Babushahi Special: ਬਠਿੰਡਾ ਸ਼ਹਿਰ ਹੈ ਹਾਦਸੋਂ ਕਾ ਨਿੱਤ ਭਿੜਦੀਆਂ ਨੇ ਗੱਡੀਆਂ ਇੱਥੇ
ਅਸ਼ੋਕ ਵਰਮਾ
ਬਠਿੰਡਾ, 30 ਮਾਰਚ 2025: ਲਾਪਰਵਾਹੀ ਨਾਲ ਗੱਡੀਆਂ ਚਲਾਉਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਬਠਿੰਡਾ ਪੱਟੀ ਦੀਆਂ ਸੜਕਾਂ ਨੇ ਰੋਜਾਨਾ ਹੀ ਮਨੁੱਖੀ ਜਿੰਦਗੀ ਬਿਰਖ ਹੋਣ ਲੱਗੀ ਹੈ। ਕੋਈ ਇੱਕ ਦਿਨ ਵੀ ਅਜਿਹਾ ਨਹੀਂ ਜਿਸ ਦਿਨ ਸੜਕ ਹਾਦਸਾ ਨਾਂ ਵਾਪਰਦਾ ਹੋਵੇ ਬਲਕਿ ਲੱਤਾਂ ਬਾਹਾਂ ਟੁੱਟਣੀਆਂ ਸਧਾਰਨ ਜਿਹੀ ਗੱਲ ਬਣ ਗਈ ਹੈ। ਇੱਕਲੇ ਬਠਿੰਡਾ ਜਿਲ੍ਹੇ ’ਚ ਪਿਛਲੇ 8 ਸਾਲਾਂ ਦੌਰਾਨ ਸਿਵਅ ਹਸਪਤਾਲ ’ਚ 11 ਹਜ਼ਾਰ 3 ਸੌ ਹਾਦਸਾ ਪੀੜਤ ਵਿਅਕਤੀਆਂ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ ਹੈ । ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਜਾਣਕਾਰੀ ਦੇ ਇਹ ਤੱਥ ਹਨ ਜੋ ਅੱਜ ਉਨ੍ਹਾਂ ਨੇ ਮੀਡੀਆ ਨੂੰ ਜਾਰੀ ਕੀਤੀ ਹੈ। ਇਹ ਅੰਕੜਾ ਸਿਰਫ ਸਰਕਾਰੀ ਹਸਪਤਾਲ ਬਠਿੰਡਾ ਦਾ ਹੈ ਜਦੋਂਕਿ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾਉਣ ਲਈ ਜਾਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ।

ਰੌਚਕ ਤੱਥ ਇਹ ਵੀ ਹੈ ਕਿ ਸੜਕ ਹਾਦਸਿਆਂ ਕਾਰਨ ਇਸ ਖਿੱਤੇ ਦੀਆਂ ਸੜਕਾਂ ਨੂੰ ਖੂਨੀ ਕਿਹਾ ਜਾਣ ਲੱਗਿਆ ਹੈ। ਸੂਚਨਾ ਅਨੁਸਾਰ ਹਾਦਸਾ ਪੀੜਤਾਂ ਦੇ ਸਭ ਤੋਂ ਵੱਧ ਮਾਮਲੇ ਸਾਲ 2018 ਦੌਰਾਨ ਆਏ ਹਨ ਜਿੰਨ੍ਹਾਂ ਦੀ ਗਿਣਤੀ 1871 ਹੈ। ਇਸੇ ਤਰਾਂ ਹੀ ਸਾਲ 2017 ਨੂੰ 1791 ਮਾਮਲਿਆਂ ਨਾਲ ਦੂਸਰਾ ਸਥਾਨ ਅਤੇ ਸਾਲ 2022 ਦਾ1689 ਨਾਲ ਤੀਸਰਾ ਸਥਾਨ ਰਿਹਾ ਹੈ। ਸੂਚਨਾ ਮੁਤਾਬਕ ਸਾਲ 2023 ’ਚ 1621, ਸਾਲ 2024 ’ਚ 1240, ਸਾਲ 2021 ’ਚ 1230, ਸਾਲ 2019 ’ਚ 1164 ਅਤੇ ਸਾਲ 2020 ’ਚ 563 ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ ਨੂੰ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਹੈ। ਇਸੇ ਤਰਾਂ ਹੀ ਜਨਵਰੀ 2025 ਦਾ ਇਹ ਅੰਕੜਾ 131 ਹੈ।ਸੂਚਨਾ ’ਚ ਦੱਸਿਆ ਗਿਆ ਹੈ ਕਿ ਸਾਲ 2023 ਦੌਰਾਨ 6 ਵਿਅਕਤੀਆਂ ਦੀ ਮੌਤ ਹੋਈ ਹੈ ਜਦੋਂਕਿ ਸਾਲ2024 ’ਚ 11 ਜਣਿਆਂ ਨੂੰ ਜਿੰਦਗੀ ਤੋਂ ਹੱਥ ਧੋਣਾ ਪਿਆ ਹੈ।
