ਡੀ.ਏ.ਵੀ ਕਾਲਜ ਐਜੂਕੇਸ਼ਨ ਅਬੋਹਰ ਵਿਖੇ ‘ਵਿਚਾਰ ਚਰਚਾ’
ਫਾਜ਼ਿਲਕਾ, 20 ਜਨਵਰੀ 2025 :
ਪਾਠਕ ਮੰਚ ਸ਼ਬਦ ਸੰਗਤ ਲੜੀ ਤਹਿਤ ਦੂਜੇ ਸਮਾਗਮ ਵਿੱਚ ਪਾਲੀ ਭੁਪਿੰਦਰ ਸਿੰਘ ਦੇ ਨਾਟਕ 'ਦਿੱਲੀ ਰੋਡ 'ਤੇ ਇੱਕ ਹਾਦਸਾ' ਨਾਟਕ ਉੱਪਰ ਡੀ.ਏ.ਵੀ ਕਾਲਜ ਐਜੂਕੇਸ਼ਨ ਅਬੋਹਰ ਵਿਖੇ ‘ਵਿਚਾਰ ਚਰਚਾ’ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਵਿਜੈ ਗਰੋਵਰ ਨੇ ਪ੍ਰਬੰਧਕਾਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।
ਜ਼ਿਲਾ ਭਾਸ਼ਾ ਅਫਸਰ, ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਸਾਰਿਆਂ ਨੂੰ ‘ਜੀ ਆਇਆਂ ਨੂੰ’ ਆਖਿਆ ਤੇ ਕਿਹਾ ਕਿ ਪਾਲੀ ਭੁਪਿੰਦਰ ਸਿੰਘ ਪੰਜਾਬੀ ਨਾਟ ਖੇਤਰ ਦਾ ਨਾਮਵਰ ਨਾਟਕਕਾਰ ਹੈ ਤੇ ਉਸ ਦੇ ਇਸ ਨਾਟਕ ਦਾ ਮੰਚੀ ਪੱਖ ਠੋਸ ਹੈ। ਨਾਟ ਪਾਠ ਬਾਰੇ ਪ੍ਰੋਫੈਸਰ ਓਂਕਾਰ ਚਹਿਲ,ਸ. ਰਵਿੰਦਰ ਗਿੱਲ ਤੇ ਸ਼੍ਰੀ ਪ੍ਰੇਮ ਸਿਡਾਣਾ ਨੇ ਕਿਹਾ ਕਿ ਇਸ ਦਾ ਵਿਸ਼ਾ ਬਹੁਤ ਬਹੁਪਾਸਾਰੀ, ਬਹੁਭਾਂਤੀ ਅਤੇ ਪਾਤਰ ਯੋਜਨਾ ਬਾਕਮਾਲ ਹੈ। ਅਭੀਜੀਤ ਵਧਵਾ ਅਤੇ ਪ੍ਰੋ. ਕਸ਼ਮੀਰ ਲੂਣਾ ਨੇ ਨਾਟਕ ਦੀ ਨਾਟਕੀਅਤਾ ਦੇ ਮੁੱਖ ਬਿੰਦੂ ਬਾਰੇ ਵਿਚਾਰ ਚਰਚਾ ਕੀਤੀ। ਸੰਜੀਵ ਗਿਲਹੋਤਰਾ ਨੇ ਨਾਟਕ ਦੀ ਡੂੰਘਾਈ ’ਚ ਜਾਂਦਿਆਂ ਇਸ ਨੂੰ ਰਮਾਇਣ ਦੇ ਕਥਾ ਪਾਠ ਨਾਲ ਤੁਲਨਾਇਆ।
ਡਾ. ਗੌਰਵ ਵਿੱਜ ਨੇ ‘ਦਿੱਲੀ ਰੋਡ ’ਤੇ ਇੱਕ ਹਾਦਸਾ’ ਨਾਲ ਦੇ ਮੰਚੀ ਪੇਸ਼ਕਾਰੀ ਸਬੰਧੀ ਅਨੁਭਵ ਸਾਂਝੇ ਕੀਤੇ ਅਤੇ ਵਿਕਾਸ ਬਤਰਾ ਨੇ ਮੰਚੀ ਪੱਖ ਦੀਆਂ ਪਰਤਾਂ ਫਰੋਲਦਿਆਂ ਸੰਵਾਦ ਯੋਜਨਾ ਨਾਲ ਜੁੜੇ ਅਹਿਮ ਨੁਕਤੇ ਵਿਚਾਰੇ। ਪ੍ਰੋਗਰਾਮ ਕਨਵੀਨਰ ਵਿਜੈਅੰਤ ਜੁਨੇਜਾ ਨੇ ਰਾਜਸੀ ਪ੍ਰਸੰਗ ਵਿੱਚ ਪ੍ਰਤੀਕਰਮ ਦਿੱਤਾ। ਸਮਾਗਮ ਦੇ ਮੁੱਖ ਵਕਤਾ ਅਤੇ ਪ੍ਰਧਾਨਗੀ ਭਾਸ਼ਣ ਵਜੋਂ ਡਾ.ਇਕਬਾਲ ਸਿੰਘ ਗੋਦਾਰਾ ਨੇ ਕਿਹਾ ਕਿ ਇਸ ਨਾਟਕ ਦਾ ਨਾਟ ਪਾਠ, ਪੁਨਰ ਪਾਠ ਦੀ ਮੰਗ ਕਰਦਾ ਹੈ। ਇਸ ਦੇ ਮਨੋਵਿਗਿਆਨਿਕ ਪਸਾਰਾ ਨੂੰ ਸਮਝਣਾ ਲਾਜ਼ਮੀ ਹੈ । ਸਮਾਗਮ ਦੇ ਸੂਤਰਧਾਰ ਡਾ. ਚੰਦਰ ਪ੍ਰਕਾਸ਼ ਨੇ ਨਾਟ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਦੇ ਰਾਜਸੀ ਪ੍ਰਵਚਨ ਵਿੱਚ ਮਿੱਥ ਦੇ ਉਲਟਾਉ ਨੂੰ ਵਿਭਿੰਨ ਨਾਟ ਵਿਧੀਆਂ ਅਧੀਨ ਵਾਚਿਆ ਜਾ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਰਾਜਨ ਗਰੋਵਰ ਸੁਰਿੰਦਰ ਸਿੰਘ, ਕੁਲਜੀਤ ਭੱਟੀ ਤੇ ਗੁਲਜਿੰਦਰ ਕੌਰ ਨੇ ਵੀ ਇਸ ਵਿਚਾਰ ਚਰਚਾ ਵਿੱਚ ਸ਼ਮੂਲੀਅਤ ਕੀਤੀ।