ਸਨੈਚਿੰਗ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ
————————————
ਪੰਜਾਬ ਅੰਦਰ ਪਿਛਲੇ ਕੁਝ ਸਾਲਾਂ ਤੋ ਸਨੈਚਿੰਗ ਦੀਆਂ ਘਟਨਾਵਾਂ ਚ ਕਾਫੀ ਵਾਧਾ ਹੋਇਆ ਹੈ।ਜਿਸ ਦਾ ਮੁੱਖ ਕਾਰਨ ਨੌਜਵਾਨਾਂ ਨੂੰ ਲੱਗੀ ਨਸ਼ੇ ਦੀ ਲਤ ਚ ਵਾਧੇ ਨੂੰ ਮੰਨਿਆ ਜਾਂਦਾ ਹੈ।ਜਦੋ ਦਾ ਸੂਬੇ ਅੰਦਰ ਨਸ਼ੇ ਦਾ ਰੁਝਾਨ ਵਧਿਆ ਹੈ ਉਦੋ ਤੋ ਸਨੈਚਿੰਗ ਦੀਆਂ ਵਾਰਦਾਤਾਂ ਚ ਵੀ ਵਾਧਾ ਹੋਇਆ ਹੈ।ਰੁਜ਼ਗਾਰ ਦੀ ਕਮੀ ਕਾਰਨ ਨੌਜਵਾਨ ਨਸ਼ੇ ਚ ਗਲਤਾਨ ਹੋ ਰਹੇ ਹਨ ਤੇ ਜਦੋ ਨਸ਼ੇ ਵਾਸਤੇ ਉਨਾਂ ਨੂੰ ਪੈਸੇ ਨਹੀਂ ਮਿਲਦੇ ਤਾਂ ਉਹ ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਂਦੇ ਹਨ।
ਉਧਰ ਸਨੈਚਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਅੱਜ ਕੱਲ ਲੋਕਾਂ ਅੰਦਰ ਭੈਅ ਦਾ ਮਹੌਲ ਹੈ। ਇਸੇ ਕਰਕੇ ਜਿਆਦਤਰ ਲੋਕ ਸੋਨੇ ਦੇ ਗਹਿਣੇ ਪਾਉਣ ਤੋ ਗੁਰੇਜ਼ ਕਰਨ ਲੱਗੇ ਹਨ।ਜਾਂ ਫਿਰ ਆਰਟੀਫੀਸ਼ੀਅਲ ਗਹਿਣਿਆਂ ਦੀ ਵਰਤੋਂ ਕਰਦੇ ਹਨ। ਜੋ ਚੰਗੀ ਗੱਲ ਹੈ।ਪਰ ਇਸ ਦੇ ਬਾਵਜੂਦ ਸਨੈਚਰ ਸਨੈਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ ਤੇ ਜੋ ਥੋੜਾ ਬਹੁਤਾ ਜੋ ਸੋਨਾ ਜਾਂ ਮੋਬਾਈਲ ਹੁੰਦਾ ਹੈ।ਉਸ ਨੂੰ ਖੋਹ ਕੇ ਭੱਜ ਨਿਕਲਦੇ ਹਨ।ਇੰਨਾ ਘਟਨਾਵਾਂ ਦੇ ਵਾਪਰਨ ਦੇ ਇੱਕ ਦੋ ਮੁੱਖ ਕਾਰਨ ਆਖੇ ਜਾ ਸਕਦੇ ਹਨ। ਜਿਸ ਵਿੱਚ ਸਭ ਤੋਂ ਮੁੱਖ ਕਾਰਨ ਹੈ ਕਿ ਸਾਡੇ ਦੇਸ਼ ਅੰਦਰ ਚੋਰੀ ਤੇ ਸਨੈਚਿੰਗ ਨੂੰ ਲੈ ਕੇ ਕੋਈ ਸਖ਼ਤ ਕਾਨੂੰਨ ਨਹੀਂ ਹੈ।