ਰੱਬ ਦੀ ਚੱਕੀ ਭਾਵੇਂ ਚੱਲਦੀ ਹੌਲੀ-ਹੌਲੀ ਪਰ ਪੀਂਹਦੀ ਯਕੀਨਨ ਏ - ਹਾਕਮ ਚੱਕ
- ਕੀਤੀ ਮਾਮਲੇ ਵਿੱਚ ਸੱਜਣ ਕੁਮਾਰ ਖਿਲਾਫ ਮੌਤ ਦੀ ਸਜ਼ਾ ਦੀ ਮੰਗ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 28 ਫ਼ਰਵਰੀ 2025:- 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਦੇ ਇਸ ਫੈਸਲੇ ਦਾ ਸਿੱਖ ਸਮਾਜ ਵਲੋਂ ਸਵਾਗਤ ਕੀਤਾ ਗਿਆ । ਇਸ ਮੌਕੇ ਸਿੱਖ ਸਮਾਜ ਦੇ ਮਲੇਰਕੋਟਲਾ ਤੋਂ ਆਗੂ ਸ.ਹਾਕਮ ਸਿੰਘ ਚੱਕ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਦਾਲਤ ਦੇ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਸਮੂਹ ਸਿੱਖ ਭਾਈਚਾਰੇ ਵੱਲੋਂ ਆਪੋ ਆਪਣੇ ਪੱਧਰ ਤੇ ਖੁਸ਼ੀ ਜਾਹਿਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਅਸੀਂ ਇਸ ਅਣਮਨੁੱਖੀ ਅਪਰਾਧ ਲਈ ਮੌਤ ਦੀ ਸਜ਼ਾ ਦੀ ਉਮੀਦ ਕਰ ਰਹੇ ਸੀ, ਫਿਰ ਵੀ ਅਸੀਂ ਦਿੱਲੀ ਦੀ ਅਦਾਲਤ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਭਾਵੇਂ ਇਹ ਫੈਸਲਾ 40 ਸਾਲਾਂ ਬਾਅਦ ਆਇਆ ਹੈ ਪਰ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਕਿ “ਰੱਬ ਦੀ ਚੱਕੀ ਭਾਵੇਂ ਚੱਲਦੀ ਹੌਲੀ-ਹੌਲੀ ਪਰ ਪੀਂਹਦੀ ਯਕੀਨਨ ਏ”।
ਉਹਨਾਂ ਕਿਹਾ ਕਿ ਇਨ੍ਹਾਂ ਦੰਗਿਆਂ ਨਾਲ ਸਬੰਧਤ ਮਾਮਲੇ ਵਿਚ ਉਸ ਨੂੰ ਦੂਜੀ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਉਹ ਦਿੱਲੀ ਕੈਂਟ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਸਮੂਹ ਸਿੱਖ ਸੰਗਤ ਸਮੇਤ ਦਿੱਲੀ ਪੁਲਿਸ ਅਤੇ ਪੀੜਤਾਂ ਨੇ ਇਸ ਮਾਮਲੇ ਵਿੱਚ ਸੱਜਣ ਕੁਮਾਰ ਦੇ ਖਿਲਾਫ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।