ਸੂਚਨਾ ਮੁਤਾਬਕ ਜਨਵਰੀ 2025 ਤੱਕ ਕੋਈ ਮੌਤ ਨਹੀਂ ਹੋਈ ਹੈ। ਇਸੇ ਤਰਾਂ ਹੀ ਸਾਲ 2017 ਤੋਂ ਸਾਲ 2022 ਤੱਕ ਕੋਈ ਵੀ ਮੌਤ ਹੋਈ ਨਹੀਂ ਦੱਸੀ ਗਈ ਹੈ। ਬਠਿੰਡਾ ਦੀਆਂ ਸਮਾਜਸੇਵੀ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਸ਼ਹਿਰ ’ਚ ਅਵਾਜਾਈ ਦੇ ਸਾਧਨਾ ’ਚ ਵਾਧਾ ਹੋਇਆ ਹੈ ਉਸੇ ਹਿਸਾਬ ਨਾਲ ਹਾਦਸਿਆਂ ਦੀ ਗਿਣਤੀ ਵੀ ਵਧੀ ਹੈ। ਹਾਲਾਂਕਿ ਟਰੈਫਿਕ ਪੁਲਿਸ ਆਪਣੇ ਤੌਰ ਤੇ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ ਦਾ ਯਤਨ ਕਰਦੀ ਹੈ ਫਿਰ ਵੀ ਲੋਕਾਂ ਵੱਲੋਂ ਨਿਯਮਾਂ ਦੀ ਪਾਲਣਾ ਨਾਂ ਕਰਨ ਕਾਰਨ ਹਾਦਸੇ ਲਗਾਤਾਰ ਵਾਪਰ ਰਹੇ ਹਨ। ਮਹੱਤਵਪੂਰਨ ਇਹ ਵੀ ਹੈ ਕਿ ਹਾਦਸਿਆਂ ਦੀ ਵਜ੍ਹਾ ਬਠਿੰਡਾ ਦੀਆਂ ਸੜਕਾਂ ਤੇ ਕਾਫੀ ਥਾਵਾਂ ਅਜਿਹੀਆਂ ਹਨ ਜਿੰਨ੍ਹਾਂ ਨੂੰ ਆਮ ਬੋਲਚਾਲ ਦੀ ਭਾਸ਼ਾ ’ਚ ਮੌਤ ਦੇ ਖੂਹ ਕਿਹਾ ਜਾਂਦਾ ਹੈ, ਤੇ ਗੱਡੀਆਂ ਅਕਸਰ ਭਿੜਦੀਆਂ ਰਹਿੰਦੀਆਂ ਹਨ ਫਿਰ ਵੀ ਜਿਆਦਾਤਰ ਲੋਕ ਇਹ ਸਮਝਣ ਨੂੰ ਤਿਆਰ ਨਹੀਂ ਹਨ।
ਗੱਡੀਆਂ ਦੇ ਘੜਮੱਸ ਕਾਰਨ ਹਾਦਸੇ
ਖਪਤਕਾਰ ਅਤੇ ਆਮ ਆਦਮੀ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਸੰਸਥਾ ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਬਠਿੰਡਾ ’ਚ ਸ਼ਾਮ 4 ਵਜੇ ਤੋਂ 10 ਵਜੇ ਦਾ ਸਫਰ ਤਾਂ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਫਤਰਾਂ ’ਚ ਛੁੱਟੀ ਮਗਰੋਂ ਘਰ ਪੁੱਜਣ ਦੀ ਕਾਹਲੀ ਕਰਕੇ ਪੈਂਦੇ ਗੱਡੀਆਂ ਦਾ ਘੜਮੱਸ ਵੀ ਭਿਆਨਕ ਹਾਦਸਿਆਂ ਦਾ ਕਾਰਨ ਬਣਦਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਜੇਕਰ ਆਮ ਲੋਕ ਨਿਯਮਾਂ ਦੀ ਪਾਲਣਾ ਕਾਰਨ ਅਤੇ ਟ੍ਰੈਫਿਕ ਪੁਲਿਸ ਵੀ ਯਤਨ ਕਰੇ ਤਾਂ ਵੱਡੀ ਗਿਣਤੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਕਿੰਗ ਸਮਝਣ ਦੀ ਮਾਨਸਿਕਤਾ ਭਾਰੂ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸੜਕ ਤੇ ਆਪਣੇ ਆਪ ਨੂੰ ਕਿੰਗ ਸਮਝਣ ਦੀ ਭਾਰੂ ਹੋਈ ਮਾਨਸਿਕਤਾ ਵੀ ਸੜਕੀ ਹਾਦਸਿਆਂ ਲਈ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸੜਕ ਤੇ ਇੱਕ ਸਾਈਕਲ ਸਵਾਰ ਨੂੰ ਵੀ ਚੱਲਣ ਦਾ ਓਨਾਂ ਹੀ ਹੱਕ ਹੈ ਜਿੰਨਾਂ ਕਿਸੇ ਵੱਡੀਆਂ ਗੱਡੀਆਂ ਜਾਂ ਬੱਸਾਂ ਆਦਿ ਦੇ ਡਰਾਈਵਰਾਂ ਦਾ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਨੂੰ ਹਕੀਕਤ ਪਛਾਣ ਕੇ ਨਿਯਮ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਲੋਕ
ਸ੍ਰੀ ਮੁਕਤਸਰ ਸਾਹਿਬ ਤੋਂ ਵਾਇਆ ਬਠਿੰਡਾ ਦਿੱਲੀ ਜਾ ਰਹੇ ਟਰੱਕ ਡਰਾਈਵਰ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਹਾਦਸੇ ਲਈ ਡਰਾਈਵਰ ਨੂੰ ਜਿੰਮੇਵਾਰ ਦੱਸਿਆ ਜਾਂਦਾ ਹੈ ਪਰ ਸੜਕਾਂ ਤੇ ਸਟੰਟ ਕਰਦੇ ਮੁੰਡਿਆਂ ਅਤੇ ਹਵਾ ਨੂੰ ਗੰਢਾਂ ਦਿੰਦੇ ਆਟੋ ਚਾਲਕਾਂ ਨੂੰ ਮੱਤ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਫਰਜ਼ ਪਛਾਨਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਵੀ ਨਿਯਮ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਵਰਦਾਨ ਬਣੀ ਸੜਕ ਸੁਰੱਖਿਆ ਫੋਰਸ
ਪੰਜਾਬ ਸਰਕਾਰ ਵੱਲੋਂ ਹਾਦਸਾ ਪੀੜਤਾਂ ਨੂੰ ਤੁਰੰਤ ਸਹਾਇਤਾ ਦੇਣ ਲਈ ਬਣਾਈ ਸੜਕ ਸੁਰੱਖਿਆ ਫੋਰਸ ਲੋਕਾਂ ਲਈ ਵਰਦਾਨ ਵਜੋਂ ਸਾਹਮਣੇ ਆਈ ਹੈ। ਬਠਿੰਡਾ ਰੇਂਜ ’ਚ ਇਸ ਫੋਰਸ ਇੱਕ ਸਾਲ ’ਚ ਕਰੀਬ 800 ਲੋਕਾਂ ਦੀ ਜਾਨ ਬਚਾਉਣ ’ਚ ਸਫਲ ਰਹੀ ਹੈ। ਸੜਕ ਸੁਰੱਖਿਆ ਫੋਰਸ ਦੀ ਸਹਾਇਤਾ ਲਈ 112 ਨੰਬਰ ਤੇ ਫੋਨ ਕਰਨਾ ਪੈਂਦਾ ਹੈ। ਰੇਂਜ ਇੰਸਪੈਕਟਰ ਕਸ਼ਮੀਰ ਸਿੰਘ ਦਾ ਕਹਿਣਾ ਸੀ ਕਿ ਇਲਾਕੇ ’ਚ ਸੜਕ ਸੁਰੱਖਿਆ ਫੋਰਸ ਦੀਆਂ ਪੰਜ ਗੱਡੀਆਂ ਤੇ 64 ਮੁਲਾਜਮ ਤਾਇਨਾਤ ਹਨ ਜੋ ਤਿੰਨ ਸ਼ਿਫਟਾਂ ’ਚ ਤਾਇਨਾਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਐਸਐਸਐਫ ਸੁਰੱਖਿਆ ਲਈ ਹਾਜ਼ਰ ਹੈ ਫਿਰ ਵੀ ਲੋਕਾਂ ਨੂੰ ਆਪਣੀ ਕੀਮਤੀ ਜਿੰਦਗੀ ਲਈ ਸਵਾਧਾਨੀ ਵਰਤਣ ਦੀ ਲੋੜ ਹੈ।