ਗੁਰਦਾਸਪੁਰ: ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਗ਼ਜ਼ਲ ਵਰਕਸ਼ਾਪ, ਸ਼ਾਇਰਾਂ ਕੀਤੀ ਸ਼ਮੂਲੀਅਤ
ਇਲਾਕੇ ਵਿੱਚ ਪਹਿਲੀ ਵਾਰ ਹੋਇਆ ਗ਼ਜ਼ਲ ਵਰਕਸ਼ਾਪ ਦਾ ਆਯੋਜਨ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਪ੍ਰੈਲ - ਜ਼ਿਲ੍ਹਾ ਭਾਸ਼ਾ ਦਫ਼ਤਰ,ਗੁਰਦਾਸਪੁਰ ਵੱਲੋ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਦੀ ਅਗਵਾਈ ਅਧੀਨ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ ਵਿਖੇ ਗ਼ਜ਼ਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਇਤਹਾਸਿਕ ਮਹੱਤਤਾ ਇਹ ਸੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਇਹ ਪਹਿਲੀ ਗ਼ਜ਼ਲ ਵਰਕਸ਼ਾਪ ਸੀ। ਇਸ ਵਰਕਸ਼ਾਪ ਵਿੱਚ ਪ੍ਰਸਿੱਧ ਗ਼ਜ਼ਲਗੋ ਜਨਾਬ ਪਾਲ ਗੁਰਦਾਸਪੁਰੀ ਨੇ ਗ਼ਜ਼ਲ ਦੇ ਤਕਨੀਕੀ ਪੱਖਾਂ ਨੂੰ ਬੜੇ ਸਰਲ ਅਤੇ ਸੰਖੇਪ ਤਰੀਕੇ ਨਾਲ ਸਾਂਝਾ ਕੀਤਾ। ਉਨ੍ਹਾਂ ਸੂਖਮ ਪਹਿਲੂਆਂ 'ਤੇ ਚਰਚਾ ਕਰਦਿਆਂ ਗ਼ਜ਼ਲ ਦੀ ਬਣਤਰ, ਗ਼ਜ਼ਲ ਦਾ ਅਰੂਜ਼,ਗ਼ਜ਼ਲ ਦੀਆਂ ਬਹਿਰਾਂ , ਕਾਫੀ਼ਏ , ਸ਼ਿਅਰਾਂ ਵਿਚਲੇ ਗੁਣ, ਐਬ ,ਜਿਹਾਫ਼, ਅੱਖਰਾਂ ਦਾ ਵਾਸਿਲ ਹੋਣਾ,ਅੱਖਰ ਗਿਰਾਉਣ ਦਾ ਵਿਧਾਨ,ਸਾਕਿਨ ਮੁਤਹੱਰਿਕ, ਅਲੰਕਾਰ,ਤਕਤੀਹ ਕਰਨ ਦਾ ਢੰਗ, ਆਦਿ ਸਬੰਧੀ ਬਹੁਤ ਹੀ ਸਰਲ ਤਰੀਕੇ ਨਾਲ ਰੋਸ਼ਨੀ ਪਾਈ। ਉਨ੍ਹਾਂ ਨਵੇਂ ਤੇ ਪੁਰਾਣੇ ਲੇਖਕਾਂ ਤੇ ਸ੍ਰੋਤਿਆਂ ਦੇ ਸਵਾਲਾਂ ਤੇ ਸ਼ੰਕਿਆਂ ਜਵਾਬ ਬੜੇ ਵਧੀਆ ਢੰਗ ਨਾਲ ਨਾਲੋ ਨਾਲ ਦਿੱਤੇ।ਕਾਲਜ ਦੇ ਸੰਗੀਤ ਵਿਭਾਗ ਦੇ ਪ੍ਰੋ਼.ਹਿਤੇਸ਼ ਕੁਮਾਰ ਜੀ ਦੁਆਰਾ ਵਾਹਿਦ ਪ੍ਰੀਤ ਸਿੰਘ ਨੂੰ ਤਿਆਰ ਕਰਵਾਈ ਡਾ.ਜਗਤਾਰ ਜੀ ਦੀ ਲਿਖੀ ਗ਼ਜ਼ਲ 'ਹਰ ਮੋੜ ਤੇ ਸਲੀਬਾਂ,ਹਰ ਪੈਰ ਤੇ ਹਨੇਰਾ' ਅਤੇ ਜਗਦੀਸ਼ ਕੁਮਾਰ ਨੇ ਸੁਰਜੀਤ ਪਾਤਰ ਦੀ ਗ਼ਜ਼ਲ ' ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ' ਪੇਸ਼ ਕਰ ਕੇ ਮਾਹੌਲ ਨੂੰ ਸੰਗੀਤਕ ਰੰਗ ਵਿੱਚ ਰੰਗ ਦਿੱਤਾ। ਅਸ਼ੋਕ ਚਿੱਤਰਕਾਰ ਜੀ ਨੇ 'ਮੈਂ ਹੋਸ਼ ਮੇਂ ਥਾ ਤੋਂ ਅਪਣੇ ਘਰ ਗਿਆ ਕੈਸੇ ' ਪੇਸ਼ ਕਰਕੇ ਸਮੁੱਚੇ ਮਾਹੌਲ ਨੂੰ ਗ਼ਜ਼ਲਨੁਮਾ ਰੰਗ ਵਿੱਚ ਰੰਗ ਦਿੱਤਾ ।ਮੰਗਲਦੀਪ ਨੇ 'ਮਾਂ ' 'ਤੇ ਲਿਖਿਆ ਆਪਣਾ ਗੀਤ ਗਾ ਕੇ ਵੀ ਖ਼ੂਬ ਵਾਹ ਵਾਹ ਖੱਟੀ। ਗ਼ਜ਼ਲਾਂ ਦੇ ਮੁਸ਼ਾਇਰੇ ਦੇ ਦੌਰ ਵਿੱਚ ਡਾ. ਗੁਰਚਰਨ ਗਾਂਧੀ , ਡਾ. ਅਸ਼ੋਕ ਹਸਤੀਰ,ਮਮਤਾ ਅੱਤਰੀ,ਪਿੰ. ਸੁਖਵਿੰਦਰ ਸਿੰਘ ਨੂਰ, ਬਲਵਿੰਦਰ ਬਾਲਮ, ਰਾਜ਼ ਗੁਰਦਾਸਪੁਰੀ, ਅਸ਼ੋਕ ਚਿੱਤਰਕਾਰ, ਸੈਲੀ ਬਲਜੀਤ, ਯਸ਼ ਪਾਲ ਮਿਤਵਾ,ਐਡਵੋਕੇਟ ਰਣਬੀਰ ਆਕਾਸ਼,ਰਮਨੀ ਸੁਜਾਨਪੁਰੀ, ਪ੍ਰੋ.ਰੇਖਾ ,ਪ੍ਰੋ਼ ਰੇਨੂ , ਮਾਸਟਰ ਵਿਜੈ ਕੁਮਾਰ, ਰਵੀ ਕੁਮਾਰ ਮੰਗਲਾ, ਭੁਪਿੰਦਰ ਸਿੰਘ,ਸਨੇਹ ਸਰਿਤਾ,ਪਾਲ ਗੁਰਦਾਸਪੁਰੀ ਨੇ ਆਪਣੇ ਆਪਣੇ ਕਲਾਮ ਕਹਿ ਕੇ ਭਰਪੂਰ ਆਨੰਦਿਤ ਕੀਤਾ। ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ 'ਚੋਂ ਸੈਲੀ ਬਲਜੀਤ,ਡਾ. ਗੁਰਚਰਨ ਗਾਂਧੀ, ਰਾਜ਼ ਗੁਰਦਾਸਪੁਰੀ,ਸਰਬਜੀਤ ਚਾਹਲ ਨੂੰ ਇੱਕ ਇਕ ਗਮਲਾ ਅਤੇ ਪੁਸਤਕਾਂ ਦਾ ਸੈੱਟ ਦੇ ਕੇ ਜ਼ਿਲ੍ਹਾ ਭਾਸ਼ਾ ਦਫ਼ਤਰ , ਗੁਰਦਾਸਪੁਰ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਜਨਾਬ ਪਾਲ ਗੁਰਦਾਸਪੁਰੀ ਨੂੰ ਗ਼ਜ਼ਲ ਵਰਕਸ਼ਾਪ ਵਿੱਚ ਯੋਗਦਾਨ ਪਾਉਣ ਸਦਕਾ ਅਤੇ ਵਰਕਸ਼ਾਪ ਨੂੰ ਸਫ਼ਲ ਬਣਾਉਣ ਕਰਕੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਅਸ਼ੋਕ ਚਿੱਤਰਕਾਰ ਜੀ ਵੱਲੋਂ ਨਿਭਾਈ ਗਈ ਮੰਚ ਸੰਚਾਲਕ ਦੀ ਭੂਮਿਕਾ ਬਹੁਤ ਕਮਾਲ ਦੀ ਰਹੀ।
ਜੁਗਲ ਕਿਸ਼ੋਰ ਪੰਗੋਤਰਾ ਨੇ ਜੇਰੇ ਇਲਾਜ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਡਾ . ਸੁਰੇਸ਼ ਮਹਿਤਾ ਜੀ ਦਾ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ। ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਦੇ ਕਰਮਚਾਰੀ ਸ਼ਾਮ ਸਿੰਘ, ਨੌਜਵਾਨ ਸ਼ਾਇਰ ਜੁਗਲ ਕਿਸ਼ੋਰ ਪੰਗੋਤਰਾ ਤੇ ਰੰਗਕਰਮ ਨਾਲ ਜੁੜੀਆਂ ਅਦਾਕਾਰਾਂ ਸਿਮਰਨ ਤੇ ਪੂਨਮ ਦੀ ਅਣਥੱਕ ਮਿਹਨਤ ਤੇ ਸੇਵਾਵਾਂ ਕਾਰਨ ਇਸ ਵਰਕਸ਼ਾਪ ਨੇ ਕਾਮਯਾਬੀ ਦੀਆਂ ਸਿਖਰਾਂ ਛੁਹ ਲਈਆ।