Punjab News: ਹੁਣ ਚਿੱਟਾ ਨਹੀਂ... ਇਸ ਘਰੋਂ 'ਚ ਬੱਚੇ ਕਰਨਗੇ ਕਲੋਲਾਂ..! ਪੜ੍ਹੋ ਪੂਰੀ ਖ਼ਬਰ
ਚਿੱਟੇ ਦੇ ਕੇਸ 'ਚ ਨੋਟਿਸ ਲਾਏ ਘਰ ਨੂੰ ਕੀਤਾ ਆਂਗਣਵਾੜੀ 'ਚ ਤਬਦੀਲ
ਗਰੀਬ ਪਰਿਵਾਰ ਨੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਨੂੰ ਘਰ ਵਾਪਸ ਕਰਨ ਦੀ ਕੀਤੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ, 16 ਅਪ੍ਰੈਲ 2025- ਪੰਜਾਬ ਸਰਕਾਰ ਦਾ ਨਸ਼ਾ ਤਸਕਰਾਂ ਦੇ ਖਿਲਾਫ਼ ਸਖ਼ਤ ਐਕਸ਼ਨ ਜਾਰੀ ਹੈ। ਪੁਲਿਸ ਪ੍ਰਸਾਸ਼ਨ ਦੇ ਵਲੋਂ ਗੁਰਦਾਸਪੁਰ ਦੇ ਇਕ ਘਰ ਨੂੰ ਚਿੱਟੇ ਵਾਲਾ ਘਰ ਕਹਿ ਕੇ, ਉੱਥੇ ਨੋਟਿਸ ਚਿਪਕਾਉਂਦੇ ਹੋਏ, ਉਹਨੂੰ ਕੁਰਕ ਕਰ ਦਿੱਤਾ ਸੀ, ਪਰ ਹੁਣ ਖ਼ਬਰ ਇਹ ਹੈ ਕਿ ਉਕਤ ਚਿੱਟੇ ਵਾਲੇ ਘਰ ਤੋਂ ਚਿੱਟਾ ਨਹੀਂ, ਬਲਕਿ ਵਿੱਦਿਆ ਦਾ ਸਾਗਰ ਵਹੇਗਾ।
ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਸ਼ਮਸ਼ੇਰਪੁਰ ਵਿੱਚ ਇੱਕ ਵਿਅਕਤੀ ਦੇ ਉੱਪਰ ਐਨਡੀਪੀਐਸ ਦੇ ਮਾਮਲੇ ਦਰਜ ਸਨ ਤੇ ਜਿਸ ਦੇ ਘਰ ਨੂੰ ਪੰਚਾਇਤ ਦੀ ਸ਼ਾਮਲਾਟ ਜਗਹਾ ਉੱਪਰ ਨਜਾਇਜ਼ ਉਸਾਰੀ ਹੋਣ ਦੇ ਚਲਦੇ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਸੀ ਤੇ ਹੁਣ ਉਸੇ ਘਰ ਵਿੱਚ ਰਹਿੰਦੇ ਦੋ ਬਜ਼ੁਰਗਾਂ ਅਤੇ ਦੋ ਛੋਟੇ ਬੱਚਿਆਂ ਨੂੰ ਬਾਹਰ ਕੱਢ ਕੇ ਆਂਗਣਵਾੜੀ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਹੈ ਤੋ ਜਿਸ ਨੂੰ ਲੈ ਕੇ ਹੁਣ ਉਹ ਗਰੀਬ ਪਰਿਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਬਜ਼ੁਰਗਾਂ ਅਤੇ ਦੋ ਛੋਟੇ ਬੱਚਿਆਂ ਦਾ ਹਵਾਲਾ ਦੇ ਕੇ ਘਰ ਵਾਪਸ ਕਰਨ ਦੀ ਗੁਹਾਰ ਲਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਰਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਪਿਤਾ ਰਾਮਪਾਲ ਸਿੰਘ ਦੇ ਉੱਪਰ ਦੋ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਸਨ ਤੇ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਸਾਡੇ ਘਰ ਦੀ ਕੰਧ ਉੱਪਰ ਪੰਚਾਇਤ ਦੀ ਸ਼ਾਮਲਾਟ ਜਮੀਨ ਉੱਪਰ ਨਜਾਇਜ਼ ਉਸਾਰੀ ਦਾ ਨੋਟਿਸ ਲਗਾ ਦਿੱਤਾ ਗਿਆ ਤੇ ਕੁਝ ਦਿਨ ਬਾਅਦ ਹੀ ਮੇਰੇ ਬਜ਼ੁਰਗ ਦਾਦਾ ਦਾਦੀ ਅਤੇ ਦੋ ਛੋਟੇ ਬੱਚੇ ਨੂੰ ਪ੍ਰਸ਼ਾਸਨ ਨੇ ਬਾਹਰ ਕੱਢ ਕੇ ਆਂਗਣਵਾੜੀ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਹੁਣ ਮੇਰੇ ਦੋ ਛੋਟੇ ਭਰਾ ਅਤੇ ਦਾਦਾ ਦਾਦੀ ਖੁੱਲ੍ਹੇ ਅਸਮਾਨ ਹੇਠਾਂ ਭੁੱਖੇ ਭਾਣੇ ਸੌ ਰਹੇ ਹਨ।
ਉਸਨੇ ਦੱਸਿਆ ਕਿ ਭਾਵੇਂ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉਹ ਸ਼ਾਮਲਾਟ ਜਮੀਨ ਹੈ ਤੇ ਸਾਡੇ ਤੋਂ ਇਲਾਵਾ ਹੋਰ ਕਈ ਲੋਕ ਵੀ ਸ਼ਾਮਲਾਟ ਜਮੀਨ ਉੱਪਰ ਆਪਣੇ ਘਰ ਬਣਾ ਕੇ ਬੈਠੇ ਹਨ।ਉਹਨਾਂ ਦੱਸਿਆ ਕਿ ਇਹ ਘਰ ਅਸੀਂ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਤੇ ਡੇਲੀ ਬੇਸ ਤੇ ਵਿਆਜੀ ਪੇਸੇ ਲੈ ਕੇ ਘਰ ਪਾਇਆ ਹੈ ਉਹਨਾਂ ਕਿਹਾ ਕਿ ਮੇਰੇ ਪਿਤਾ ਨਸ਼ੇੜੀ ਹਨ ਪਰ ਉਹ ਚਿੱਟਾ ਵੇਚਣ ਦਾ ਕੋਈ ਵੀ ਕਾਰੋਬਾਰ ਨਹੀਂ ਕਰਦੇ।
ਇਸ ਮੌਕੇ ਉਹਨਾਂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਪੂਰਜੋਰ ਮੰਗ ਕੀਤੀ ਹੈ ਕਿ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਤੇ ਰਹਿਮ ਕਰਦੇ ਹੋਏ ਸਾਡਾ ਘਰ ਸਾਨੂੰ ਵਾਪਸ ਕੀਤਾ ਜਾਵੇ। ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੇੜੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਇਸ ਘਰ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ । ਅਗਰ ਜੇਕਰ ਸਰਕਾਰ ਇਹਨਾਂ ਤੇ ਰਹਿਮ ਕਰਦੀ ਹੈ ਤਾਂ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ।