਰਸ਼ਨੀ ਦਾ ਆਗਾਜ਼
ਪਟਿਆਲਾ, 12 ਮਾਰਚ 2025 - ਪੰਜਾਬ ਲਲਿਤ ਕਲਾ ਅਕੈਡਮੀ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਮਿਊਜ਼ੀਅਮ ਵਿਖੇ ਤਿੰਨ ਰੋਜ਼ਾ ਪੇਂਟਿੰਗ ਪ੍ਰਦਰਸ਼ਨੀ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਪਟਿਆਲਾ ਦੇ ਪ੍ਰਸਿੱਧ ਕਲਾਕਾਰ ਅਤੇ ਸਾਬਕਾ ਪ੍ਰਿੰਸੀਪਲ ਰਜਿੰਦਰ ਕੌਰ ਪਸਰੀਚਾ ਨੇ ਕੀਤਾ। ਇਸ ਮੌਕੇ ਪੰਜਾਬ ਲਲਿਤ ਕਲਾ ਅਕੈਡਮੀ ਦੇ ਵਾਈਸ ਪ੍ਰੈਜੀਡੈਂਟ ਸੁਮਿਤ ਦੁਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਪ੍ਰਦਰਸ਼ਨੀ ਕਲਾ ਪ੍ਰੇਮੀਆਂ ਲਈ ਇੱਕ ਵਿਲੱਖਣ ਅਨੁਭਵ ਸਾਬਤ ਹੋ ਰਹੀ ਹੈ, ਜਿਸ ਵਿੱਚ ਨਾਮਵਰ ਕਲਾਕਾਰਾਂ ਦੇ ਨਾਲ-ਨਾਲ ਨਵੇਂ ਉਭਰਦੇ ਕਲਾਕਾਰਾਂ ਨੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨੀ ਦੀ ਸ਼ਾਨ ਵਧਾਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕਲਾਕਾਰ ਪ੍ਰੇਮ ਸਿੰਘ ਅਤੇ ਰਣਬੀਰ ਕਾਲੇਕਾ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਖ਼ਾਸ ਤੌਰ 'ਤੇ ਰਣਬੀਰ ਕਾਲੇਕਾ ਵੱਲੋਂ ਪ੍ਰਸਤੁਤ ਕੀਤੀ ਗਈ ਵੀਡੀਓ ਇੰਸਟਾਲੇਸ਼ਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਵੀਡੀਓ ਇੰਸਟਾਲੇਸ਼ਨ ਕਲਾ ਦੇ ਖੇਤਰ ਵਿੱਚ ਇੱਕ ਨਵੀਂ ਸਿਰਜਣਾ ਦਾ ਪ੍ਰਤੀਕ ਸੀ, ਜਿਸ ਨੇ ਦਰਸ਼ਕਾਂ ਨੂੰ ਇੱਕ ਨਵਾਂ ਤਜਰਬਾ ਪ੍ਰਦਾਨ ਕੀਤਾ।
ਪੰਜਾਬ ਲਲਿਤ ਕਲਾ ਅਕੈਡਮੀ, ਜੋ ਕਿ ਪੰਜਾਬ ਕਲਾ ਪ੍ਰੀਸ਼ਦ ਦੀ ਸਰਪ੍ਰਸਤੀ ਹੇਠ ਕਾਰਜ ਕਰ ਰਹੀ ਹੈ, ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲਲਿਤ ਕਲਾਵਾਂ ਨੂੰ ਪ੍ਰਫੁੱਲਤ ਕਰਨ ਅਤੇ ਪੁਨਰ ਸਿਰਜਣਾ ਲਈ ਲਗਾਤਾਰ ਯਤਨਸ਼ੀਲ ਹੈ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਨਾ ਸਿਰਫ਼ ਕਲਾਕਾਰਾਂ ਨੂੰ ਇੱਕ ਮੰਚ ਪ੍ਰਦਾਨ ਕਰਨਾ ਹੈ, ਸਗੋਂ ਆਮ ਲੋਕਾਂ ਵਿੱਚ ਕਲਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ। ਇਸ ਮੌਕੇ ਬੋਲਦਿਆਂ ਰਜਿੰਦਰ ਕੌਰ ਪਸਰੀਚਾ ਨੇ ਕਿਹਾ ਕਿ ਅਜਿਹੇ ਆਯੋਜਨ ਨੌਜਵਾਨ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਕਲਾ ਨਾਲ ਜੋੜਨ ਦਾ ਇੱਕ ਸ਼ਾਨਦਾਰ ਮੌਕਾ ਦਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅਜਿਹੇ ਕਲਾਤਮਕ ਪ੍ਰਦਰਸ਼ਨ ਮਨੁੱਖੀ ਮਨ ਨੂੰ ਸਕੂਨ ਪ੍ਰਦਾਨ ਕਰਨ ਵਾਲੇ ਹੋ ਨਿਬੜਦੇ ਹਨ। ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਨਵੇਂ ਕਲਾਕਾਰਾਂ ਨੇ ਵੀ ਆਪਣੀਆਂ ਕਲਾ ਕਿਰਤਾਂ ਰਾਹੀਂ ਸਾਬਤ ਕੀਤਾ ਕਿ ਪੰਜਾਬ ਦੀ ਕਲਾ ਦਾ ਭਵਿੱਖ ਉੱਜਵਲ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕਲਾਕਾਰਾਂ ਨੇ ਆਧੁਨਿਕ ਅਤੇ ਪਰੰਪਰਾਗਤ ਕਲਾ ਦੇ ਸੁਮੇਲ ਨੂੰ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ, ਜਿਸ ਨੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹੀ ਖੱਟੀ।
ਸੁਮਿਤ ਦੁਆ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਲਲਿਤ ਕਲਾ ਅਕੈਡਮੀ ਦਾ ਮੁੱਖ ਟੀਚਾ ਸੂਬੇ ਦੇ ਹਰ ਕੋਨੇ ਵਿੱਚ ਕਲਾ ਦੀ ਪਹੁੰਚ ਨੂੰ ਵਧਾਉਣਾ ਅਤੇ ਨਵੇਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਤਿੰਨ ਦਿਨ ਚੱਲਣ ਵਾਲੀ ਇਹ ਪ੍ਰਦਰਸ਼ਨੀ ਪੰਜਾਬ ਦੀ ਕਲਾ ਅਤੇ ਸੱਭਿਆਚਾਰ ਨੂੰ ਨਵੀਂਆਂ ਉਚਾਈਆਂ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗੀ।