Babushahi Special: ਕਾਂਗਰਸ ਨੇ ਹਾਕਮ ਧਿਰ ਨੂੰ ਥਾਲੀ ’ਚ ਪਰੋਸ ਕੇ ਦਿੱਤੇ ਕਾਂਗਰਸੀ ਕੌਂਸਲਰ
- ਮਾਮਲਾ ਨਗਰ ਨਿਗਮ ਬਠਿੰਡਾ ਵਿਚਲੀ ਚੱਕ ਥੱਲ ਦਾ
ਅਸ਼ੋਕ ਵਰਮਾ
ਬਠਿੰਡਾ,27 ਫਰਵਰੀ 2025: ਪੰਜਾਬ ਕਾਂਗਰਸ ਦੀ ਅਨੁਸ਼ਾਸ਼ਨੀ ਕਮੇਟੀ ਨੇ ਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਚੋਣ ਮੌਕੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਪਦਮਜੀਤ ਮਹਿਤਾ ਦੇ ਹੱਕ ’ਚ ਵੋਟ ਪਾਉਣ ਵਾਲੇ ਅੱਧੀ ਦਰਜਨ ਕਾਂਗਰਸੀ ਕੌਂਸਲਰਾਂ ਨੂੰ ਪੰਜ ਸਾਲ ਲਈ ਪਾਰਟੀ ਚੋਂ ਕੱਢ ਦਿੱਤਾ ਹੈ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਆਦਿ ਕਾਂਗਰਸੀ ਆਗੂਆਂ ਨੇ ਪਾਰਟੀ ਹਾਈਕਮਾਂਡ ਨੂੰ ਸ਼ਕਾਇਤ ਦਿੱਤੀ ਸੀ ਜਿਸ ਦਾ ਨੋਟਿਸ ਲੈਂਦਿਆਂ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਖਿਲਾਫ ਜਾਣ ਵਾਲੇ 19 ਕਾਂਗਰਸੀ ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਕਾਫੀ ਦਿਨ ਉਡੀਕਣ ਮਗਰੋਂ ਅਨੁਸ਼ਾਸ਼ਨੀ ਕਮੇਟੀ ਨੇ 19 ਵਿੱਚੋਂ 6 ਕੌਂਸਲਰਾਂ ਨੂੰ 5 ਸਾਲ ਲਈ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਉਹ ਕੌਂਸਲਰ ਹਨ ਜਿੰਨ੍ਹਾਂ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਤੱਕ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਅਤੇ ਪਾਰਟੀ ਹੁਕਮਾਂ ਨੂੰ ਟਿੱਚ ਜਾਣਿਆ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਆਪਣਾ ਪੱਖ ਰੱਖਣ ਵਾਲੇ 13 ਕੌਂਸਲਰਾਂ ਖਿਲਾਫ ਫਿਲਹਾਲ ਕੋਈ ਕਾਰਵਾਈ ਕਰਨ ਤੋਂ ਅਨੁਸ਼ਾਸ਼ਨੀ ਕਾਰਵਾਈ ਗੁਰੇਜ਼ ਕਰਦੀ ਨਜ਼ਰ ਆ ਰਹੀ ਹੈ। ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਦਾ ਕਹਿਣਾ ਸੀ ਕਿ ਪਾਰਟੀ ਚੋਂ ਬਰਖਾਸਤ ਕੌਂਸਲਰਾਂ ਵਿੱਚ ਵਾਰਡ ਨੰਬਰ 5 ਤੋਂ ਕੌਂਸਲਰ ਸੋਨੀਆ ਬਾਂਸਲ,ਵਾਰਡ ਨੰਬਰ 43 ਦੀ ਕੌਂਸਲਰ ਅਨੀਤਾ ਗੋਇਲ,ਕੌਂਸਲਰ ਮਮਤਾ , ਕਿਰਨਾ ਰਾਣੀ, ਸੁਰੇਸ਼ ਕੁਮਾਰ ਅਤੇ ਵਿਕਰਮ ਕ੍ਰਾਂਤੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਅਨੁਸ਼ਾਸ਼ਨ ਪੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮ ਸਿਰਫ ਕੌਂਸਲਰਾਂ ਤੇ ਹੀ ਨਹੀਂ ਬਲਕਿ ਵਰਕਰਾਂ ਤੋਂ ਲੈਕੇ ਵੱਡੇ ਨੇਤਾਵਾਂ ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਆਪਣੇ ਵਰਕਰਾਂ ਨਾਲ ਖੜ੍ਹੀ ਰਹਿੰਦੀ ਹੈ ਤਾਂ ਹਰ ਵਰਕਰ ਨੂੰ ਵੀ ਪਾਰਟੀ ਪ੍ਰਤੀ ਨਿਹਚਾ ਰੱਖਣੀ ਚਾਹੀਦੀ ਹੈ।
ਇਸ ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਅਨੁਸ਼ਾਸ਼ਨੀ ਕਮੇਟੀ ਕੋਲ ਆਪਣੀ ਗੱਲ ਰੱਖਣ ਵਾਲੇ ਕੌਂਸਲਰਾਂ ਨੇ ਆਪਣੇ ਜਵਾਬ ਵਿੱਚ ਨਗਰ ਨਿਗਮ ਵਿਚਲੀ ਪਾਰਟੀ ਲੀਡਰਸ਼ਿਪ ਨੂੰ ਹੀ ਕਟਹਿਰੇ ’ਚ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਅਰ ਰਮਨ ਗੋਇਲ ਵੇਲੇ ਉਨ੍ਹਾਂ ਦੀ ਸੁਣਵਾਈ ਹੋਈ ਅਤੇ ਮਗਰੋਂ ਵੀ ਸਥਿਤੀ ਬਦਲੀ ਨਹੀਂ। ਇਸ ਕਰਕੇ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਨੂੰ ਵੋਟਾਂ ਪਾਈਆਂ ਹਨ। ਫਿਲਹਾਲ ਇਹ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਪਾਰਟੀ ਵਿਰੁੱਧ ਜਾਣ ਵਾਲੇ 13 ਕੌਂਸਲਰਾਂ ਨੂੰ ਪਾਰਟੀ ਨੇ ਮੁਆਫ ਕੀਤਾ ਹੈ ਜਾਂ ਫਿਰ ਉਨ੍ਹਾਂ ਖਿਲਾਫ ਕਾਰਵਾਈ ਕੁੱਝ ਦਿਨਾਂ ਲਈ ਅੱਗੇ ਪਾ ਦਿੱਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਕਾਂਗਰਸ ਦੀ ਇਸ ਕਾਰਵਾਈ ਨੇ ਕਾਂਗਰਸੀ ਕੌਂਸਲਰਾਂ ਨੂੰ ਹਾਕਮ ਧਿਰ ਦੇ ਹੱਕ ਵਿੱਚ ਖੁੱਲ੍ਹ ਕੇ ਖੇਡ੍ਹਣ ਦਾ ਮੌਕਾ ਮੁਹੱਈਆ ਕਰਵਾ ਦਿੱਤਾ ਹੈ।
ਪਦਮ ਜਿੱਤ ਪਿਛੇ ਕਾਂਗਰਸੀ ਹਾਰ
ਦੱਸਣਯੋਗ ਹੈ ਕਿ ਸਾਲ 2021 ਦੌਰਾਨ ਹੋਈਆਂ ਨਗਰ ਨਿਗਮ ਚੋਣਾਂ ਮੌਕੇ ਕਾਂਗਰਸ ਸ਼ਹਿਰ ਦੇ 50 ਵਾਰਡਾਂ ਚੋਂ 43 ਵਿੱਚ ਜਿੱਤੀ ਸੀ। ਇਸ ਮੌਕੇ ਸ਼੍ਰੀਮਤੀ ਰਮਨ ਗੋਇਲ ਨੂੰ ਮੇਅਰ ਬਣਾਇਆ ਸੀ। ਰਮਨ ਗੋਇਲ ਨੂੰ ਹਟਾਉਣ ਦੇ ਮਾਮਲੇ ’ਚ ਕਾਂਗਰਸ ’ਚ ਫੁੱਟ ਪੈ ਗਈ। ਫਿਰ ਵੀ ਪਾਰਟੀ 27 ਕੌਂਸਲਰਾਂ ਨਾਲ ਬਹੁਮੱਤ ਵਿੱਚ ਸੀ। ਇਸ ਨੂੰ ਪਾਰਟੀ ਦੀ ਨਾਕਾਮੀ ਕਹੀਏ ਜਾਂ ਫਿਰ ਹਾਕਮ ਧਿਰ ਦੀ ਮੈਨੇਜਮੈਂਟ ਹੀ ਐਨੀ ਮਜਬੂਤ ਸੀ ਕਿ ਸਿਰਫ ਇੱਕ ਕੌਂਸਲਰ ਵਾਲੀ ਆਪ ਨੇ ਬਾਜੀ ਪਲਟ ਦਿੱਤੀ। ਰੌਚਕ ਇਹ ਵੀ ਹੈ ਕਿ ਮੇਅਰ ਦਾ ਅਹੁਦਾ ਹੱਥੋਂ ਨਿਕਲਣ ਤੋਂ ਬਾਅਦ ਡਿਪਟੀ ਮੇਅਰ ਹਰਮੰਦਰ ਸਿੰਘ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਪਰ ਉਨ੍ਹਾਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ।
ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ
ਦਿਲਚਸਪ ਵੀ ਹੈ ਕਿ ਹੋਰਨਾਂ ਥਾਈ ਜਿੱਥੇ ਆਪਣੇ ਮੇਅਰ ਬਨਾਉਣ ਲਈ ਹਾਕਮ ਧਿਰ ਨੂੰ ਕਰੜੀ ਮੁਸ਼ੱਕਤ ਕਰਨੀ ਪਈ ਉੱਥੇ ਬਠਿੰਡਾ ਦਾ ਮੇਅਰ ਬਨਾਉਣ ਵੇਲੇ ਪਾਰਟੀ ਨੇ ਨਗਰ ਨਿਗਮ ਤੇ ਕਾਬਜ ਕਾਂਗਰਸੀਆਂ ਸਹਾਰੇ ਹੀ ਮੈਦਾਨ ਫਤਿਹ ਕਰ ਲਿਆ। ਇੱਕ ਕਾਂਗਰਸੀ ਕੌਂਸਲਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਨ੍ਹਾਂ ਦੀ ਸੁਣਵਾਈ ਨਾਂ ਹੋਣ ਕਾਰਨ ਜਿਆਦਾਤਰ ਕੌਂਸਲਰ ਫੋੜੇ ਦੀ ਤਰਾਂ ਫਿੱਸੇ ਪਏ ਸਨ ਜਿਸ ਕਰਕੇ ਉਨ੍ਹਾਂ ਨੇ ਮੌਕਾ ਮਿਲਣ ਤੇ ‘ਕਦੇ ਦਾਦੇ ਦੀਆਂ ਤੇ ਕਦੇ ਪੋਤੇ ਵਾਲੀ ਕਹਾਣੀ ਸੱਚ ਕਰ ਦਿਖਾਈ ਹੈ।
ਤਿੰਨ ਕੌਂਸਲਰਾਂ ਦੇ ਮਾਮਲੇ ’ਚ ਮੁੜ ਵਿਚਾਰ
ਸ਼ਹਿਰੀ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਬਰਖਾਸਤ ਛੇ ਕੌਂਸਲਰਾਂ ਚੋਂ ਤਿੰਨ ਖਿਲਾਫ ਗਲ੍ਹਤੀ ਨਾਲ ਕਾਰਵਾਈ ਹੋਣ ਦੀ ਗੱਲ ਆਖੀ ਹੈ। ਇਹ ਸ਼ਹਿਰੀ ਕਾਂਗਰਸ ਦਾ ਕੋਈ ਪੈਂਤੜਾ ਹੈ ਜਾਂ ਫਿਰ ਸੱਚਮੁੱਚ ਸਹੀ ਇਸ ਨਾਲ ਕਾਂਗਰਸ ਵਿੱਚ ਬਣਿਆ ਭੰਬਲਭੂਸੇ ਦਾ ਮਹੌਲ ਸਾਹਮਣੇ ਆ ਗਿਆ ਹੈ। ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਤਿੰਨ ਕੌਂਸਲਰਾਂ ਦਾ ਜਵਾਬ ਕਮੇਟੀ ਕੋਲ ਨਾਂ ਪਹੁੰਚਣ ਕਰਕੇ ਕਾਰਵਾਈ ਹੋ ਗਈ । ਉਨ੍ਹਾਂ ਕਿਹਾ ਕਿ ਇੰਨ੍ਹਾਂ ਦਾ ਜਵਾਬ ਅਨੁਸਾਸ਼ਨੀ ਕਮੇਟੀ ਕੋਲ ਭੇਜ ਦਿੱਤਾ ਹੈ ਜਿਸ ਨੂੰ ਮੁੜ ਵਿਚਾਰਿਆ ਜਾਏਗਾ। ਉਨ੍ਹਾਂ ਕਿਹਾ ਕਿ ਬਾਕੀ 13 ਕੌਂਸਲਰਾਂ ਦਾ ਮਾਮਲਾ ਅਜੇ ਪੈਂਡਿੰਗ ਹੈ। ਉਨ੍ਹਾਂ ਕਿਹਾ ਕਿ ਜਿਹੜੇ ਤਿੰਨ ਕੌਂਸਲਰ ਪਾਰਟੀ ਖਿਲਾਫ ਵੀ ਚੱਲੇ ਤੇ ਜਵਾਬ ਵੀ ਨਹੀਂ ਦਿੱਤਾ ਤਾਂ ਕਾਂਗਰਸ ’ਚ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ।