ਤਿੜਕਦੇ ਰਿਸ਼ਤੇ: ਸਾਥ ਛੱਡ ਦੇਵੇ ਤਾਂ ਸਾਹਿਬਾ, ਜੇ ਸਾਥ ਚਾਅ ਲਵੇ ਤਾਂ ਲੂਣਾ
ਕੁੱਝ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਇੱਕ ਔਰਤ ਨੇ ਆਪਣੇ ਪਤੀ ਨੂੰ ਵੱਢ ਕੇ ਡਰੰਮ ਵਿੱਚ ਪਾ ਦਿੱਤਾ। ਬਹੁਤ ਹੀ ਮੰਦਭਾਗੀ ਘਟਨਾ ਹੈ, ਇਹ ਪਰ ਫੇਸਬੁੱਕ ਇੰਸਟਰਾ ਤੇ ਹਰ ਤੀਜੀ ਰੀਲ... ਹਰ ਤੀਜੀ ਵੀਡੀਓ ਡਰੰਮ ਵਾਲੀ ਨਜ਼ਰ ਆ ਰਹੀ ਆ ਕਿ ਪਤਨੀ ਨੇ ਡਰੰਮ ਮੰਗਵਾਇਆ ਪਤੀ ਘਰੋਂ ਭੱਜ ਗਿਆ।
ਸਾਥ ਛੱਡ ਦੇਵੇ ਤਾਂ ਸਾਹਿਬਾ
ਜੇ ਸਾਥ ਚਾਅ ਲਵੇ ਤਾਂ ਲੂਣਾ
ਅਸਲ 'ਚ ਮਰਦ ਦੇ ਸਮੀਰ ਜਾਂ ਸਲਵਾਨ ਹੋਣ ਤੋਂ ਸਮਾਜ ਨੂੰ ਕੋਈ ਪ੍ਰੇਸ਼ਾਨੀ ਨਹੀਂ ਜੇ ਹੈ ਤਾਂ ਔਰਤ ਤੋਂ ਉਹ ਲੂਣਾ ਵੀ ਨਾ ਹੋਵੇ ਸਾਹਿਬਾ ਵੀ ਨਾ ਹੋਵੇ। ਭਰਾਵੋ ਜੇ ਔਰਤ ਗ਼ਲਤ ਹੋ ਗਈ ਤਾਂ ਉਸਨੂੰ ਇਸ ਰਸਤੇ ਪਾਉਣ ਵਾਲਾ ਵੀ ਇੱਕ ਮਰਦ ਹੀ ਹੋਊਗਾ। ਕੌਣ ਔਰਤ ਆਪਣਾ ਘਰ ਪੱਟਦੀ ਆ ਕੋਈ ਤਾਂ ਕਾਰਨ ਹੋਊਗਾ ਕਦੇ ਇਸਦੀ ਵੀ ਡੂੰਘਾਈ ਪਤਾ ਕਰਨੀ ਚਾਹੀਦੀ ਹੈ। ਪਿਛਲੇ ਦਿਨੀਂ ਇੱਕ ਮਾਨਸਾ ਦੀ ਕੁੜੀ ਸੁਪਾਰੀ ਦੇ ਕੇ ਮਰਵਾ ਦਿੱਤੀ ਕੋਈ ਰੀਲ ਵੀਡੀਓ ਨੀ ਬਣੀ। ਤਿੰਨ ਦਿਨਾਂ ਚ ਤਿੰਨ ਇੱਕ ਰਾਜਪੁਰੇ, ਮੌੜ ਮੰਡੀ ਤੇ ਖੰਨੇ ਸਮੂਹਿਕ ਬਲਾਤਕਾਰ ਕਰਕੇ ਕੁੜੀਆਂ ਮਾਰ ਦਿੱਤੀਆਂ ਓਦੋਂ ਕਿਸੇ ਮਰਦ ਨੇ ਵੀਡੀਓ ਨੀ ਬਣਾਈ। ਔਰਤਾਂ ਗ਼ਲਤ ਨੇ ਤਾਂ ਮਰਦ ਕਿਹੜਾ ਦੁੱਧ ਦੇ ਧੋਤੇ ਨੇ।
ਪਹਿਲੀ ਗੱਲ ਅੱਜ ਵੀ ਸਾਡਾ ਸਮਾਜ ਜਾਤਾਂ ਧਰਮਾਂ 'ਚ ਵੰਡਿਆਂ ਹੋਇਆ ਅਥਾਹ ਪਿਆਰ ਕਰਦੇ ਮੁੰਡੇ ਕੁੜੀ ਦਾ ਵਿਆਹ ਨੀ ਕਰਨਗੇ ਆਖਣਗੇ ਜਾਤ ਨੀ ਮਿਲਦੀ ਆਵਦੀ ਜਾਤ ਵਾਲਾ ਕੁੱਟੇ ਮਾਰੇ ਕੋਈ ਚੱਕਰ ਨੀ ਆਵਦੀ ਜਾਤ ਆ ਜੇ ਕੁੱਟਦਾ ਫੇਰ ਕਿ ਆ।
ਦੂਜੀ ਗੱਲ ਸਿਰ ਨਰੜ ਵਾਲੀ ਜੇ ਨਹੀਂ ਬਣਦੀ ਤਾਂ ਪੰਚਾਇਤਾਂ ਬੁਲਾ ਬੁਲਾ ਕੇ ਓਨੀ ਦੇਰ ਤੱਕ ਭੇਜੀ ਜਾਣਗੇ ਜਿੰਨੀ ਦੇਰ ਤੱਕ ਇੱਕ ਮਾਰ ਨੀ ਦਿੱਤਾ ਜਾਂਦਾ ਜਾਂ ਆਤਮਹੱਤਿਆ ਨੀ ਕਰ ਲੈਂਦਾ। ਸਾਡਾ ਕਾਨੂੰਨ ਤਲਾਕ ਨੂੰ ਇੰਨੀ ਦੇਰ ਤੱਕ ਲਮਕਾਈ ਰੱਖਦਾ ਕਿ ਜਦੋਂ ਤੱਕ ਅਗਲਾ ਬੁੱਢਾ ਨੀ ਹੋ ਜਾਂਦਾ। ਤਲਾਕ ਦਾ ਕੇਸ ਦੋ ਜ਼ਿੰਦਗੀਆਂ ਰੋਕੀ ਬੈਠਾ ਉਸਦਾ ਫ਼ੈਸਲਾ ਇੱਕ ਸਾਲ ਚ ਕਿਉਂ ਨਹੀਂ ਕੀਤਾ ਜਾਂਦਾ।
ਇੱਕ ਹੋਰ ਕਾਰਨ ਜ਼ਿੰਦਗੀ ਜਿਊਣ ਲਈ ਇੱਕ ਸਮਝਦਾਰ ਸਾਥੀ ਦੀ ਲੋੜ ਹੁੰਦੀ ਹੈ ਨਾ ਕੇ ਕਈ ਲੱਖ ਤਨਖ਼ਾਹ ਦੀ ਲੋੜ ਹੁੰਦੀ। ਔਰਤ ਦੇ ਨਾਜਾਇਜ਼ ਸੰਬੰਧ ਤਾਂ ਸਭ ਦੇ ਸਾਹਮਣੇ ਆ ਗਏ, ਉਹ ਮਰਦ ਕਿਹੜਾ ਦੁੱਧ ਦਾ ਧੋਤਾ ਹੋਊਗਾ, ਜਿਹੜਾ ਦੋ ਦੋ ਸਾਲ ਬਾਅਦ ਆਉਂਦਾ ਸੀ ਇੰਨੇ ਪੈਸੇ ਸੀ ਵਿਦੇਸ਼ ਦਾ ਵੀਜ਼ਾ ਸੀ ਉਹ ਵੀ ਬਹੁਤ ਕੁੱਝ ਕਰਦਾ ਹੋਊ। ਪਤਾ ਨਹੀਂ ਅਗਲੀ ਨੂੰ ਕਿ ਕਿ ਪਤਾ ਹੋਊ ਕਿਹੜੇ ਕਿਹੜੇ ਮਸਲੇ ਹੋਣੇ ਅਗਲੀ ਕਿੰਨੀ ਕੁ ਔਖੀ ਹੋਣੀ।
ਔਰਤ ਹੋਣਾ ਆਸਾਨ ਨਹੀਂ ਹੁੰਦਾ, ਇੰਨਾ ਪੜ੍ਹ ਲਿਖ ਕੇ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੀਆਂ ਨੂੰ ਦਸਵੀ ਫ਼ੇਲ੍ਹ ਵੀ ਪਾਗਲ ਔਰਤ ਦੱਸਦੇ ਨੇ। ਅਨਪੜ੍ਹ ਵਿਹਲੇ ਲੋਕ ਉਸਦੀ ਅਕਲ ਪਰਖਦੇ ਨੇ। ਜਿੰਨੀ ਦੇਰ ਮਰਦ ਨੂੰ ਯਕੀਨ ਨੀ ਹੋ ਜਾਂਦਾ ਕਿ ਉਹ ਇੰਨਾ ਕੁ ਕਮਾ ਸਕਦਾ ਹੈ ਕਿ ਜਿਸ ਨਾਲ ਪਰਿਵਾਰ ਪਾਲਿਆ ਜਾ ਸਕੇ, ਵਿਆਹ ਹੀ ਕਿਉਂ ਕਰਵਾਉਂਦਾ ਅਗਲਾ? ਜਵਾਨ ਜਹਾਨ ਔਰਤ ਏ ਸੋਹਣੀ ਏ ਉਸਦੀਆਂ ਵੀ ਸਰੀਰਕ ਤੇ ਮਾਨਸਿਕ ਲੋੜਾਂ ਹੋਣਗੀਆਂ ਇਹ ਕਿਥੋਂ ਦਾ ਇਨਸਾਫ਼ ਆ ਵੀ ਜਵਾਕ ਜੰਮ ਕੇ ਉਸਨੂੰ ਛੱਡ ਕੇ ਪੈਸੇ ਕਮਾਉਣ ਚਲੇ ਜਾਓ।
ਸਰੀਰਕ ਲੋੜ ਨੂੰ ਹਊਆਂ ਬਣਾਉਣ ਕਰਕੇ ਸਾਡੇ ਸਮਾਜ ਨੇ ਆਹ ਕੁੱਝ ਖੱਟਿਆ ਹੈ। ਨਹੀਂ ਬਣਦੀ ਤਲਾਕ ਦਿਓ ਕਿਉਂ ਧੱਕਾ ਕੀਤਾ। ਕਿਸੇ ਨੇ ਵਿਆਹ ਨਹੀਂ ਕਰਵਾਇਆ ਤਾਂ ਲਿਵ ਇਨ ਚ ਰਹਿਣ ਦਿਓ ਉਸਦੀ ਆਪਣੀ ਮਰਜ਼ੀ ਆ । ਕੋਈ ਬਾਲਗ ਹੋਟਲ ਚ ਕਮਰਾ ਲੈਣ ਤਾਂ ਸਮਾਜ ਨੂੰ ਪਵਿੱਤਰਤਾ ਖਟਕਣ ਲੱਗ ਜਾਂਦੀ ਆ ਦੋ ਦੋ ਸਾਲ ਦੀਆਂ ਮਾਸੂਮ ਕੁੜੀਆਂ ਨਾਲ ਬਲਾਤਕਾਰ ਹੋਣੇ ਅਸੀਂ ਸਹਿ ਲਵਾਂਗੇ। ਹੁਣ ਤਾਂ ਜੱਜ ਨੇ ਵੀ ਕਹਿ ਦਿੱਤਾ ਵੀ ਕਿਸੇ ਔਰਤ ਦੇ ਕੱਪੜੇ ਉਤਾਰਨੇ ਉਸਦੇ ਪ੍ਰਾਈਵੇਟ ਅੰਗ ਛੂਹ ਲੈਣੇ ਕੋਈ ਅਪਰਾਧ ਨਹੀਂ ਨੱਚੋ ਤੁਹਾਨੂੰ ਤਾਂ ਖੁੱਲ ਮਿਲ ਗਈ।
ਰਿਸ਼ਤੇ ਭਾਵਨਾਵਾਂ ਦੇ ਹੁੰਦੇ ਨੇ, ਮਾਨਸਿਕ ਸਾਂਝ ਦੇ ਹੁੰਦੇ ਨੇ, ਨਿੱਘ ਦੇ ਤੇ ਨੇੜਤਾ ਦੇ ਹੁੰਦੇ ਨੇ... ਹਵਸ ਦੇ ਨੀ ਹੁੰਦੇ। ਬਹੁਤੀਆਂ ਔਰਤਾਂ ਆਪਣੇ ਬੱਚਿਆਂ ਲਈ ਘਟੀਆ ਤੋਂ ਘਟੀਆ ਮਰਦਾਂ ਨਾਲ ਜੀਵਨ ਬਸਰ ਕਰ ਰਹੀਆਂ ਨੇ। ਮੈਂ ਇਹੋ ਜਿਹੀਆਂ ਵਿਧਵਾ ਔਰਤਾਂ ਦੇਖੀਆਂ ਨੇ ਜਿੰਨਾ ਦੇ ਪਤੀ ਵੀ ਜਿਊਦੇ ਨੇ, ਕਦੇ ਔਰਤ ਦੇ ਮਨ ਨੂੰ ਕੋਈ ਨੀ ਪੜ੍ਹਦਾ, ਉਸ ਨਾਲ ਕੋਈ ਦਿਲੋਂ ਜੁੜ੍ਹਦਾ ਨੀ ਕਦੇ ਕਿਸੇ ਨੇ ਪਤਨੀ ਨੂੰ ਕਿਹਾ ਵੀ ਥੱਕ ਗਈ ਹੋਵੇਗੀ ਆਰਾਮ ਕਰ ਲਾ। ਕਦੇ ਕਿਸੇ ਨੇ ਪਤਨੀ ਨੂੰ ਕਿਹਾ ਵੀ ਕਿਉਂ ਨਾਂ ਅੱਜ ਤੇਰੇ ਪਸੰਦ ਦਾ ਖਾਣਾ ਬਣਾਇਆ ਜਾਵੇ।
ਕੰਮ ਤੋਂ ਘਰ ਆਈ ਪਤਨੀ ਨੂੰ ਕਿੰਨੇ ਕੁ ਚਾਹ ਦਾ ਕੱਪ ਬਣਾ ਕੇ ਦਿੰਦੇ ਹੋਣਗੇ। ਔਰਤ ਦੇ ਜਦੋਂ ਮਾਤਾ ਪਿਤਾ ਨੀ ਰਹਿੰਦੇ ਤਾਂ ਉਹ ਕਿਉਂ ਅਨਾਥ ਹੋਇਆ ਮਹਿਸੂਸ ਕਰਦੀ ਆ ਕਿਉਂਕਿ ਇਸਨੂੰ ਸਾਰੇ ਪਰਖਣ ਵਾਲੇ ਹੁੰਦੇ ਸਮਝਣ ਵਾਲਾ ਕੋਈ ਨੀ ਹੁੰਦਾ। ਜ਼ਿੰਦਗੀ ਦੇ ਸੰਘਰਸ਼ ਤੋਂ ਥੱਕੀਆਂ ਔਰਤਾਂ ਨੂੰ ਮੋਹ ਭਰੇ ਕਲਾਵੇ ਚਾਹੀਦੇ ਹੁੰਦੇ ਨੇ ਹਵਸ ਭਰੇ ਉਸਨੂੰ ਨੋਚਣ ਵਾਲੇ ਹੱਥ ਨਹੀਂ ਚਾਹੀਦੇ ਹੁੰਦੇ। ਹਰ ਤੀਜਾ ਬੰਦਾ ਸਾਨੂੰ ਇਨਬਾਕਸ ਕਰਦਾ ਦੋਸਤੀ ਕਰਨੀ ਚਾਹੁੰਦਾ ਜੇ ਮਰਦ ਇਹ ਜਾਣਦੇ ਨੇ ਵੀ ਔਰਤ ਬੇਵਫ਼ਾ ਹੈ ਫੇਰ ਕਿਉਂ ਉਸਦੀ ਇੱਕ ਅਦਾ ਤੇ ਪਾਗਲ ਹੋ ਜਾਂਦੇ ਨੇ।
ਅਸਲ ਚ ਔਰਤ ਜਿਸਨੂੰ ਪਿਆਰ ਕਰਦੀ ਹੈ ਉਸ ਤੋਂ ਉਮੀਦ ਰੱਖਦੀ ਹੈ ਸ਼ਿਕਵੇ ਕਰਦੀ ਹੈ ਲੜਦੀ ਹੈ । ਉਹ ਆਪਣੇ ਉਸ ਪਸੰਦੀਦਾ ਮਰਦ ਦਾ ਧਿਆਨ ਖਿੱਚਣਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਉਸਨੂੰ ਸੁਣਿਆ ਜਾਵੇ ਪੜ੍ਹਿਆ ਜਾਵੇ ਪਰ ਉਸਨੂੰ ਜੋ ਮਿਲਦਾ ਵਰਤ ਕੇ ਰੱਦੀ ਚ ਵੇਚਣ ਵਾਲਾ ਹੁੰਦਾ। ਉਹ ਵਾਰ ਵਾਰ ਕੋਸ਼ਿਸ਼ ਕਰਕੇ ਜਦ ਉਹ ਅਹਿਮੀਅਤ ਨਹੀਂ ਪਾ ਸਕਦੀ ਜਿਹੜੀ ਉਹ ਚਾਹ ਰਹੀ ਸੀ ਤਾਂ ਉਹ ਟੁੱਟ ਜਾਂਦੀ ਹੈ। ਉਸਦੀਆਂ ਸ਼ਿਕਾਇਤਾਂ ਸ਼ਿਕਵੇ ਮੁੱਕਦੇ ਨਹੀਂ ਬਲਕਿ ਉਮੀਦ ਟੁੱਟ ਜਾਂਦੀ ਆ ਉਹ ਚੁੱਪ ਕਰ ਜਾਂਦੀ ਹੈ।
ਮਰਦ ਨੂੰ ਲੱਗਦਾ ਇਹ ਚੁੱਪ ਹੋ ਗਈ ਸਾਰਾ ਕੁੱਝ ਠੀਕ ਹੋ ਗਿਆ ਅਸਲ ਚ ਠੀਕ ਨਹੀਂ ਖ਼ਰਾਬ ਹੋਇਆ ਹੁੰਦਾ। ਬਾਹਰੋਂ ਸ਼ਾਂਤ ਦਿਸਣ ਵਾਲੀ ਦੇ ਅੰਦਰ ਇੱਕ ਤੂਫ਼ਾਨ ਉੱਠ ਰਿਹਾ ਹੁੰਦਾ। ਪਰ ਉਹ ਸਮਾਜ ਕਰਕੇ ਬੱਚਿਆਂ ਕਰਕੇ ਇਸ ਤੂਫ਼ਾਨ ਨੂੰ ਠੱਲ੍ਹਣ ਦੀ ਕੋਸ਼ਿਸ਼ ਕਰਦੀ ਹੈ। ਬਹੁਤ ਸਾਰੀਆਂ ਮਜ਼ਬੂਤ ਔਰਤਾਂ ਇਸਨੂੰ ਠੱਲ੍ਹ ਪਾ ਲੈਂਦਿਆਂ ਨੇ ਤੇ ਬਹੁਤੀਆਂ ਟੁੱਟ ਕੇ ਇਸ ਚ ਵਹਿ ਜਾਂਦੀਆਂ ਨੇ। ਫੇਰ ਇਸ ਤੂਫ਼ਾਨ ਵਿੱਚ ਕੀ ਕੀ ਵਹਿ ਜਾਂਦਾ ਇਸਦੀ ਪ੍ਰਵਾਹ ਨਦੀ ਨੂੰ ਨਹੀਂ ਹੁੰਦੀ।
ਸੋ ਕੋਸ਼ਿਸ਼ ਕਰੋ ਕਿਸੇ ਦੀ ਜ਼ਿੰਦਗੀ ਚ ਨਾ ਆਓ, ਪਤਾ ਨਹੀਂ ਕੋਈ ਇਨਸਾਨ ਕਿਸ ਦਰਦ ਦੇ ਬੋਝ ਹੇਠ ਕਿਵੇਂ ਜੀ ਰਿਹਾ ਹੁੰਦਾ। ਟੁੱਟੀ ਹੋਈ ਔਰਤ ਜੇ ਤੁਸੀਂ ਜੋੜ ਰਹੇ ਹੋ ਤਾਂ ਉਸਨੂੰ ਫਰੇਮ ਕਰਨ ਲਈ ਜੋੜੋ ਨਾ ਕੀ ਉਸ ਨਾਲ ਖੇਡ ਕੇ ਦੁਬਾਰਾ ਤੋੜਨ ਲਈ ਨਹੀਂ। ਜੇ ਕਿਸੇ ਟੁੱਟੀ ਹੋਈ ਔਰਤ ਦੀ ਬਾਂਹ ਫੜਨ ਦੀ ਕਿਸੇ ਮਰਦ ਚ ਹਿੰਮਤ ਹੋਵੇ ਤਾਂ ਸਲੂਟ ਆ ਉਸ ਮਰਦ ਨੂੰ। ਸੋ ਕਿਸੇ ਦਾ ਵਿਸ਼ਵਾਸ ਨਾ ਤੋੜੋ। ਕੁਦਰਤ ਦਾ ਅਸੂਲ ਹੈ ਜਿਹੋ ਜਿਹਾ ਕਰੋਗੇ ਭਰਨਾ ਵੀ ਇੱਥੇ ਹੀ ਪਵੇਗਾ। ਕਿਸੇ ਦੇ ਹਾਸੇ ਖੋਹ ਕੇ ਦੁੱਖ ਦੇਣ ਵਾਲੇ ਕਦੇ ਸੌਖੇ ਨੀ ਵੱਸ ਸਕਦੇ।
