ਮਾਪੇ-ਅਧਿਆਪਕ ਮਿਲਣੀ ਨੇ ਲਿਖਿਆ ਸਫ਼ਲਤਾ ਦਾ ਨਵਾਂ ਅਧਿਆਏ; 20 ਲੱਖ ਤੋਂ ਵੱਧ ਮਾਪੇ ਹੋਏ ਸ਼ਾਮਲ: ਹਰਜੋਤ ਬੈਂਸ
• ਮੈਗਾ ਪੀ.ਟੀ.ਐਮ. ਦੌਰਾਨ ਵਿਧਾਇਕਾਂ ਨੇ 100 ਤੋਂ ਵੱਧ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ
• ਹਰਜੋਤ ਬੈਂਸ ਵੱਲੋਂ ਸਿੱਖਿਆ ਦੇ ਇਸ ਉਤਸਵ ਦੀ ਸ਼ਾਨਦਾਰ ਸਫ਼ਲਤਾ ਲਈ ਮੁੱਖ ਮੰਤਰੀ ਭਗਵੰਤ ਮਾਨ, ਆਪਣੇ ਕੈਬਨਿਟ ਸਾਥੀਆਂ, ਵਿਧਾਇਕਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ
ਚੰਡੀਗੜ੍ਹ, 30 ਮਾਰਚ 2025 - ਸੂਬੇ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਮੈਗਾ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ.) ਵਿੱਚ ਸੂਬੇ ਭਰ ਤੋਂ 20.13 ਲੱਖ ਤੋਂ ਵੱਧ ਮਾਪਿਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਨੇ ਇਸ ਪਹਿਲਕਦਮੀ ਨੂੰ ਵਿਦਿਆਰਥੀਆਂ ਦੀ ਵਿਦਿਅਕ ਉੱਤਮਤਾ ਨੂੰ ਹੋਰ ਬਿਹਤਰ ਕਰਨ ਲਈ ਸਕੂਲਾਂ ਅਤੇ ਬੱਚਿਆਂ ਦੇ ਪਰਿਵਾਰਾਂ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਵੱਡਾ ਕਦਮ ਦੱਸਿਆ।
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੈਗਾ ਪੀ.ਟੀ.ਐਮ. ਦੀ ਵੱਡੀ ਸਫ਼ਲਤਾ, ਵਿਦਿਆਰਥੀਆਂ ਵਾਸਤੇ ਸਿੱਖਣ ਲਈ ਸਹਿਯੋਗੀ ਅਤੇ ਉਸਾਰੂ ਮਾਹੌਲ ਸਿਰਜਣ ਪ੍ਰਤੀ ਪੰਜਾਬ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਮਾਣ ਹੈ।
ਉਨ੍ਹਾਂ ਨੇ ਮੈਗਾ ਪੀ.ਟੀ.ਐਮ. ਵਿੱਚ ਸਾਰਿਆਂ ਦੀ ਵੱਡੇ ਪੱਧਰ ‘ਤੇ ਸ਼ਮੂਲੀਅਤ ਬਾਰੇ ਗੱਲ ਕਰਦਿਆਂ ਦੱਸਿਆ ਕਿ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ 100 ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ, ਜਦੋਂ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ 5,849 ਸਕੂਲਾਂ ਦਾ ਦੌਰਾ ਕੀਤਾ ਅਤੇ 1.23 ਲੱਖ ਤੋਂ ਵੱਧ ਮਾਪਿਆਂ ਨੇ ਫੀਡਬੈਕ ਫਾਰਮ ਭਰਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਨਿਯਮਤ ਫੀਡਬੈਕ ਲੈ ਕੇ ਸੂਬੇ ਭਰ ਵਿੱਚ ਵਿੱਦਿਅਕ ਮਿਆਰਾਂ ਨੂੰ ਹੋਰ ਸੁਧਾਰਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਸਿੱਖਿਆ ਮੰਤਰੀ ਸ. ਬੈਂਸ ਨੇ ਇਸ ਪਹਿਲਕਦਮੀ ਦੇ ਲੰਬੇ ਸਮੇਂ ਦੇ ਲਾਭਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਮਿਲਣੀ ਮਾਪਿਆਂ ਅਤੇ ਸਕੂਲ ਅਧਿਆਪਕਾਂ ਦਰਮਿਆਨ ਆਪਸੀ ਸੰਵਾਦ ਦੇ ਪਾੜੇ ਨੂੰ ਪੂਰ ਕੇ ਪੜ੍ਹਾਈ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਪ੍ਰਤੀ ਹੋਰ ਬਿਹਤਰ ਸਮਝ ਅਤੇ ਵੱਖ-ਵੱਖ ਮੁੱਦਿਆਂ ਦੇ ਮੌਕੇ ‘ਤੇ ਹੀ ਹੱਲ ਲਈ ਵਧੇਰੇ ਮਦਦਗਾਰ ਸਿੱਧ ਹੋਵੇਗੀ। ਉਨ੍ਹਾਂ ਨੇ ਮੈਗਾ ਪੀ.ਟੀ.ਐਮ. ਕਰਕੇ ਸਿੱਖਿਆ ਪ੍ਰਣਾਲੀ ਵਿੱਚ ਆਈ ਪਾਰਦਰਸ਼ਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਸਬੰਧਾਂ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਮਾਪੇ-ਅਧਿਆਪਕ ਮਿਲਣੀਆਂ, ਮਾਪਿਆਂ ਨੂੰ ਪੜ੍ਹਾਈ ਵਿੱਚ ਆਪਣੇ ਬੱਚਿਆਂ ਦੀ ਪ੍ਰਗਤੀ ਦੀ ਨਿਯਮਤ ਸਮੀਖਿਆ ਵਿੱਚ ਸਹਾਈ ਹੋਣ ਦੇ ਨਾਲ-ਨਾਲ ਅਧਿਆਪਕਾਂ ਨੂੰ ਮਾਰਗਦਰਸ਼ਨ ਅਤੇ ਫੀਡਬੈਕ ਦੇਣ ਲਈ ਇੱਕ ਢੁਕਵਾਂ ਪਲੇਟਫਾਰਮ ਵੀ ਪ੍ਰਦਾਨ ਕਰਦੀਆਂ ਹਨ। ਇਹ ਮਿਲਣੀਆਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਦੇ ਸਮਰੱਥ ਬਣਾਉਣ ਅਤੇ ਸਕੂਲ ਅਧਿਕਾਰੀਆਂ ਨੂੰ ਸੁਧਾਰ ਦੇ ਖੇਤਰਾਂ ਦੀ ਪਛਾਣ ਕਰਨ ਦੀ ਆਗਿਆ ਦਿੰਦਿਆਂ ਹਨ।
ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਨੂੰ ਮਾਪਿਆਂ ਅਤੇ ਅਧਿਆਪਕਾਂ ਦੋਵਾਂ ਨੇ ਖੂਬ ਸਲਾਹਿਆ। ਮਾਪਿਆਂ ਨੇ ਆਪਣੇ ਬੱਚਿਆਂ ਦੇ ਸਿੱਖਿਅਕਾਂ ਨਾਲ ਜੁੜਨ ਅਤੇ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੀ ਬਿਹਤਰ ਸਮਝ ਪ੍ਰਾਪਤ ਕਰਨ ਦੇ ਇਸ ਮੌਕੇ ਲਈ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅਧਿਆਪਕਾਂ ਨੇ ਵੀ ਇਸ ਪਹਿਲਕਦਮੀ ਜ਼ਰੀਏ ਉਨ੍ਹਾਂ ਨੂੰ ਬੱਚਿਆ ਦੇ ਮਾਪਿਆਂ ਨਾਲ ਜੁੜਨ ਅਤੇ ਆਪਣੇ ਪੜ੍ਹਾਉਣ ਦੇ ਤਰੀਕਿਆਂ ਬਾਰੇ ਕੀਮਤੀ ਫੀਡਬੈਕ ਪ੍ਰਾਪਤ ਕਰਨ ਦਾ ਮੌਕਾ ਦੇਣ ਲਈ ਇਸ ਉਪਰਾਲੇ ਦਾ ਸਵਾਗਤ ਕੀਤਾ।
ਮੌਜੂਦਾ ਅਕਾਦਮਿਕ ਸੈਸ਼ਨ ਦੀ ਇਸ ਆਖਰੀ ਮੈਗਾ ਪੀ.ਟੀ.ਐਮ. ਨੂੰ ਸਕੂਲ ਸਿੱਖਿਆ ਵਿਭਾਗ ਲਈ ਇੱਕ ਇਤਿਹਾਸਕ ਦਿਨ ਦੱਸਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੋਹਾਲੀ ਤੋਂ ਨੰਗਲ ਤੱਕ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਿਲਣੀ ਵਿੱਚ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵੱਡੇ ਪੱਧਰ ‘ਤੇ ਸ਼ਮੂਲੀਅਤ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਦੇਖਿਆ। ਉਨ੍ਹਾਂ ਨੇ ਸਿੱਖਿਆ ਦੀ ਇਸ ਲਹਿਰ ਦੀ ਸ਼ਲਾਘਾ ਕੀਤੀ।
ਸਿੱਖਿਆ ਮੰਤਰੀ ਨੇ ਇਸ ਸਿੱਖਿਆ ਉਤਸਵ ਵਿੱਚ ਪੂਰੇ ਤਨੋਂ-ਮਨੋਂ ਹਿੱਸਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ‘ਆਪ’ ਪੰਜਾਬ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ, ਜਿਨ੍ਹਾਂ ਨੇ ਸਕੂਲ ਆਫ਼ ਐਮੀਨੈਂਸ ਧੂਰੀ ਦਾ ਦੌਰਾ ਕੀਤਾ, ਅਤੇ ਉਨ੍ਹਾਂ ਦੇ ਸਮੂਹ ਕੈਬਨਿਟ ਸਾਥੀਆਂ ਅਤੇ ਵਿਧਾਇਕਾਂ, ਸਥਾਨਕ ਨੁਮਾਇੰਦਿਆਂ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ।