ਨੌਜਵਾਨਾਂ ਵਿੱਚ ਆਪਣੇ ਭਵਿੱਖ ਨੂੰ ਲੈ ਕਿ ਕਾਫੀ ਚਿੰਤਾ ਪਾਈ ਜਾ ਰਹੀ ਹੈ ਅਤੇ ਕਈ ਨੌਜਵਾਨ ਜੋ ਬੇਰੁਜ਼ਗਾਰੀ ਦੇ ਆਲਮ ਵਿੱਚ ਜੀਅ ਰਹੇ ਹਨ, ਉਹ ਦਿਨੋਂ ਦਿਨ ਉਦਾਸੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਉਹਨਾਂ ਨੂੰ ਉਦਾਸੀ ਵਿੱਚੋਂ ਹੋਰ ਕੋਈ ਨਹੀਂ ਸਗੋਂ ਉਹ ਆਪ ਹੀ ਇਸ ਵਿੱਚੋਂ ਆਪਣੇ ਆਪ ਨੂੰ ਕੱਢ ਸਕਦੇ ਹਨ। ਇਸ ਦੇ ਲਈ ਉਹਨਾਂ ਨੂੰ ਮਿਹਨਤ ਅਤੇ ਹਿੰਮਤ ਦੇ ਨਾਲ ਆਪਣੇ ਸਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵਧਣਾ ਪਵੇਗਾ। ਅੱਜਕਲ੍ਹ ਦੇ ਤਕਨੀਕੀ ਯੁੱਗ ਵਿੱਚ ਸਫਲਤਾ ਦੇ ਲਈ ਬਹੁਤ ਸਾਰੇ ਤਰੀਕੇ ਹਨ, ਜਿਹਨਾਂ ਨੂੰ ਆਪਣਾ ਕੇ ਕਾਮਯਾਬ ਹੋਇਆ ਜਾ ਸਕਦਾ ਹੈ। ਹੁਣ ਉਹ ਜ਼ਮਾਨਾ ਗਿਆ ਜਦੋਂ ਕੁੱਝ ਵੀ ਸਿੱਖਣ ਲਈ ਸਾਨੂੰ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ, ਹੁਣ ਤਾਂ ਇੰਟਰਨੈਟ ਦੇ ਜ਼ਮਾਨੇ ਵਿੱਚ ਯੂਟਿਊਬ ਅਤੇ ਹੋਰ ਕਈ ਮੁਫ਼ਤ ਅਤੇ ਭੁਗਤਾਨ ਵਾਲੇ ਪਲੇਟਫਾਰਮਾਂ ਨੂੰ ਵਰਤ ਕੇ ਅਸੀਂ ਕਈ ਤਰ੍ਹਾਂ ਦੇ ਹੁਨਰ ਸਿੱਖ ਕੇ ਵਧੀਆਂ ਪੈਸਾ ਕਮਾਉਣ ਦੇ ਯੋਗ ਹੋ ਸਕਦੇ ਹਾਂ।
ਕਿਉਂਕਿ ਅੱਜ ਦੇ ਵਿਗਿਆਨਕ ਅਤੇ ਤਕਨੀਕੀ ਨਾਲ ਭਰਪੂਰ ਯੁੱਗ ਦੇ ਅੰਦਰ ਸਿੱਖਣ ਦੇ ਮੌਕੇ ਬਹੁਤ ਹਨ, ਇਹਨਾਂ ਮੌਕਿਆ ਦਾ ਫਾਇਦਾ ਉਠਾਉਣ ਦੇ ਲਈ ਨੌਜਵਾਨਾਂ ਨੂੰ ਆਪ ਹੀ ਕਦਮ ਚੁੱਕਣੇ ਪੈਣਗੇ ਅਤੇ ਇਸ ਦੇ ਲਈ ਸ਼ੁਰੂਆਤ ਤਾਂ ਨੌਜਵਾਨਾਂ ਨੂੰ ਹੀ ਕਰਨੀ ਪਵੇਗੀ। ਰੋਟੀ ਖਾਣ ਲਈ ਵੀ ਰੋਟੀ ਨੂੰ ਛਾਬੀ ਵਿੱਚੋਂ ਚੁੱਕ ਕੇ ਮੂੰਹ ਵਿੱਚ ਪਾਉਣਾ ਪੈਂਦਾ ਹੈ, ਫ਼ਿਰ ਕੀਤੇ ਜਾ ਕੇ ਸਾਡੀ ਭੁੱਖ ਮਿਟਦੀ ਹੈ। ਪਿਆਸੇ ਨੂੰ ਪਾਣੀ ਕੋਲ ਜਾਣਾ ਪੈਂਦਾ ਹੈ ਨਾ ਕਿ ਪਾਣੀ ਖੁਦ ਚੱਲ ਕੇ ਪਿਆਸੇ ਕੋਲ ਆਉਂਦਾ ਹੈ, ਇਸ ਤਰ੍ਹਾਂ ਕੋਸ਼ਿਸ਼ ਤਾਂ ਸਾਨੂੰ ਹੀ ਕਰਨੀ ਪਵੇਗੀ ਤਾਂ ਹੀ ਅਸੀਂ ਪੈਸਾ ਕਮਾਉਣ ਦੇ ਯੋਗ ਹੋ ਸਕਦੇ ਹਾਂ। ਸਿਆਣੇ ਕਹਿੰਦੇ ਨੇ ਪਰਮਾਤਮਾ ਵੀ ਉਹਨਾਂ ਦੀ ਮੱਦਦ ਕਰਦਾ ਹੈ, ਜੋ ਆਪਣੀ ਮੱਦਦ ਆਪ ਕਰਦੇ ਹਨ। ਸੋ ਲੋੜ ਹੈ ਜਾਗਰੂਕ ਹੋਣ ਦੀ ਅਤੇ ਆਪਣੇ ਸਮੇਂ ਨੂੰ ਸਹੀ ਕੰਮ ਤੇ ਲਗਾਉਣ ਦੀ ਤਾਂ ਹੀ ਅੱਜ ਦਾ ਨੌਜਵਾਨ ਇਸ ਉਦਾਸੀ ਭਰੀ ਜ਼ਿੰਦਗੀ ਵਿੱਚੋਂ ਖੁਦ ਹੀ ਆਪਣੇ ਆਪ ਨੂੰ ਕੱਢ ਸਕਦਾ ਹੈ। ਸੋ ਸਾਨੂੰ ਆਪਣੇ ਆਪ ਤੇ ਭਰੋਸਾ ਕਰਨਾ ਹੋਵੇਗਾ ਤਾਂ ਹੀ ਕੁਦਰਤ ਸਾਡੀ ਮੱਦਦ ਕਰੇਗੀ ਅਤੇ ਇੱਕ ਦਿਨ ਅਸੀਂ ਆਪਣੀ ਤੈਅ ਕੀਤੀ ਮੰਜ਼ਿਲ ਨੂੰ ਹਾਸਿਲ ਕਰ ਸਕਾਂਗੇ।
ਮਸ਼ਹੂਰ ਸ਼ਾਇਰ ਬਾਬਾ ਨਜ਼ਮੀ ਕਹਿੰਦੇ ਹਨ:
"ਬੇਹਿੰਮਤੇ ਨੇ ਜਿਹੜੇ, ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਿਲ ਦੇ ਮੱਥੇ ਤੇ ਤਖ਼ਤੀ, ਲੱਗਦੀ ਉਹਨਾਂ ਲੋਕਾਂ ਦੀ,
ਘਰੋਂ ਬਣਾਕੇ ਤੁਰਦੇ ਜਿਹੜੇ, ਨਕਸ਼ਾ ਆਪਣੇ ਸਫਰਾਂ ਦਾ।

-
ਬਲਜੀਤ ਸਿੰਘ ਕਚੂਰਾ, ਲੇਖਕ
******
9465405597
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.