ਔਰਤਾਂ ਨੂੰ ਵਰਤਣਾ ਛੱਡੋ ਉਸਨੂੰ ਪਰਖਣਾ ਛੱਡੋ ਉਸਨੂੰ ਸਮਝਣਾ ਸਿੱਖੋ ਚੰਗੀ ਮਾੜੀ ਘਟਨਾ ਵਾਪਰਦੀ ਰਹਿੰਦੀ ਆ ਇੱਕ ਘਟਨਾ ਨਾਲ ਪੂਰੀ ਔਰਤ ਜਾਤੀ ਦਾ ਚਰਿੱਤਰ ਨਾ ਮਾਪੋ। ਬਥੇਰੀਆਂ ਨਿੰਦੋਆ ਸੜੀਆਂ ਨੇ ਦਾਜ ਲਈ ਬਹੁਤ ਅੱਜ ਵੀ ਮਰ ਰਹੀਆਂ ਨੇ। ਇੱਕ ਘਟਨਾ ਪੂਰੇ ਸਮਾਜ ਜਾ ਕੌਮ ਦਾ ਦਰਪਣ ਨੀ ਹੁੰਦੀ।
ਅਸਲ ਚ ਔਰਤ ਸਮਝਦਾਰ ਹੈ ਹੀ ਨਹੀਂ ਕਦੇ ਹੋ ਵੀ ਨਹੀਂ ਸਕਦੀ। ਜਦੋਂ ਉਸਨੂੰ ਕੋਈ ਸਮਝਦਾ ਹੀ ਨਹੀਂ। ਉਸਨੂੰ ਇਹਸਾਸ ਹੀ ਨਹੀਂ ਕਰਵਾਇਆ ਜਾਂਦਾ ਵੀ ਉਹ ਖ਼ਾਸ ਆ ਤਾਂ ਉਹ ਕੋਈ ਰਾਹ ਤਾਂ ਲੱਭਣ ਤੁਰੁਗੀ ਜਿਹੜਾ ਉਸਨੂੰ ਸਹੀ ਲੱਗੂ।
ਕੋਈ ਉਸਦੀਆਂ ਭਾਵਨਾਵਾਂ ਸਮਝ ਕੇ ਆਖੂਗਾ ਤੂੰ ਬਹੁਤ ਸੋਹਣਿਆਂ ਗੱਲਾਂ ਕਰਦੀ ਏ,, ਕਮਾਲ ਆ ਤੇਰੇ ਜਜ਼ਬੇ ਨੂੰ ਤੂੰ ਦਲੇਰ ਏ ਤੂੰ ਸੋਹਣੀ ਏ, ਆਪਣੇ ਬਾਰੇ ਇਹ ਸ਼ਬਦ ਜਿਹੜੇ ਉਸਨੇ ਸੋਚੇ ਹੁੰਦੇ ਨੇ ਉਸਨੂੰ ਉਸਦਾ ਪਤੀ ਨਹੀਂ ਕਹਿੰਦਾ ਤਾਂ ਤੀਜਾ ਬੰਦਾ ਆਖੂਗਾ ਤਾਂ ਉਸਨੂੰ ਵਧੀਆ ਤਾਂ ਲੱਗਣਾ ਹੀ ਹੈ। ਉਹ ਭਾਵਨਾਵਾਂ ਦੇ ਵਹਿਣ ਚ ਵਹਿ ਕੇ ਉਸ ਹਮਦਰਦੀ ਦੇ ਬੋਲਾਂ ਚ ਭਿੱਜ ਹੀ ਜਾਊਗੀ। ਪਰ ਬੇਗਾਨਾ ਮਰਦ ਵੀ ਉਸਦਾ ਕਦ ਬਣਦਾ ਹੈ ਉਸ ਲਈ ਵੀ ਉਹ ਬਸ ਹਵਸ ਪੂਰੀ ਕਰਨ ਦਾ ਸਾਧਨ ਹੈ ਕੁੱਝ ਦੇਰ ਬਾਅਦ ਸਾਹਮਣੇ ਆ ਹੀ ਜਾਂਦਾ।
