ਸੱਸ 'ਤੇ ਸਾਜ਼ਿਸ਼ ਰਚਣ ਦਾ ਦੋਸ਼; ਨਹਿਰ 'ਚ ਡਿੱਗੀ ਔਰਤ ਦੀ ਮੌਤ
ਪੁਲਿਸ ਵੱਲੋਂ ਜਲਦੀ ਹੀ ਮਾਮਲੇ ਦਾ ਖੁਲਾਸਾ ਕਰਨ ਦੀ ਉਮੀਦ
ਰੋਹਿਤ ਗੁਪਤਾ
ਗੁਰਦਾਸਪੁਰ 1 ਅਪ੍ਰੈਲ 2025- ਬੱਬੇਹਾਲੀ ਨਹਿਰ ਦੇ ਪੁੱਲ ਤੇ 28 ਮਾਰਚ ਸ਼ੁਕਰਵਾਰ ਨੂੰ ਛੀਨਾ ਪਿੰਡ ਤੋਂ ਐਕਟਿਵਾ ਤੇ ਸਵਾਰ ਹੋ ਕੇ ਬਿਧੀਪੁਰ ਜਾ ਰਹੀ ਸੱਸ ਨੂੰਹ ਵਿੱਚੋਂ ਨੂੰਹ ਅਮਨਪ੍ਰੀਤ ਕੌਰ ਦੇ ਨਹਿਰ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਸੀ। ਉਸ ਵੇਲੇ ਉਸਦੀ ਸੱਸ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਲੁਟੇਰਿਆਂ ਨਾਲ ਹੋਈ ਧੱਕਾ ਮੁੱਕੀ ਦੌਰਾਨ ਉਸਦੀ ਨੂੰਹ ਨਹਿਰ ਵਿੱਚ ਡਿੱਗ ਪਈ ਹੈ। ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਅੱਜ ਪੰਜਵੇਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਹੈ।
ਦੱਸ ਦਈਏ ਕਿ ਮਾਮਲੇ ਵਿੱਚ ਉਦੋਂ ਇੱਕ ਨਵਾਂ ਮੋੜ ਆ ਗਿਆ, ਜਦੋਂ ਅਮਨਪ੍ਰੀਤ ਕੌਰ ਦੀ ਸੱਸ ਵੱਲੋਂ ਦੱਸੀ ਗਈ ਲੁੱਟ ਦੀ ਕਹਾਣੀ ਨੂੰ ਝੂਠ ਦੱਸਦਿਆਂ ਹੋਇਆ ਅਮਨਪ੍ਰੀਤ ਕੌਰ ਦੇ ਪੇਕੇ ਪਰਿਵਾਰ ਨੇ ਸ਼ੱਕ ਜਤਾਇਆ ਸੀ ਕਿ ਉਹਨਾਂ ਦੀ ਲੜਕੀ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਹੈ ਤੇ ਇਸ ਵਿੱਚ ਉਸਦੀ ਸੱਸ ਅਤੇ ਸਹੁਰਾ ਪਰਿਵਾਰ ਦਾ ਹੱਥ ਹੋ ਸਕਦਾ ਹੈ। ਜਿਸ ਤੋਂ ਬਾਅਦ ਪੁਲਿਸ ਮਾਮਲੇ ਵਿੱਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਸੀ। ਹੁਣ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਲਦੀ ਹੀ ਮਾਮਲੇ ਦਾ ਪੂਰਾ ਖੁਲਾਸਾ ਕਰਨ ਦੀ ਉਮੀਦ ਹੈ।