ਰਾਗ-ਏ-ਪਰਵਾਸ - ਪੰਜਾਬ ਤੇ ਪਰਵਾਸ-1
ਪ੍ਰਵਾਸ ਤੋਂ ਕੀ ਭਾਵ ਹੈ ਤੇ ਪ੍ਰਵਾਸ ਕਿਉਂ?
ਪਰਵਾਸ
ਉਮਰ ਤੋਂ ਵੱਡਾ
ਡੂੰਘਾ ਹਉਕਾ ਹੁੰਦਾ ਹੈ
ਸਾਹਾਂ ਤੋਂ ਲੰਬੀ ਕਥਾ ਕਹਾਣੀ
ਮਾਂਵਾਂ ਭੈਣਾਂ ਦੇ
ਚੁੰਨੀ ਦੇ ਪੱਲੇ ਚ ਲੁਕੋਏ ਅੱਥਰੂ
ਉਹਨਾਂ ਵਿਹੜਿਆਂ
ਦਰਾਂ ਬੂਹਿਆਂ ਦਾ ਵਿਯੋਗ
ਜਿੱਥੇ ਬਚਪਨ ਰਿੜ੍ਹਦਾ ਰਹਿੰਦਾ ਸੀ
ਬਿਗਾਨੀ ਓਪਰੀ ਧਰਤੀ ਦਾ
ਸੰਤਾਪ ਸੇਕ ਦੁੱਖ ਤੇ ਚੀਸਾਂ
ਪਰਵਾਸ ਅਜਿਹਾ ਸਰੋਕਾਰ
ਜਿਸ ਵਿੱਚ ਇੱਛਾਵਾਂ ਦੀ
ਪੂਰਤੀ ਦੀ ਸੰਭਾਵਨਾ ਲਿਖੀ ਹੁੰਦੀ ਹੈ
ਜੁਦਾ ਹੋਣਾ ਵਿਯੋਗ
ਪਰਾਇਆ, ਓਪਰਾ, ਬਿਗਾਨਾ, ਦੂਜਾ
ਵਾਸ ਹੋਰ ਦੇਸ਼ ਧਰਤੀ ਤੇ
ਵਿਦੇਸ਼ ਚ ਪੱਕੀ ਰਹਾਇਸ਼ ਨਿਵਾਸ
ਇਹੋ ਜਿਹਾ ਰੁਝਾਨ ਹੈ, ਜਿਸ ਵਿਚ ਆਪਣੇ ਲਾਭਾਂ ਨੂੰ ਦੇਖਿਆ ਜਾਂਦਾ ਹੈ
ਕੰਮ ਲੱਭਣ ਲਈ -ਬਿਹਤਰ ਜੀਵਨ ਬਿਤਾਉਣ ਲਈ-
ਬਾਬੇ ਨਾਨਕ ਨੇ ਆਪ ਵੀ ਉਦਾਸੀਆਂ ਕੀਤੀਆਂ ਸਨ ਤੇ ਪਰਵਾਸ ਕਰਨ ਨੂੰ ਕਿਹਾ ਸੀ। ਉਸ ਵਿੱਚ ਕੋਈ ਉਸ ਕੋਲ ਇਕ ਵਿਲੱਖਣ ਸੰਦੇਸ਼ ਸੀ ਤੇ ਅਨੋਖਾ ਸੁਨੇਹਾ ਸੀ।
ਨੌਕਰੀਆਂ, ਤਰੱਕੀਆਂ ਚ ਅਨਿਆਇ, ਹਰ ਖਿੜਕੀ ਹਰ ਦਰਵਾਜਾ ਹਰ ਪਉੜੀ ਜਦ ਭ੍ਰਿਸ਼ਟਚਟ ਹੋਵੇ, ਸਿਆਸੀ ਜ਼ੁਲਮ ਤੇ ਰਿਸ਼ਵਤ ਹੀ ਰਿਸ਼ਵਤ ਤੇ ਧੱਕੇ ਹੀ ਧੱਕੇ ਹੋਣ ਚਾਰ ਚੁਫ਼ੇਰੇ ਹੋਵੇ ਤਾਂ ਇਹੋ ਜਿਹੇ ਮਾਹੌਲ ਵਿਚ ਕਿਹੜਾ ਸਾਹ ਲਵੇਗਾ ਸੌਖਾ ਕਿਹੜਾ ਰਾਤ ਕੱਟੇਗਾ ਸੁਪਨਿਆਂ ਵਾਲੀ।
ਜਦੋਂ ਤਰੱਕੀਆਂ ਵੇਲੇ ਕਿਸੇ ਨਾ ਪਛਾਣਿਆ, ਰਾਜਨੀਤਿਕ ਫ਼ੋਨਾਂ ਨੇ ਬਾਹਰੋਂ ਆਇਆਂ ਨੂੰ ਤਰੱਕੀਆਂ ਨਾਲ ਨਿਵਾਜ਼ਿਆ, ਜਿਨਾਂ ਕੋਲ ਮੁੱਢਲੀ ਸਬੰਧਤ ਵਿਸ਼ੇ ਵਾਲੀ ਡਿਗਰੀ ਵੀ ਨਹੀਂ ਸੀ, ਤੇ ਜੂਨੀਅਰਾਂ ਨੂੰ ਸੀਨੀਅਰ ਕਰ ਦਿੱਤਾ ਗਿਆ, ਪੌੜੀਆਂ ਚੜਾਇਆ ਗਿਆ ਮੋਢਿਆਂ ਤੇ ਖਿਡਾਇਆ ਗਿਆ
ਤਾਂ ਮੇਰੀਆਂ ਪਲਕਾਂ ਤੋਂ ਵੀ ਓਦਣ ਸੁਪਨੇ ਕਰ ਗਏ ਸਨ।
ਤਾਂ ਮੇਰਾ ਮਨ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਖੋਜ ਕਰਦਾ, ਪੜ੍ਹਾਉਂਦਾ ਉਦਾਸ ਹੋ ਇੱਕ ਕੋਣੇ ਵਿੱਚ ਬੈਠ ਗਿਆ ਸੀ ਸੋਚਣ ਲਈ। ਮੇਰੀ ਮਿਸਜ਼ ਵੀ ਕਾਲਜ਼ ਅਧਿਆਪਕ ਸੀ।
ਜਦ ਨਿਕੰਮੀ ਘਟੀਆ ਮੈਰਿਟ ਵਾਲੇ ਜੂਨੀਅਰ ਸੀਨੀਅਰ ਬਣੇ, ਬਾਹਰਲੀਆਂ ਯੂਨੀਵਰਸਿਟੀਆਂ ਤੋਂ ਆਏ ਤੁਹਾਡੇ ਕੋਲੋਂ ਦੀ ਇਕ ਕੱਢ ਕੇ ਵਾਰ ਵਾਰ ਲੰਘਣ ਤਾਂ ਓਦੋਂ ਤੁਹਾਡਾ ਉਥੇ ਵਸਣਾ ਦੁੱਬਰ ਹੋ ਜਾਂਦਾ ਹੈ। ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਉਦੋਂ ਇਹੋ ਜਿਹੇ ਸਿਸਟਮ ਨੂੰ ਜੋ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ।
ਉਪਰੋਕਤ ਕਾਰਨਾਂ ਕਰਕੇ ਅਸੀਂ ਵੀ ਪਰਿਵਾਰ ਸਮੇਤ ਫੈਸਲਾ ਕਰ ਜੁਲਾਈ 1994 ਵਿੱਚ ਆਸਟਰੇਲੀਆ ਪਹੁੰਚ ਗਏ ਸੀ, ਜਿੱਥੇ ਮਿਹਨਤ ਦਾ ਮੁੱਲ ਪੈਂਦਾ ਹੈ। ਜਿੱਥੇ ਭੁੱਖੇ ਪੇਟਾਂ ਪਹਿਲਾਂ ਸਿਸਟਮ ਪਛਾਣਦਾ ਹੈ, ਆਪ ਲੱਭਦਾ ਤੇ ਰਜਾਉਂਦਾ ਹੈ। ਜਿੱਥੇ ਸਿਕਰੀ ਵਾਲੇ ਬੁੱਲਾਂ ਨੂੰ ਥਾਂ ਥਾਂ ਸੀਤਲ ਜਲ ਦੀਆਂ ਛਬੀਲਾਂ ਰੌਣਕਾਂ ਲੱਭਣ, ਪਰ ਕੰਮ ਤੇ ਫ਼ਰਜ਼ ਪਹਿਲਾਂ ਪਛਾਨਣਾ ਪੈਂਦਾ ਹੈ ਪੁਰਾਣੇ ਯਾਰਾਂ ਵਾਂਗੂੰ। ਉਹੀ ਫਿਰ ਸੰਘਰਸ਼ਮਈ ਜੀਵਨ ਖ਼ੂਬਸੂਰਤ ਜਾਪਣ ਲੱਗ ਜਾਂਦਾ ਹੈ। ਇਹੋ ਜਿਹੇ ਹੀ ਕਾਰਨ ਹੁੰਦੇ ਹਨ ਤੇ ਮੈਂ ਇਹ ਸਵਾਲ ਖ਼ਬਰੇ ਕਿੰਨੇ ਨੌਜ਼ਵਾਨਾਂ ਮਾਪਿਆਂ ਬਜ਼ੁਰਗਾਂ ਨੂੰ ਪੁੱਛਿਆ ਹੈ।
ਆਪਣੀ ਸਕੀ ਮਾਂ ਜਨਮ ਭੋਇੰ ਨੂੰ ਛੱਡਣ ਦਾ ਕੋਈ ਹੋਰ ਬਹੁਤਾ ਚਾਅ ਨਹੀਂ ਹੁੰਦਾ ਕਿਸੇ ਨੂੰ।
ਪੰਜਾਬ ਵਿੱਚ ਵਿਦਿਆਰਥੀਆਂ ਵੱਲੋਂ ਪੋਸਟ-ਸੈਕੰਡਰੀ ਸਿੱਖਿਆ ਲਈ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਰਿਹਾ ਹੈ। ਦੁਨੀਆਂ ਭਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਭ ਤੋਂ ਪ੍ਰਸਿੱਧ ਆਕਰਸ਼ਿਤ ਸਥਾਨ ਸੰਯੁਕਤ ਰਾਜ, ਬਰਤਾਨੀਆਂ , ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਰਹੇ ਹਨ।
2018 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਭਾਰਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪ੍ਰਵਾਸ ਲਈ ਦੂਜਾ ਸਭ ਤੋਂ ਵੱਡਾ ਸਰੋਤ ਦੇਸ਼ ਹੈ । ਟਾਈਮਜ਼ ਆਫ਼ ਇੰਡੀਆ ਨੇ ਕਿਹਾ ਕਿ
2022 ਵਿੱਚ ਪੰਜਾਬ ਤੋਂ 136,000 ਵਿਦਿਆਰਥੀ ਕੈਨੇਡਾ ਚਲੇ ਗਏ, ਜੋ ਕਿ ਭਾਰਤ ਤੋਂ ਕੈਨੇਡਾ ਪਰਵਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦਾ ਲੱਗਭਗ 60% ਹੈ। ਇਹ ਉਦੋਂ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਪੰਜਾਬ ਭਾਰਤ ਦੀ ਕੁੱਲ ਆਬਾਦੀ ਦਾ ਸਿਰਫ 2.5% ਤੋਂ ਘੱਟ ਹੈ।
ਅੱਜਕੱਲ੍ਹ ਪੰਜਾਬ ਚ ਪਰਵਾਸ ਬਾਰੇ ਬਹੁਤ ਸੈਮੀਨਾਰ ਹੋ ਰਹੇ ਹਨ ਤੇ ਉਹ ਲੋਕ ਚਰਚਾਵਾਂ ਕਰ ਰਹੇ ਹਨ ਜਿਨਾਂ ਨੇ ਕਦੀ ਪ੍ਰਵਾਸ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੂੰ ਕੋਈ ਤਜ਼ਰਬਾ ਹੈ। ਇੱਕ ਦੋ ਮਹੀਨੇ ਕਿਤੇ ਸੈਰ ਕਰ ਆਉਣੀ ਤੇ ਇਸ ਵਿਸ਼ੇ ਤੇ ਲਿਖਣਾ ਬੋਲਣਾ ਗੂੜ੍ਹੀ ਮੁਹਾਰਤ ਨਹੀਂ ਹੁੰਦੀ।
ਹੱਡ ਬੀਤੀਆਂ ਕਹਾਣੀਆਂ ਜੱਗ ਨਹੀਂ ਲਿਖ ਸਕਦਾ ਹੁੰਦਾ।
ਫੁੱਲਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਨੇ ਕਿੱਥੇ ਜਾ ਕੇ ਖਿੜ੍ਹਨਾ ਹੈ ਤੇ ਕਿੱਥੇ ਉਹਨਾਂ ਦੀਆਂ ਸੁਗੰਧੀਆਂ ਨੂੰ ਮਾਨਣ ਤੇ ਮੁੱਲ ਪਾਉਣ ਵਾਲੇ ਬੈਠੇ ਹਨ।
ਚੱਲਦਾ

-
ਡਾ: ਅਮਰਜੀਤ ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.