ਮੈਂ ਅਕਸਰ ਸੋਚਦੀ ਹਾਂ ਵੀ ਜਦੋਂ ਔਰਤ ਪ੍ਰੇਮ ਕਰਦੀ ਤਾਂ ਤਾਂ ਅੰਨੀ ਹੋ ਜਾਂਦੀ ਆ ਉਹ ਉਸ ਮਰਦ ਨੂੰ ਪਤਾ ਨੀ ਕਿ ਕੀ ਮੰਨ ਲੈਂਦੀ ਹੈ ਪਰ ਜਦੋਂ ਮਰਦ ਮੁਹੱਬਤ ਕਰਦਾ ਏ ਉਸਦੇ ਚਾਰ ਅੱਖਾਂ ਲੱਗ ਜਾਂਦੀਆਂ ਨੇ ਉਹ ਪਹਿਲਾਂ ਆਪਣੀ ਜ਼ਿੰਦਗੀ ਨੂੰ ਬਚਾਉਂਦਾ ਤੇ ਪਰਿਵਾਰ ਨੂੰ ਫੇਰ ਔਰਤ ਨੂੰ ਕੁੱਝ ਵਕਤ ਦਿੰਦਾ ਆਹੀ ਕਾਰਨ ਆ ਵੀ ਪ੍ਰੇਮ ਚ ਮਰਦ ਨੇ ਪਤਨੀ ਮਾਰ ਦਿੱਤੀ ਇਹੋ ਜਿਹੀਆਂ ਘਟਨਾਵਾਂ ਨਾਂ ਮਾਤਰ ਹੀ ਘਟਦੀਆਂ ਨੇ ਅਕਸਰ ਔਰਤ ਹੀ ਪ੍ਰੇਮੀ ਮਗਰ ਲੱਗਦੀ ਆ।
ਕਿਉਂਕਿ ਉਸਨੂੰ ਠੁਕਰਾਉਣ ਵਾਲਾ ਵੀ ਮਰਦ ਸੀ ਤੇ ਉਸਨੂੰ ਭਾਵਨਾਵਾਂ ਦੇ ਵਹਿਣ ਚ ਰੋੜਨ ਵਾਲਾ ਵੀ ਮਰਦ ਹੀ ਸੀ ਪਰ ਅਸਲ ਚ ਉਸਦਾ ਕੋਈ ਹੈ ਹੀ ਨਹੀਂ ਸੀ ਨਾਂ ਪਹਿਲਾ ਮਰਦ ਨਾਂ ਦੂਜਾ ਮਰਦ। ਔਰਤ ਬਹੁਤ ਭਾਵੁਕ ਹੁੰਦੀ ਹੈ ਉਸਦੀਆਂ ਭਾਵਨਾਵਾਂ ਸਮਝਣ ਦੀ ਜ਼ਰੂਰਤ ਹੁੰਦੀ ਹੈ ਸਾਥ ਦੀ ਜ਼ਰੂਰਤ ਹੁੰਦੀ ਹੈ ਇੰਨੇ ਲੱਖ ਜੋੜਨ ਦੀ ਲੋੜ ਨਹੀਂ ਹੁੰਦੀ ਕੀ ਤਿੰਨ ਤਿੰਨ ਸਾਲ ਪੈਸੇ ਹੀ ਕਮਾਈ ਜਾਓ।
ਪੈਸੇ ਦੀ ਹੋੜ ਚੋਂ ਨਿਕਲ ਕੇ ਰਿਸ਼ਤੇ ਬਚਾਉਣ ਦੀ ਲੋੜ ਹੈ। ਉਹ ਮਰਦ ਵੀ ਫੇਸ ਬੁੱਕ ਤੇ ਔਰਤ ਨੂੰ ਚਰਿੱਤਰ ਸਰਟੀਫਿਕੇਟ ਦੇਣ ਲੱਗੇ ਹੁੰਦੇ ਨੇ ਜਿਹੜੇ ਚੌਂਕ ਚ ਖੜਕੇ ਮੰਗਣ ਵਾਲੇ ਖੁਸਰਿਆਂ ਨੂੰ ਦੇਖ ਕੇ ਵੀ ਉੱਤੇ ਡਿੱਗਣ ਵਾਲੇ ਹੋਏ ਹੁੰਦੇ ਨੇ। ਔਰਤਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਚ ਉੱਨੇ ਮਰਦ ਨੀ ਹੋਣੇ ਜਿੰਨੇ ਉਸਨੂੰ ਤੋੜਨ, ਬਰਬਾਦ ਕਰਨ ਬਦਨਾਮ ਕਰਨ ਵਿੱਚ ਹੋਣਗੇ। ਕਿਸੇ ਸਫਲ ਇਸਤਰੀ ਲਈ ਤਾਂ ਸਮਾਜ ਚ ਵਿਚਰਨਾ ਹੋਰ ਵੀ ਜ਼ਿਆਦਾ ਔਖਾ ਲੋਕਾਂ ਨੂੰ ਸਾਡੀ ਆਜ਼ਾਦੀ ਦੀ ਪ੍ਰਵਾਹ ਬਾਹਲ਼ੀ ਹੁੰਦੀ ਆ।