ਜਿਸ ਕਰਕੇ ਪਿੰਡਾਂ,ਕਸਬਿਆਂ ਤੇ ਸ਼ਹਿਰਾਂ ਚ ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ਆਮ ਵੇਖਣ ਨੂੰ ਮਿਲਦੀਆਂ ਹਨ।ਇਨਾਂ ਵਾਰਦਾਤਾਂ ਦੌਰਾਨ ਫੜੇ ਜਾਣ ਤੇ ਆਈਪੀਸੀ 379 -ਬੀ / 379 ਵਰਗੀਆਂ ਨਰਮ ਧਾਰਵਾਂ ਹਨ ਤੇ ਇਨਾਂ ਧਾਰਾਂਵਾ ਤਹਿਤ ਸਜ਼ਾ ਦੀ ਪਰਵੀਜਨ ਬਹੁਤ ਘੱਟ ਹੈ।ਜਿਸ ਕਾਰਨ ਜਿਆਦਤਰ ਦੋਸ਼ੀ ਬਰੀ ਹੋ ਜਾਂਦੇ ਹਨ ਜਾਂ ਫਿਰ ਉਹਨਾਂ ਨੂੰ ਅੰਡਰਗੋਨ ਕਰ ਦਿੱਤਾ ਜਾਂਦਾ ਹੈ।ਨਰਮ ਧਰਾਂਵਾਂ ਕਾਰਨ ਇਹ ਘਟਨਾਵਾਂ ਨਾ ਤਾਂ ਰੁਕ ਰਹੀਆਂ ਤੇ ਨਾਂ ਹੀ ਇਨਾਂ ਚ ਖੜੋਤ ਆ ਰਹੀ ਹੈ।ਉਲਟਾ ਇਨਾਂ ਚ ਵਾਧਾ ਹੋ ਰਿਹਾ ਹੈ।ਦੋ ਤਿੰਨ ਮਹੀਨੇ ਜੇਲ੍ਹ ਚ ਰਹਿਣ ਮਗਰੋਂ ਜਦੋ ਅਜਿਹੇ ਲੋਕ ਬਾਹਰ ਆਉਂਦੇ ਹਨ ਤਾਂ ਉਹ ਫਿਰ ਸਨੈਚਿੰਗ ਦੀਆਂ ਵਾਰਦਾਤ ਨੂੰ ਇੰਜ਼ਾਮ ਦੇਣਾ ਸ਼ੁਰੂ ਕਰ ਦਿੰਦੇ ਹਨ।ਕਿਉਂਕੇ ਉਹਨਾਂ ਨੂੰ ਪਤਾ ਹੁੰਦਾ ਹੈ ਕੇ ਫੜੇ ਜਾਣ ਤੇ ਉਹ ਜਲਦੀ ਛੁੱਟ ਜਾਣਗੇ।ਦੂਜਾ ਅਜਿਹੇ ਅਨਸਰਾਂ ਨੂੰ ਉਨਾਂ ਦੇ ਘਰਦੇ ਵੀ ਇਕ ਅੱਧੀ ਵਾਰ ਹੀ ਬੇਲ (ਜਮਾਨਤ )ਤੇ ਛੁਡਵਾਉਂਦੇ ਹਨ।ਉਨਾਂ ਨੂੰ ਪਤਾ ਹੁੰਦਾ ਹੈ ਕੇ ਇਨਾਂ ਨੇ ਵਾਰਦਾਤਾਂ ਕਰਨ ਤੋ ਮੁੜਨਾ ਨਹੀਂ।ਇਸ ਲਈ ਉਹ ਇਨਾਂ ਵੱਲ ਧਿਆਨ ਦੇਣਾ ਛੱਡ ਦਿੰਦੇ ਹਾਂ।ਜਿਸ ਕਾਰਨ ਉਹ ਹੋਰ ਵਿਗੜਦੇ ਚਲੇ ਜਾਂਦੇ ਹਨ।
ਸਨੈਚਿੰਗ ਦੀ ਇਕ ਵਾਰਦਾਤ ਸਾਂਝੀ ਕਰਨ ਜਾ ਰਿਹਾ ਹੈ।ਜੋ ਮੇਰੇ ਗੁਆਂਢ ਚ ਰਹਿੰਦੀ ਇਕ ਮਹਿਲਾ ਨਾਲ ਵਾਪਰੀ।ਪਿਛਲੇ ਵਰ੍ਹੇ ਦੀ ਗੱਲ ਹੈ।ਉਹ ਤਿੱਖੜ ਦੁਪਹਿਰੇ ਬੈਂਕ ਚੋ20000/- ਹਜ਼ਾਰ ਕੱਢਵਾ ਕੇ ਪੈਦਲ ਵਾਪਸ ਘਰ ਨੂੰ ਪਰਤ ਰਹੀ ਸੀ ਕੇ ਦੋ ਮੋਟਰ ਸਾਈਕਲ ਸਵਾਰ ਸਨੈਚਰਾਂ ਨੇ ਉਸ ਨੂੰ ਇਕੱਲੀ ਵੇਖ ਉਸਦੇ ਹੱਥ ਚ ਫੜਿਆ ਲਿਫ਼ਾਫ਼ਾ ਖੋਹ ਲਿਆ ਤੇ ਵੇਖਦੇ ਹੀ ਵੇਖਦੇ ਉਹ ਗਏ,ਉਹ ਗਏ ।ਲਿਫਾਫੇ ਚ ਉਸਦੇ ਬੈਂਕ ਚੋ ਕਢਵਾਏ ਪੈਸੇ ਤੇ ਇਕ ਆਈ ਫ਼ੋਨ ਸਣੇ ਕੁਝ ਜਰੂਰੀ ਕਾਗਜਾਤ ਸਨ।ਉਸ ਦੇ ਰੌਲਾ ਪਾਉਣ ਦੇ ਬਾਵਜੂਦ ਉਹ ਲੁਟੇਰੇ ਭੱਜਣ ਚ ਕਾਮਯਾਬ ਹੋ ਗਏ।ਪਰ ਉਹਨਾਂ ਦੀ ਇਹ ਵਾਰਦਾਤ ਰੋਡ ਤੇ ਲੱਗੇ ਇੱਕ ਕੈਮਰੇ ਚ ਕੈਦ ਹੋ ਗਈ ਤੇ ਉਹ ਦੋ ਦਿਨਾ ਚ ਹੀ ਫੜੇ ਗਏ ।ਉਹਨਾਂ ਕੋਲੋ 20ਹਜਾਰ ਦੀ ਜਗ੍ਹਾ ਸਿਰਫ 3500/-ਰੁਪਏ ਹੀ ਬਰਾਮਦ ਹੋਏ। ਬਾਕੀ ਉਹ ਨਸ਼ੇ ਪੱਤੇ ਲਈ ਖਰਚ ਗਏ ।ਜਦ ਕੇ ਆਈ ਫ਼ੋਨ ਸਨੈਚਰਾਂ ਵੱਲੋਂ ਤੋੜ ਦਿੱਤਾ ਗਿਆ। ਸਨੈਚਰ ਫੜੇ ਜਾਣ ਦੇ ਬਾਵਜੂਦ ਉਸ ਔਰਤ ਦੇ ਪੱਲ੍ਹੇ ਕੁਝ ਨਹੀਂ ਪਿਆ।ਕਿਉਂਕਿ ਪੁਲਿਸ ਵੱਲੋਂ ਬਰਾਮਦ ਰਕਮ ਤੇ ਟੁੱਟਾ ਮੋਬਾਈਲ ਰਿਕਵਰੀ ਚ ਪਾ ਕੇ ਪਰਚਾ ਦਰਜ਼ ਕਰ ਸਨੈਚਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।ਇਸ ਘਟਨਾ ਦਾ ਹਵਾਲਾ ਦੇਣ ਦਾ ਮੇਰਾ ਮਕਸਦ ਸਿਰਫ ਇਹ ਹੈ ਕਿ ਪੁਲਿਸ ਇੰਨਾ ਘਟਨਾਵਾਂ ਨੂੰ ਲੈ ਕੇ ਬਹੁਤਾ ਕੁਝ ਨਹੀਂ ਕਰ ਸਕਦੀ ।ਸਿਰਫ ਪਰਚਾ ਦਰਜ ਕਰ ਸਕਦੀ ਹੈ।ਜਿੱਥੇ ਕੁਝ ਦਿਨਾ ਪਿੱਛੋਂ ਉਹਨਾਂ ਦੀ ਬੇਲ ਹੋ ਜਾਵੇਗੀ ਤੇ ਉਹ ਬਾਹਰ ਆਕੇ ਫਿਰ ਅਜਿਹੀਆਂ ਘਟਨਾਵਾਂ ਨੂੰ ਇੰਜ਼ਾਮ ਦੇਣਾ ਸ਼ੁਰੂ ਕਰ ਦੇਣਗੇ।ਅਗਲੀ ਗੱਲ ਬੇਸ਼ੱਕ ਉਹ ਸਨੈਚਰ ਫੜੇ ਗਏ।ਪਰ ਉਸ ਮਹਿਲਾ ਨੂੰ ਤਾ ਉਸਦਾ ਕੋਈ ਸਾਮਾਨ ਨਹੀਂ ਮਿਲਿਆ।ਉਹ ਕੇਸ ਕਿੰਨਾ ਚਿਰ ਚਲਦਾ ਹੈ ਇਹ ਵੀ ਪਤਾ ਨਹੀਂ?
