ਤਰਨ ਤਾਰਨ: ਫਾਇਰਿੰਗ ਦੀ ਘਟਨਾ: ਗੈਂਗਸਟਰ ਜੈਸਲ ਵੱਲੋਂ 50 ਲੱਖ ਦੀ ਫਿਰੌਤੀ ਦੀ ਮੰਗ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਤਰਨ ਤਾਰਨ, 15 ਅਪ੍ਰੈਲ (ਬਲਜੀਤ ਸਿੰਘ) : ਤਰਨ ਤਾਰਨ ਵਿਖੇ ਬੀਤੀ ਰਾਤ ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਬਾਈਪਾਸ 'ਤੇ ਸਥਿਤ ਗਣੇਸ਼ ਡੇਰੀ 'ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ। ਇਹ ਘਟਨਾ ਡੇਰੀ ਦੇ ਮਾਲਕ ਸ਼ਿਵ ਕੁਮਾਰ ਦੀ ਫਿਰੌਤੀ ਨਾ ਦੇਣ ਕਾਰਨ ਵਾਪਰੀ ਹੈ।
ਸ਼ਿਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਅਣਜਾਣ ਨੰਬਰਾਂ ਤੋਂ ਫਿਰੌਤੀ ਲਈ ਕਾਲਾਂ ਆ ਰਹੀਆਂ ਸਨ। ਗੈਂਗਸਟਰ ਜੈਸਲ ਵੱਲੋਂ ਹਰ ਰੋਜ਼ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਕਈ ਵਾਰੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ, ਪਰ ਅਜੇ ਤੱਕ ਨਾ ਤਾਂ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸੁਰੱਖਿਆ ਪ੍ਰਦਾਨ ਕੀਤੀ ਗਈ।
ਸ਼ਿਵ ਕੁਮਾਰ ਨੇ ਦੱਸਿਆ ਕਿ ਜਦ ਉਹਨਾਂ ਵੱਲੋਂ ਫਿਰੌਤੀ ਦੀ ਰਕਮ ਨਾ ਦਿੱਤੀ ਗਈ, ਤਾਂ ਬੀਤੀ ਰਾਤ ਤਿੰਨ ਨਕਾਬਪੋਸ਼ ਹਥਿਆਰਬੰਦ ਅਣਜਾਣ ਵਿਅਕਤੀ ਡੇਰੀ ਤੇ ਆਏ ਅਤੇ ਬੇਧੜਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਤਰ੍ਹਾਂ ਉਨ੍ਹਾਂ ਨੇ ਆਪਣੀ ਜਾਨ ਬਚਾਈ।
ਘਟਨਾ ਦੀ ਪੂਰੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਥਾਣਾ ਸਿਟੀ ਤਰਨ ਤਾਰਨ ਦੇ ਐਸਐਚਓ ਅਵਤਾਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਰਿਕਾਰਡਿੰਗ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਡੇਰੀ ਮਾਲਕ ਸ਼ਿਵ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਐਸਐਚਓ ਅਵਤਾਰ ਸਿੰਘ ਨੇ ਭਰੋਸਾ ਦਿੱਤਾ ਕਿ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ।