ਪੰਜਾਬ ਦੀਆਂ ਤਹਿਸੀਲਾਂ ’ਚ ਕੰਮਕਾਜ ਠੱਪ; ਸਮੂਹਿਕ ਹੜਤਾਲ ’ਤੇ ਰੈਵੀਨਿਊ ਅਫ਼ਸਰ
ਚੰਡੀਗੜ੍ਹ, 3 ਮਾਰਚ 2025- ਪੰਜਾਬ ਭਰ ’ਚ ਤਹਿਸੀਲਾਂ ਦਾ ਕੰਮਕਾਜ ਠੱਪ ਹੋ ਗਿਆ ਹੈ। ਕਿਉਂਕਿ ਪੰਜਾਬ ਭਰ ’ਚ ਰੈਵੀਨਿਊ ਅਫਸਰ ਵੱਲੋਂ ਸਮੂਹਿਕ ਹੜਤਾਲ ਕੀਤੀ ਗਈ ਹੈ। ਇਸ ਸਬੰਧੀ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਵਿਭਾਗ ਵੱਲੋਂ ਲੁਧਿਆਣਾ ਵਿਖੇ ਤਹਿਸੀਲਦਾਰ ਅਤੇ ਉਸ ਨਾਲ ਕੰਮ ਕਰਦੇ ਹੋਰ ਕਰਮਚਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਅਤੇ ਪੰਜਾਬ ਵਿੱਚ ਹੋਰ ਵੀ ਕਈਂ ਥਾਵਾਂ ’ਤੇ ਵਿਜੀਲੈਂਸ ਵਿਭਾਗ ਵੱਲੋਂ ਤਹਿਸੀਲਦਾਰਾਂ ਅਤੇ ਉਨ੍ਹਾਂ ਨਾਲ ਕੰਮ ਕਰਦੇ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।
ਤਹਿਸੀਲਦਾਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਸੀਂ ਵਿਜੀਲੈਂਸ ਦੀ ਬੇਲੋੜੀ ਦਖਲਅੰਦਾਜ਼ੀ ਤੋਂ ਪਰੇਸ਼ਾਨ ਹਾਂ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਥੀਆਂ ਖਿਲਾਫ ਹੋ ਰਹੀ ਵਿਜੀਲੈਂਸ ਦੀ ਗਲਤ ਕਾਰਵਾਈ ਨੂੰ ਪੰਜਾਬ ਸਰਕਾਰ ਬੰਦ ਰਹੇ।
ਹੜਤਾਲ ਤੋਂ ਬਾਅਦ ਗੁਰਦਾਸਪੁਰ ਦੀ ਤਹਿਸੀਲ ਅੰਦਰ ਤਹਿਸੀਲਦਾਰ ਹੜਤਾਲ ’ਤੇ ਹੋਣ ਕਾਰਨ ਸਨਾਟਾ ਪਸਰਿਆ ਹੋਇਆ ਹੈ ਅਤੇ ਲੋਕਾਂ ਦੇ ਕੰਮ ਅਤੇ ਰਜਿਸਟਰੀਆਂ ਨਹੀਂ ਹੋ ਰਹੀਆਂ ਹਨ। ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।