ਸਿੱਖਿਆ ਦਾ ਪ੍ਰਸਾਰ ਤੇ ਅਨਪੜ੍ਹਤਾ ਦੇ ਖਾਤਮੇ ਨਾਲ ਵਿਸ਼ਵ ਦੀਆਂ ਸਮੱਸਿਆਵਾਂ ਹੋਣਗੀਆਂ ਹੱਲ : ਨੋਬਲ ਪੁਰਸਕਾਰ ਜੇਤੂ, ਪ੍ਰੋ. ਜੀਨ ਮੈਰੀ ਲੇਹਨ
ਹਰਜਿੰਦਰ ਸਿੰਘ ਭੱਟੀ
- ਏਆਈ ਵਰਗੇ ਸ਼ਕਤੀਸ਼ਾਲੀ ਔਜ਼ਾਰ ਦੀ ਨੈਤਿਕ ਅਧਾਰ ’ਤੇ ਹੋਵੇ ਵਰਤੋਂ : ਨੋਬਲ ਪੁਰਸਕਾਰ ਜੇਤੂ, ਪ੍ਰੋ. ਜੀਨ ਮੈਰੀ ਲੇਹਨ
- ਵਿਗਿਆਨ ਮਨੁੱਖਤਾ ਦੇ ਭਵਿੱਖ ਨੂੰ ਦਿੰਦਾ ਹੈ ਅਕਾਰ, ਇਸਦੀ ਨਹੀਂ ਹੈ ਕੋਈ ਸੀਮਾ : ਨੋਬਲ ਪੁਰਸਕਾਰ ਜੇਤੂ ਪ੍ਰੋ.ਜੀਨ ਮੈਰੀ ਲੇਹਨ
- ਭਾਰਤ ਪਿਛਲੇ ਇੱਕ ਦਹਾਕੇ ’ਚ ਗਲੋਬਲ ਵਿਗਿਆਨਕ ਖੋਜ ਤੇ ਨਵੀਨਤਾ ’ਚ ਬਣਿਆ ਉੱਭਰਦੀ ਸ਼ਕਤੀ : ਇਸਰੋ ਵਿਗਿਆਨਕ ਰਵੀ ਕੁਮਾਰ
- ਚੰਡੀਗੜ੍ਹ ਯੂਨੀਵਰਸਿਟੀ ’ਚ ਰਾਸ਼ਟਰੀ ਵਿਗਿਆਨ ਦਿਵਸ ’ਤੇ ਕਰਵਾਇਆ ਸਮਾਗਮ
ਮੋਹਾਲੀ, 28 ਫ਼ਰਵਰੀ 2025 - ਸਿੱਖਿਆ ਗਿਆਨ ਦਾ ਮੁੱਖ ਸਾਧਨ ਹੈ ਤੇ ਇਸ ਨੂੰ ਪੂਰੀ ਦੁਨੀਆ ਵਿਚ ਫੈਲਾਇਆ ਜਾਣਾ ਚਾਹੀਦਾ ਹੈ। ਦੁਨੀਆ ਭਰ ਦੀਆਂ ਸਰਕਾਰਾਂ ਨੂੰ ਸਿੱਖਿਆ ਦੇ ਪ੍ਰਸਾਰ ਲਈ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਸਾਡੀਆਂ ਜ਼ਿਆਦਾਤਰ ਸਮੱਸਿਆਵਾਂ ਅਨਪੜਤਾ ਤੋਂ ਸ਼ੁਰੂ ਹੁੰਦੀਆਂ ਹਨ, ਜਿਸ ਦਿਨ ਧਰਤੀ ਤੋਂ ਅਨਪੜਤਾ ਦਾ ਖਾਤਮਾ ਹੋ ਜਾਵੇਗਾ, ਦੁਨੀਆ ਦੀਆਂ ਜ਼ਿਆਦਾਤਰ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. (ਡਾ.) ਜੀਨ ਮੈਰੀ ਲੇਹਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਚ ਰਾਸ਼ਟਰੀ ਵਿਗਿਆਨ ਦਿਵਸ ਸਮਾਗਮ ਦੌਰਾਨ ਕੀਤਾ। ਪ੍ਰੋ. ਲੇਹਨ ਨੇ 1987 ਵਿਚ ਰਸਾਇਣਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਜਿੱਤਿਆ ਸੀ।
ਪ੍ਰੋਫੈਸਰ ਲੇਨ ਨੇ ਇਹ ਗੱਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ’ਵਿਗਿਆਨ ਵਿੱਚ ਗਲੋਬਲ ਲੀਡਰਸ਼ਿਪ ਲਈ ਭਾਰਤੀ ਨੌਜਵਾਨਾਂ ਦਾ ਸ਼ਕਤੀਕਰਨ ਅਤੇ ਵਿਕਸਿਤ ਭਾਰਤ ਲਈ ਇਨੋਵੇਸ਼ਨ ਵਿਸ਼ੇ ’ਤੇ ਰਾਸ਼ਟਰੀ ਵਿਗਿਆਨ ਦਿਵਸ ਸਮਾਗਮ ਦੌਰਾਨ ਵਰਚੁਅਲ (ਔਨਲਾਈਨ)’ ਗੁੰਝਲਦਾਰ ਮਾਮਲੇ ਵੱਲ ਕਦਮ’ ਵਿਸ਼ੇ ਤੇ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੰਦੇ ਹੋਏ ਕਹੀ।
ਵਿਗਿਆਨ ਅਤੇ ਤਕਨਾਲੋਜੀ ’ਚ ਭਾਰਤ ਦੀ ਉੱਨਤੀ ’ਤੇ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਲੇਨ ਨੇ ਅੱਗੇ ਕਿਹਾ ਕਿ ਭਾਰਤ ਨੇ ਹਾਲ ਹੀ ਦੇ ਸਾਲਾਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿੱਚ ਮਹੱਤਵਪੂਰਨ ਵਿਕਾਸ ਕੀਤਾ ਹੈ ਅਤੇ ਭਾਰਤੀ ਵਿਗਿਆਨੀ ਵਿਗਿਆਨ ਦੇ ਖੇਤਰ ਵਿੱਚ ਆਪਣੇ ਬੇਮਿਸਾਲ ਕੰਮ ਲਈ ਵਿਸ਼ਵ ਪ੍ਰਸਿੱਧ ਹਨ। ਨਵੀਨਤਾ ਵਿੱਚ ਵੀ ਭਾਰਤ ਨੇ ਕਈ ਮੁਕਾਮ ਹਾਸਲ ਕੀਤੇ ਹਨ ਅਤੇ ਮੈਂ ਕਾਫ਼ੀ ਪ੍ਰਭਾਵਿਤ ਹਾਂ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਵਿਦਿਅਕ ਸੰਸਥਾਵਾਂ ਨੇ ਵੀ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਪੇਟੈਂਟ ਦਾਖਲ ਕੀਤੇ ਹਨ।
ਏਆਈ ਦੀ ਵਰਤੋਂ ਬਾਰੇ ਪ੍ਰੋਫੈਸਰ ਲੇਨ ਨੇ ਕਿਹਾ ਕਿ ਏਆਈ ਇੱਕ ਬਹੁਤ ਸ਼ਕਤੀਸ਼ਾਲੀ ਸਾਧਨ ਹੈ ਪਰ ਇਹ ਜਾਦੂ ਨਹੀਂ ਹੈ ਅਤੇ ਇਹ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਬਦਲ ਦੇਵੇਗਾ, ਇਸ ਬਾਰੇ ਆਸ਼ਾਵਾਦੀ ਹੋਣਾ ਚਾਹੀਦਾ ਹੈ। ਪਰ ਏਆਈ ਦੀ ਵਰਤੋਂ ਨੈਤਿਕ ਤੌਰ ’ਤੇ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੀ ਪ੍ਰਤੀਕੂਲ ਵਰਤੋਂ ਲੋਕਾਂ ਨੂੰ ਕਮਜ਼ੋਰ ਬਣਾ ਸਕਦੀ ਹੈ ਅਤੇ ਯੁੱਧ ਵਰਗੀ ਸਥਿਤੀ ਪੈਦਾ ਕਰ ਸਕਦੀ ਹੈ।
ਵਿਦਿਆਰਥੀਆਂ (ਸਿੱਖਣ ਵਾਲੇ) ਦੇ ਜੀਵਨ ਵਿੱਚ ਖੋਜ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ, ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਲੇਨ ਨੇ ਕਿਹਾ ਕਿ ਖੋਜਕਰਤਾ ਲਾਜ਼ਮੀ ਤੌਰ ਉੱਤੇ ਇੱਕ ਸਿੱਖਣ ਵਾਲਾ ਹੁੰਦਾ ਹੈ ਜੋ ਆਪਣੀ ਸਿੱਖਣ ਦੀ ਪ੍ਰਕਿਰਿਆ ਨੂੰ ਹਮੇਸ਼ਾ ਲਈ ਜਾਰੀ ਰੱਖਦਾ ਹੈ, ਜੋ ਸਿੱਖਣਾ ਛੱਡ ਦਿੰਦੇ ਹਨ ਉਹ ਖੋਜਕਰਤਾ ਨਹੀਂ ਹੋ ਸਕਦੇ। ਵਿਗਿਆਨ ਮਨੁੱਖਤਾ ਦੇ ਭਵਿੱਖ ਨੂੰ ਆਕਾਰ ਦਿੰਦਾ ਹੈ ਅਤੇ ਇਸ ਦੀਆਂ ਕੋਈ ਸੀਮਾਵਾਂ ਨਹੀਂ ਹਨ।
ਇਸ ਦੌਰਾਨ ਨੋਬਲ ਪੁਰਸਕਾਰ ਜੇਤੂ ਪ੍ਰੋ. (ਡਾ.) ਜੀਨ ਮੈਰੀ ਲੇਹਨ ਨੇ ਵੀ ਆਨਲਾਇਨ ਸ਼ਿਰਕਤ ਕੀਤੀ ਤੇ ਗੁੰਝਲਦਾਰ ਮਾਮਲਿਆਂ ’ਤੇ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਪ੍ਰੋਗਰਾਮ ਦੀ ਅਗੁਵਾਈ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਐੱਸਈਆਰ) ਮੋਹਾਲੀ ਦੇ ਰਵੀ ਕੁਮਾਰ ਵਰਮਾ ਤੇ ਪ੍ਰੋ. ਸੰਜੇ ਮੰਡਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਤਕਨਾਲੋਜੀ (ਪੀਐੱਸਸੀਐੱਸਟੀ) ਦੇ ਕਾਰਜਕਾਰੀ ਡਾਇਰੈਕਟਰ ਪਿ੍ਰਤਪਾਲ ਸਿੰਘ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮਨਪ੍ਰੀਤ ਸਿੰਘ ਮੰਨਾ, ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਦੇਵਿੰਦਰ ਸਿੰਘ ਤੇ ਯੂਨੀਵਰਸਿਟੀ ਆਫ਼ ਸਾਇੰਸ (ਯੂਆਈਐੱਸ) ਦੇ ਨਿਰਦੇਸ਼ਕ ਐੱਸਐੱਸ ਚੌਹਾਨ ਨੇ ਪ੍ਰੋਗਰਾਮ ਦੌਰਾਨ ਭਾਸ਼ਣ ਦਿੰਦਿਆਂ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਉਪਰੰਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ), ਅਹਿਮਦਾਬਾਦ ਦੇ ਪੁਲਾੜ ਐਪਲੀਕੇਸ਼ਨ ਸੈਂਟਰ (ਐਸਏਸੀ) ਦੇ ਵਿਗਿਆਨਕ ਤੇ ਇੰਜੀਨੀਅਰ-ਐੱਸਐੱਫ ਰਵੀ ਕੁਮਾਰ ਵਰਮਾ ਨੇ ਕਿਹਾ ਕਿ ਜੈ ਜਵਾਨ, ਜੈ ਕਿਸਨਾ ਤੇ ਜੈ ਵਿਗਿਆਨ ਦੇ ਪ੍ਰਸਿੱਧ ਨਾਅਰਿਆਂ ’ਚ ਜੈ ਅਨੁਸੰਧਾਨ ਨੂੰ ਜੋੜਨ ਤੋਂ ਬਾਅਦ ਪਿਛਲੇ ਇੱਕ ਦਹਾਕੇ ਵਿਚ ਵਿਗਿਆਨਕ ਤਰੱਕੀ ’ਤੇ ਦਿੱਤੇ ਜੋਰ ਨੇ ਭਾਰਤ ਨੂੰ ਗਲੋਬਲ ਵਿਗਿਆਨਕ ਖੋਜ ਤੇ ਨਵੀਨਤਾ ਦੇ ਖੇਤਰ ਵਿਚ ਇੱਕ ਉੱਭਰਦੀ ਹੋਈ ਸ਼ਕਤੀ ਦੇ ਰੂਪ ’ਚ ਮਜ਼ਬੂਤੀ ਨਾਲ ਸਥਾਪਤ ਕੀਤਾ ਹੈ ਤੇ 2047 ਤਕ ਵਿਕਸਿਤ ਭਾਰਤ ਦੇ ਦਿ੍ਰਸ਼ਟੀਕੋਣ ਨੂੰ ਸਾਕਾਰ ਕਰਨ ਲਈ ਦੇੇਸ਼ ਦੇ ਯਤਨਾ ਤੋਂ ਪ੍ਰੇਰਿਤ ਹੈ।
ਵਰਮਾ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਅੱਗੇ ਕਿਹਾ ਕਿ ਅਮਰੀਕਾ, ਰੂਸ ਤੇ ਚੀਨ ਵਰਗੇ ਦੇਸ਼ ਅੱਜ ਮਹਾਂ ਸ਼ਕਤੀ ਹਨ।ਕਿਉਂਕਿ ਉਨ੍ਹਾਂ ਨੇ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ’ਤੇ ਭਾਰੀ ਨਿਵੇਸ਼ ਕੀਤਾ ਹੈ।ਜਿਵੇਂ ਕਿ ਭਾਰਤ ਇੱਕ ਬੇਮਿਸਾਲ ਵਿਗਿਆਨਕ ਕ੍ਰਾਂਤੀ ਵਿਚ ਆਪਣਾ ਰਾਹ ਪੱਧਰਾ ਕਰ ਰਿਹਾ ਹੈ, ਦੇਸ਼ ਦੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਦੇ ਦਿ੍ਰਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਨੀ ਪਵੇਗੀ। 1930 ਵਿਚ ਸੀਵੀ ਰਮਨ ਤੋਂ ਬਾਅਦ ਭਾਰਤ ਨੇ ਲਗਪਗ ਇੱਕ ਸਦੀ ਤੋਂ ਵਧ ਸਮੇਂ ਤੋਂ ਇਕ ਵੀ ਨੋਬਲ ਪੁਰਸਕਾਰ ਜੇਤੂ ਨਹੀਂ ਦਿੱਤਾ ਹੈ। 1.4 ਬਿਲੀਅਨ ਤੋਂ ਵੱਧ ਅਬਾਦੀ ਦੇ ਨਾਲ ਸਾਡੇ ਕੋਲ ਵੱਡੀ ਗਿਣਤੀ ਵਿਚ ਨੋਬਲ ਪੁਰਸਕਾਰ ਪੈਦਾ ਕਰਨ ਦੀ ਸਮਰੱਥਾ ਹੈ।
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐੱਸਈਆਰ) ਦੇ ਪ੍ਰੋ. ਸੰਜੇ ਮੰਡਲ ਨੇ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੰਦਿਆਂ ਐੱਸਡਬਲਿਊਓਟੀ-ਸ਼ਕਤੀਆਂ, ਕਮਜ਼ੋਰੀਆਂ, ਅਵਸਰ ਤੇ ਖਤਰਿਆਂ ਦੇ ਵਿਸ਼ਲੇਸ਼ਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੋਜ ਤੇ ਨਵੀਨਤਾ ਦੀਆਂ ਬੁਨਿਆਦੀ ਮੂਲ ਗੱਲਾਂ ਤੇ ਅਵਿਸ਼ਕਾਰਾਂ ਲਈ ਪੇਟੇਂਟ ਹਾਸਲ ਕਰਨ ਦੀ ਮਹੱਤਤਾ ’ਤੇ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਬਿਰਤੀ ਨੂੰ ਵਿਕਸਿਤ ਕਰਨ ਤੇ ਵਧਾਉਣ ਲਈ ਸਮਝਾਉਣ ਤੇ ਪ੍ਰੇਰਿਤਕ ਕਰਨ ਲਈ ਪ੍ਰਸਿੱਧ ਵਿਗਿਆਨਕਾਂ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਆਪਣੇ ਭਾਸ਼ਣ ’ਚ ਵਿਗਿਆਨ ਦੇ ਵਿਦਿਆਰਥੀਆਂ ਲਈ ਨਿਰੀਖਣ, ਸਾਧਨ, ਮੁੱਲ ਵਾਧਾ, ਗਿਆਨ ਦਾ ਪਸਾਰ, ਖੋਜ, ਐਡੀਸਨ ਆਨ ਇਨੋਵੇਸ਼ਨ ਤੇ ਰਸਾਇਣਿਕ ਵਿਗਿਆਨ ਵਿਚ ਖੋਜਾਂ ਦੇ ਮਹੱਤਵ ’ਤੇ ਜੋਰ ਦਿੱਤਾ।
ਉਨ੍ਹਾਂ ਨੇ ਕਈ ਅਜਿਹੇ ਅਵਿਸ਼ਕਾਰਾਂ ਬਾਰੇ ਵੀ ਚਰਚਾ ਕੀਤੀ, ਜਿਸ ਨੇ ਮਨੁੱਖਤਾ ਤੇ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ। ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਤਕਨਾਲੋਜੀ (ਪੀਐੱਸਸੀਐੱਸਟੀ) ਚੰਡੀਗੜ੍ਹ ਦੇ ਕਾਰਜਕਾਰੀ ਡਾਇਰੈਕਟਰ ਡਾ. ਪਿ੍ਰਤਪਾਲ ਸਿੰਘ ਨੇ ਜਲਵਾਯੂ ਤਬਦੀਲੀ ਤੇ ਇਹ ਕਿਸ ਤਰ੍ਹਾਂ ਖੇਤੀਬਾੜੀ ਉਪਜ ਤੇ ਜੀਵਨ ਦੇ ਹੋਰ ਪਹਿਲੂਆਂ ਨੂੰ ਪ੍ਰਭਾਵਿਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਵਿਗਿਆਨ ’ਚ ਕੁਸ਼ਲ ਬਣਾਊਣ ਲਈ ਉਦਯੋਗ ਅਕਾਦਮਿਕ ਸ਼ਮੂਲੀਅਤ ਦੇ ਮਹੱਤਵ ’ਤੇ ਜੋਰ ਦਿੱਤਾ। ਉਦਯੋਗਾਂ ਨੂੰ ਦਰਪੇਸ਼ ਬਹੁਤ ਸਾਰੀਆਂ ਸਮੱਸਿਆਵਾਂ ਵਿਗਿਆਨ ਦੇ ਵਿਦਿਆਰਥੀਆਂ ਵੱਲੋਂ ਹੱਲ ਕੀਤੀਆਂ ਜਾ ਸਕਦੀਆਂ ਹਨ ਜੇਕਰ ਉਦਯੋਗ ਤੇ ਅਕਾਦਮਿਕ ਖੇਤਰ ਦੀ ਸਰਗਰਮ ਸ਼ਮੂਲੀਅਤ ਹੋਵੇ।
ਇਸ ਉਪਰੰਤ ਵੱਖ-ਵੱਖ ਵਿਗਿਆਨ ਮੁਕਾਬਲਿਆਂ ਅਤੇ ਪ੍ਰੋਜੈਕਟਾਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ ਅਤੇ ਇੱਕ ਵਿਦਾਇਗੀ ਸੈਸ਼ਨ ਨੇ ਪ੍ਰੋਗਰਾਮ ਦੇ ਅੰਤ ਵਿਚ ਸਨਮਾਨਿਤ ਵੀ ਕੀਤਾ।