ਪੰਜਾਬ ਸਰਕਾਰ ਨੇ ਦਿਵਿਆਂਗ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਕੀਤੀ ਦੁੱਗਣੀ: ਮੋਹਿੰਦਰ ਭਗਤ
- ਰੱਖਿਆ ਸੇਵਾਵਾਂ ਅਤੇ ਅਰਧ ਸੈਨਿਕ ਬਲਾਂ ਦੇ ਦਿਵਿਆਂਗ ਜਵਾਨਾਂ ਲਈ ਵਿੱਤੀ ਸਹਾਇਤਾ ਵਿੱਚ ਕੀਤਾ ਮਹੱਤਵਪੂਰਨ ਵਾਧਾ
ਚੰਡੀਗੜ੍ਹ, 27 ਫਰਵਰੀ 2025 - ਰੱਖਿਆ ਸੇਵਾਵਾਂ ਅਤੇ ਅਰਧ ਸੈਨਿਕ ਬਲਾਂ ਦੇ ਦਿਵਿਆਂਗ ਸੈਨਿਕਾਂ ਦੀ ਭਲਾਈ ਵੱਲ ਅਹਿਮ ਕਦਮ ਚੁੱਕਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੰਗ ਜਾਂ ਅਪਰੇਸ਼ਨਾਂ ਦੌਰਾਨ ਸੇਵਾਵਾਂ ਨਿਭਾਉਂਦਿਆਂ ਦਿਵਿਆਂਗ ਹੋਣ ਵਾਲੇ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਵਿੱਚ ਵਾਧਾ ਕੀਤਾ ਗਿਆ ਹੈ।
ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਇਸ ਸੋਧੀ ਹੋਈ ਨੀਤੀ ਤਹਿਤ, ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਦੁੱਗਣੀ ਕਰ ਦਿੱਤੀ ਗਈ ਹੈ, ਜੋ ਪ੍ਰਭਾਵਿਤ ਸੈਨਿਕਾਂ ਲਈ ਵਧੇਰੇ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ। ਨਵੇਂ ਉਪਬੰਧਾਂ ਮੁਤਾਬਕ, 76 ਫ਼ੀਸਦ ਤੋਂ 100 ਫ਼ੀਸਦ ਅਪੰਗਤਾ ਵਾਲੇ ਸੈਨਿਕਾਂ ਨੂੰ ਹੁਣ 40 ਲੱਖ ਰੁਪਏ ਦਿੱਤੇ ਜਾਣਗੇ, ਜੋ ਕਿ ਪਹਿਲਾਂ ਇਹ ਰਾਸ਼ੀ 20 ਲੱਖ ਰੁਪਏ ਸੀ। ਇਸੇ ਤਰ੍ਹਾਂ, 51 ਫ਼ੀਸਦ ਤੋਂ 75 ਫ਼ੀਸਦ ਅਪੰਗਤਾ ਵਾਲੇ ਸੈਨਿਕਾਂ ਨੂੰ 10 ਲੱਖ ਰੁਪਏ ਦੀ ਥਾਂ ਹੁਣ 20 ਲੱਖ ਰੁਪਏ ਦਿੱਤੇ ਜਾਣਗੇ, ਜਦੋਂ ਕਿ 25 ਫ਼ੀਸਦ ਤੋਂ 50 ਫ਼ੀਸਦ ਅਪੰਗਤਾ ਵਾਲੇ ਸੈਨਿਕਾਂ ਨੂੰ 5 ਲੱਖ ਰੁਪਏ ਦੀ ਥਾਂ ਹੁਣ 10 ਲੱਖ ਰੁਪਏ ਦਿੱਤੇ ਜਾਣਗੇ।
ਮੰਤਰੀ ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੱਤੀ ਜਾਵੇ ਅਤੇ ਪ੍ਰਗਤੀਸ਼ੀਲ ਨੀਤੀਆਂ ਰਾਹੀਂ ਉਨ੍ਹਾਂ ਦਾ ਸਮਰਥਨ ਕੀਤਾ ਜਾਵੇ।