ਇਨਬਾਕਸ ਕਰਕੇ ਪੁੱਛਦੇ ਰਹਿੰਦੇ ਨੇ, ਘਰ ਚ ਕੌਣ ਕੌਣ ਨੇ ਜੀ। ਵਿਚਾਰੇ ਉਮੀਦ ਕਰਦੇ ਨੇ ਵੀ ਕੀ ਪਤਾ ਪਤੀ ਮਰ ਗਿਆ ਆਖ ਦੇਵੇ ਜਾ ਤਲਾਕ ਹੀ ਹੋਇਆ ਹੋਵੇ। 18/18 ਸਾਲ ਦੇ ਸਾਡੇ ਜਵਾਕਾਂ ਵਰਗੇ ਵੀ ਨਾਮ ਲੈ ਲੈ ਕੇ ਬੁਲਾਉਣ ਲੱਗ ਜਾਂਦੇ ਨੇ। ਅੱਜ ਮੈਂ ਇੱਕ ਆਟੋ ਵਾਲੇ ਭਾਈ ਨੂੰ ਪੈਸੇ ਗੂਗਲ ਕੀਤੇ ਵਿਚਾਰਾ ਗੂਗਲ ਪੇ ਤੇ ਹੀ ਮੈਸੇਜ ਕਰੀ ਜਾਂਦਾ।
ਸਮਾਜ ਸਾਰਾ ਹੀ ਗ਼ਰਕਿਆ ਪਿਆ ਹੈ, ਇਕੱਲੀ ਔਰਤ ਨੂੰ ਦੋਸ਼ ਦੇਣ ਨਾਲ ਕੁੱਝ ਨੀ ਹੋਣਾ। ਜਿੰਨੀ ਦੇਰ ਵਿਆਹ ਕਰਵਾਉਣ ਦੀ ਆਜ਼ਾਦੀ ਨਹੀਂ,, ਨਾਂ ਨਿਭਣ ਤੇ ਤਲਾਕ ਨਹੀਂ ਹੁੰਦੇ, ਲਿਵ ਇਨ ਸਵੀਕਾਰ ਨੀ ਕੀਤਾ ਜਾਂਦਾ, ਸਰੀਰਕ ਸੰਬੰਧ ਨੂੰ ਲੋੜ ਨੀ ਮੰਨਿਆ ਜਾਂਦਾ, ਬਾਹਲ਼ੇ ਪਵਿੱਤਰ ਹੋਣ ਦੇ ਡਰਾਮੇ ਬੰਦ ਨੀ ਕੀਤੇ ਜਾਂਦੇ ਓਨੀ ਦੇਰ ਪਤਾ ਨਹੀਂ ਕਿੰਨੇ ਸੋਰਬ ਵੱਢੇ ਜਾਣਗੇ ਕਿੰਨੀਆਂ ਨੈਣਸੀਆਂ ਗੋਲੀਆਂ ਨਾਲ ਨਹੀਂ ਮਾਰੀਆਂ ਜਾਣਗੀਆਂ। ਸੋ ਸਮੇਂ ਦਾ ਨਾਲ ਬਦਲਾਅ ਜ਼ਰੂਰੀ ਹੈ ਸੋਚ ਬਦਲੋ ਸਮਾਜ ਆਪਣੇ ਆਪ ਬਦਲ ਜਾਵੇਗਾ। ਬਾਹਰਲੇ ਦੇਸ਼ਾਂ ਚ ਇਹੋ ਜਿਹੀਆਂ ਘਟਨਾਵਾਂ ਇਹਨਾਂ ਕਾਰਨਾਂ ਕਰਕੇ ਹੀ ਘੱਟ ਨੇ ਤਾਂ ਹੀ ਸਾਡੀ ਅਗਲੀ ਪੀੜੀ ਵਿਦੇਸ਼ ਦਾ ਰਾਹ ਫੜਨ ਲੱਗੀ ਆ।

-
ਚੰਨੀ ਚਹਿਲ, writer
chanichahal@gmail.com
99158-06550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.