ਸੋ ਪੁਲਿਸ ਇਕੱਲੀ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਨਹੀਂ ਰੋਕ ਸਕਦੀ।ਸਨੈਚਿੰਗ ਤੋਂ ਬਚਣ ਵਾਸਤੇ ਸਭ ਤੋਂ ਜਰੂਰੀ ਹੈ ਕੇ ਅਜਿਹੀਆਂ ਵਾਰਦਾਤਾਂ ਪ੍ਰਤੀ ਲੋਕਾਂ ਤੇ ਖ਼ਾਸਕਰ ਔਰਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਹੀ ਅਜਿਹੀਆਂ ਵਾਰਦਾਤਾਂ ਤੇ ਲਗਾਮ ਲੱਗ ਸਕਦੀ ਹੈ।ਕਿਉਂਕਿ ਸਨੈਚਿੰਗ ਦੀਆਂ ਵਾਰਦਾਤਾਂ ਜਿਆਦਤਰ ਔਰਤਾਂ ਨਾਲ ਹੀ ਵਾਪਰਦੀਆਂ ਹਨ,ਪੁਰਸ਼ਾਂ ਨਾਲ ਘੱਟ।ਇਹ ਵੇਖਣ ਚ ਆਇਆ ਹੈ ਕੇ ਸਨੈਚਿੰਗ ਦੀਆਂ ਬਹੁਤੀਆਂ ਘਟਨਾਵਾਂ ਦੁਪਹਿਰੇ ਜਾ ਸ਼ਾਮ ਨੂੰ ਥੋੜਾ ਹਨੇਰਾ ਹੋਣ ਤੇ ਵਾਪਰਦੀਆਂਹਨ।ਇਸ ਲਈ ਔਰਤਾਂ ਨੂੰ ਇਹ ਦੋਂਵੇ ਵਕਤ ਘਰ ਤੋਂ ਬਾਹਰ ਜਾਣ ਸਮੇ ਸੋਨੇ ਦੇ ਗਹਿਣੇ, ਨਗਦੀ ,ਮੋਬਾਈਲ ਤੇ ਹੋਰ ਕੀਮਤੀ ਚੀਜ਼ਾਂ ਨੂੰ ਸੰਭਾਲ ਕੇ ਲਿਜਾਣਾ ਚਾਹੀਦਾ ਹੈ।ਜਾਂ ਫਿਰ ਇਕੱਲੇ ਜਾਣ ਦੀ ਬਜਾਏ ਕਿਸੇ ਪੁਰਸ਼ ਵਗ਼ੈਰਾ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਸਨੈਚਿੰਗ ਦੀਆਂ ਘਟਨਾਵਾਂ ਤੋ ਬਚਿਆ ਜਾ ਸਕੇ ।ਬਹੁਤ ਵਾਰ ਇਹ ਵੀ ਵੇਖਿਆ ਗਿਆ ਹੈ ਕੇ ਸਨੈਚਰ ਘਟਨਾ ਵਕਤ ਬੰਦੇ ਦਾ ਜਾਨੀ ਨੁਕਸਾਨ ਵੀ ਕਰ ਜਾਂਦੇ ਹਨ।
ਇਸ ਲਈ ਅਜਿਹੀਆਂ ਵਾਰਦਾਤਾ ਤੇ ਕਾਬੂ ਪਾਉਣ ਲਈ ਸਰਕਾਰ ਨੂੰ ਸਖ਼ਤ ਕਨੂੰਨ ਬਣਾ ਕੇ ਸਖ਼ਤ ਸਜਾਵਾਂ ਦੇਣੀਆਂ ਪੈਣਗੀਆਂ ਤਾ ਹੀ ਅਜਿਹੀਆ ਵਾਰਦਾਤਾਂ ਨੂੰ ਨੱਥ ਪੈ ਜਾ ਸਕਦੀ ਹੈ।ਇਸ ਤਰਾਂ ਸਨੈਚਿੰਗ ਕਰਨ ਵਾਲੇ ਲੋਕਾਂ ਚ ਡਰ ਪੈਦਾ ਹੋਵੇਗਾ।
————
ਲੈਕਚਰਾਰ ਅਜੀਤ ਖੰਨਾ
ਮੋਬਾਈਲ:76967-54669

-
ਅਜੀਤ ਖੰਨਾ, ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.