ਨਸ਼ਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਮੋਹਾਲੀ ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ
13 ਕਿਲੋ ਅਫੀਮ ਸਮੇਤ ਇੱਕ ਦੋਸ਼ੀ ਗ੍ਰਿਫਤਾਰ
ਐਸ.ਏ.ਐਸ.ਨਗਰ, 03 ਮਾਰਚ, 2025: ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਐਸ.ਏ.ਐਸ.ਨਗਰ ਪੁਲਿਸ ਨੇ ਸਪਲਾਈ ਚੇਨ ਨੂੰ ਤੋੜਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ ਥਾਣਾ ਜ਼ੀਰਕਪੁਰ ਦੀ ਹਦੂਦ ਅੰਦਰ ਇੱਕ ਨਸ਼ਾ ਤਸਕਰ ਨੂੰ 13 ਕਿਲੋ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਦੀਪਕ ਪਾਰੀਕ, ਆਈ ਪੀ ਐਸ ਨੇ ਦੱਸਿਆ ਕਿ 02 ਮਾਰਚ, 2025 ਨੂੰ ਇੱਕ ਗੁਪਤ ਸੂਚਨਾ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਮਨਪ੍ਰੀਤ ਸਿੰਘ ਪੀ ਪੀ ਐਸ, ਐਸ ਪੀ (ਦਿਹਾਤੀ), ਐਸ ਏ ਐਸ ਨਗਰ, ਅਤੇ ਜਸਪਿੰਦਰ ਸਿੰਘ ਗਿੱਲ ਪੀ ਪੀ ਐਸ, ਡੀ ਐਸ ਪੀ, ਸਬ ਡਵੀਜ਼ਨ ਜ਼ੀਰਕਪੁਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਕਾਰਵਾਈ ਨੂੰ ਥਾਣਾ ਜ਼ੀਰਕਪੁਰ ਦੇ ਐਸ ਐਚ ਓ ਇੰਸਪੈਕਟਰ ਜਸਕਮਲ ਸਿੰਘ ਸੇਖੋਂ ਅਤੇ ਸੀ ਆਈ ਏ ਸਟਾਫ਼ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਅੰਜਾਮ ਦਿੱਤਾ। ਪੁਲਿਸ ਨੇ ਥਾਣਾ ਜ਼ੀਰਕਪੁਰ ਵਿਖੇ ਧਾਰਾ 18-61-85 ਐਨ ਡੀ ਪੀ ਐਸ ਐਕਟ ਅਤੇ 111 ਬੀ ਐਨ ਐਸ ਤਹਿਤ ਐਫ ਆਈ ਆਰ ਨੰਬਰ 103 ਦਰਜ ਕਰਕੇ ਮੁਲਜ਼ਮ ਨੂੰ ਪੀ ਬੀ-65-ਬੀ ਜੇ-9095 (ਮਾਰੂਤੀ ਸਿਆਜ਼) ਰਜਿਸਟ੍ਰੇਸ਼ਨ ਨੰਬਰ ਵਾਲੀ ਗੱਡੀ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਅਨੁਸਾਰ ਪਾਬੰਦੀਸ਼ੁਦਾ ਨਸ਼ਾ ਝਾਰਖੰਡ ਤੋਂ ਲਿਆਂਦਾ ਗਿਆ ਸੀ।
ਐਸ.ਐਸ.ਪੀ ਦਫ਼ਤਰ, ਐਸ.ਏ.ਐਸ.ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਫੜੇ ਗਏ ਮੁਲਜ਼ਮ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਡੀ.ਐਸ.ਪੀ ਜ਼ੀਰਕਪੁਰ ਜਸਪਿੰਦਰ ਸਿੰਘ ਦੀ ਮੌਜੂਦਗੀ ਵਿੱਚ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਲਲਚੀਆਂ, ਥਾਣਾ ਲੱਖੋ ਕੇ ਬਹਿਰਾਮ, ਤਹਿਸੀਲ ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਪਾਸੋਂ 13 ਕਿਲੋਗ੍ਰਾਮ ਅਫ਼ੀਮ ਮਾਰੂਤੀ ਸਿਆਜ਼ PB-65-BJ-9095 ਨੂੰ ਚੋਂ ਬਰਾਮਦ ਹੋਈ।
ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਤੇ ਇਸ ਤੋਂ ਪਹਿਲਾਂ ਹੇਠ ਲਿਖੇ ਅਪਰਾਧਿਕ ਕੇਸ ਦਰਜ ਹਨ:
1. ਐਫ.ਆਈ.ਆਰ ਨੰ: 88, ਮਿਤੀ 06-04-2022, ਧਾਰਾ 307 ਆਈ.ਪੀ.ਸੀ. ਅਧੀਨ, ਥਾਣਾ ਸਿਟੀ, ਫਰੀਦਕੋਟ।
2. ਐਫ.ਆਈ.ਆਰ ਨੰਬਰ 109, ਮਿਤੀ 12-09-2023, ਐਨ.ਡੀ.ਪੀ.ਐਸ. ਐਕਟ ਦੀ ਧਾਰਾ 18, 29, 85 ਅਧੀਨ, ਥਾਣਾ ਅਰਨੀਵਾਲਾ, ਜਿਲਾ ਫਾਜ਼ਿਲਕਾ।
3. ਐਫ ਆਈ ਆਰ ਨੰਬਰ 160, ਮਿਤੀ 20-10-2023, ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 22, 85 ਅਧੀਨ, ਥਾਣਾ ਅਰਨੀਵਾਲਾ, ਜਿਲਾ ਫਾਜ਼ਿਲਕਾ।
ਦੋਸ਼ੀ ਨੂੰ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਡਰੱਗ ਸਪਲਾਈ ਚੇਨ ਦੇ ਹੋਰ ਸਬੰਧਾਂ ਦਾ ਪਤਾ ਕਰਨ ਲਈ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਸ.ਏ.ਐਸ.ਨਗਰ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਕਾਰਵਾਈ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਗ੍ਰਿਫਤਾਰੀ ਤੋਂ ਇਲਾਵਾ ਮੁਹਾਲੀ ਪੁਲਿਸ ਵੱਲੋਂ ਵੱਖ-ਵੱਖ ਠਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹਾਲ ਹੀ ਦੇ ਦਿਨਾਂ ਵਿੱਚ, ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ਕਈ ਗ੍ਰਿਫਤਾਰੀਆਂ ਹੋਈਆਂ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਇਸ ਆਪ੍ਰੇਸ਼ਨ ਨੂੰ ਜਾਰੀ ਰੱਖਦੇ ਹੋਏ ਅੱਜ ਨਸ਼ਾ ਤਸਕਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਨਾਲ ਪੰਜ ਹੋਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ।
ਐਸ ਪੀ ਮਨਪ੍ਰੀਤ ਸਿੰਘ ਨੇ ਇਸ ਮੌਕੇ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਯਕੀਨੀ ਬਣਾਉਣ ਲਈ ਵਚਨਬੱਧਤਾ ਦੁਹਰਾਈ।